ਗਣਤੰਤਰ ਦਿਵਸ ਪਰੇਡ ਰਾਹੀਂ ਸਭਿਆਚਾਰਕ ਵਿਭਿੰਨਤਾ ਦਰਸਾਈ

ਦੇਸ਼ ਦੇ 70ਵੇਂ ਗਣਤੰਤਰ ਦਿਵਸ ਮੌਕੇ ਰਾਜਪਥ ’ਤੇ ਕੀਤੀ ਗਈ ਸ਼ਾਨਦਾਰ ਪਰੇਡ ਵਿੱਚ ਜਲ੍ਹਿਆਂਵਾਲਾ ਬਾਗ ਦੀ ਝਾਕੀ ਤੋਂ ਇਲਾਵਾ ਇਤਿਹਾਸ ਦੀ ਪ੍ਰਦਰਸ਼ਨੀ, ਸਭਿਆਚਾਰਕ ਵਿਭਿੰਨਤਾ ਦੀਆਂ ਝਾਕੀਆਂ ਅਤੇ ਦੇਸ਼ ਦੀ ਫ਼ੌਜੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧੀ ਕੌਮੀ ਪੱਧਰੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਾਇਿਰਲ ਰਾਮਫੋਸਾ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਤੋਂ ਇਲਾਵਾ ਵੱਡੀ ਗਿਣਤੀ ਵਿਦੇਸ਼ੀ ਸ਼ਖ਼ਸੀਅਤਾਂ, ਦੇਸ਼ ਦੇ ਉੱਘੇ ਸਿਆਸੀ ਆਗੂਆਂ ਤੇ ਸੀਨੀਅਰ ਅਧਿਕਾਰੀਆਂ ਸਣੇ ਹਜ਼ਾਰਾਂ ਦਰਸ਼ਕਾਂ ਨੇ ਇਸ ਸਮਾਰੋਹ ਦਾ ਆਨੰਦ ਮਾਣਿਆ। ਵੱਖ ਵੱਖ ਰਾਜਾਂ ਤੇ ਯੂਟੀਜ਼ ਦੀਆਂ 16, ਕੇਂਦਰ ਸਰਕਾਰ ਦੇ ਮੰਤਰਾਲਿਆਂ ਤੇ ਵਿਭਾਗਾਂ ਦੀਆਂ ਛੇ ਝਾਕੀਆਂ ਸਣੇ ਕੁੱਲ 22 ਝਾਕੀਆਂ ਸਮਾਰੋਹ ਦੌਰਾਨ ਕੀਤੀ ਗਈ ਸਭਿਅਚਾਰਕ ਪਰੇਡ ਦਾ ਹਿੱਸਾ ਸਨ। ਇਨ੍ਹਾਂ ਸਾਰੀਆਂ ਝਾਕੀਆਂ ਦਾ ਵਿਸ਼ਾ ਮਹਾਤਮਾ ਗਾਂਧੀ ਦੇ ਜੀਵਨ ਤੇ ਆਦਰਸ਼ਾਂ ’ਤੇ ਆਧਾਰਤ ਸੀ। ਮੁੱਖ ਮਹਿਮਾਨ ਸਾਇਰਿਲ ਰਾਮਫੋਸਾ ਦੀ ਹਾਜ਼ਰ ਇਸ ਸਮਾਰੋਹ ’ਚ ਇਸ ਵਾਸਤੇ ਖ਼ਾਸ ਸੀ ਕਿਉਂਕਿ ਭਾਰਤ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ 150ਵਾਂ ਜਨਮ ਦਿਵਸ ਮਨਾ ਰਿਹਾ ਹੈ। ਆਜ਼ਾਦੀ ਦੀ ਜੰਗ ’ਚ ਕੁੱਦਣ ਤੋਂ ਪਹਿਲਾਂ ਮਹਾਤਮਾ ਗਾਂਧੀ ਨੇ 21 ਸਾਲ ਦੱਖਣੀ ਅਫਰੀਕਾ ’ਚ ਬਿਤਾਏ ਸਨ। ਅਤਿਵਾਦੀ ਤੋਂ ਫ਼ੌਜੀ ਬਣਨ ਉਪਰੰਤ ਕਸ਼ਮੀਰ ਦੇ ਸ਼ੋਪੀਆਂ ’ਚ ਅਤਿਵਾਦੀਆਂ ਨਾਲ ਲੜਦੇ ਹੋਏ ਸ਼ਹੀਦ ਹੋਣ ਵਾਲੇ ਲਾਂਸ ਨਾਇਕ ਨਾਜ਼ਿਰ ਅਹਿਮਦ ਵਾਨੀ ਨੂੰ ਮਿਲਿਆ ਸ਼ਾਂਤ ਸਮੇਂ ’ਚ ਮਿਲਣ ਵਾਲਾ ਸਭ ਤੋਂ ਉੱਚੇ ਦਰਜੇ ਦਾ ਬਹਾਦਰ ਪੁਰਸਕਾਰ ‘ਅਸ਼ੋਕ ਚੱਕਰ’ ਸ਼ਹੀਦ ਦੀ ਪਤਨੀ ਮਹਾਜਬੀਨ ਤੇ ਮਾਂ ਰਾਜਾ ਬਾਨੋ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੋਂ ਪ੍ਰਾਪਤ ਕੀਤਾ। ਉਪਰੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੰਡੀਆਂ ਗੇਟ ’ਤੇ ਸਥਿਤ ਅਮਰ ਜਵਾਨ ਜਯੋਤੀ ’ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੇ ਜਾਣ ਤੋਂ ਬਾਅਦ ਗਣਤੰਤਰ ਦਿਵਸ ਪਰੇਡ ਸ਼ੁਰੂ ਹੋਈ। ਕੌਮੀ ਝੰਡਾ ਲਹਿਰਾਏ ਜਾਣ ਤੋਂ ਬਾਅਦ 21 ਤੋਪਾਂ ਦੀ ਸਲਾਮੀ ਨਾਲ ਰਾਸ਼ਟਰ ਗਾਨ ਸ਼ੁਰੂ ਹੋਇਆ। ਇਸ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਪਰੇਡ ’ਚ ਪਹਿਲੀ ਵਾਰ ਭਾਰਤੀ ਫ਼ੌਜ ਤੋਂ ਸੇਵਾਮੁਕਤ ਪਰਮਾਨੰਦ, ਲਾਲਤੀ ਰਾਮ, ਹੀਰਾ ਸਿੰਘ ਤੇ ਭਾਗਮਲ (ਸਾਰੇ 90 ਸਾਲ ਤੋਂ ਉੱਪਰ) ਨੇ ਵੀ ਸ਼ਮੂਲੀਅਤ ਕੀਤੀ। ਇਸ ਦੌਰਾਨ ਵੱਖ ਵੱਖ ਹਥਿਆਰਾਂ ਤੇ ਉਪਕਰਨਾਂ ਰਾਹੀਂ ਜਿੱਥੇ ਦੇਸ਼ ਦੀ ਫ਼ੌਜੀ ਤਾਕਤ ਦਾ ਪ੍ਰਦਰਸ਼ਨ ਕੀਤਾ ਗਿਆ ਉੱਥੇ ਹੀ ਵੱਖ ਵੱਖ ਝਾਕੀਆਂ ਰਾਹੀਂ ਨਾਰੀ ਸ਼ਕਤੀ ਦੀ ਪ੍ਰਦਰਸ਼ਨ ਵੀ ਕੀਤਾ ਗਿਆ। ਅਸਾਮ ਰਾਈਫ਼ਲ ਦੀਆਂ ਮਹਿਲਾ ਜਵਾਨਾਂ ਵੱਲੋਂ ਪਹਿਲੀ ਵਾਰ ਪਰੇਡ ’ਚ ਹਿੱਸਾ ਲਿਆ ਗਿਆ। ਇਸ ਦੌਰਾਨ ਦਿਖਾਈਆਂ ਗਈਆਂ ਵੱਖ ਵੱਖ ਰਾਜਾਂ ਦੀਆਂ ਝਾਕੀਆਂ ’ਚੋਂ ਪੰਜਾਬ ਦੀ ਝਾਕੀ ਜਲ੍ਹਿਆਂਵਾਲਾ ਬਾਗ ’ਤੇ ਆਧਾਰਤ ਸੀ। ਇਸ ਦੌਰਾਨ ਰਾਜਪਥ ’ਤੇ ਅਸਮਾਨ ਉੱਪਰ ਉੱਡਦੇ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ਾਂ ਵੱਲੋਂ ਦਿਖਾਏ ਗਏ ਜ਼ੌਹਰਾਂ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਇਸ ਸਮਾਰੋਹ ’ਚ ਪ੍ਰਧਾਨ ਮੰਤਰੀ ਬਾਲ ਪੁਰਸਕਾਰ ਪ੍ਰਾਪਤ ਕਰਨ ਵਾਲੇ 26 ਬੱਚਿਆਂ ਨੇ ਵੀ ਭਾਗ ਲਿਆ। ਇਸ ਪਰੇਡ ਨੂੰ ਦੇਖਣ ਵਾਲਿਆਂ ’ਚ ਉਪ ਰਾਸ਼ਟਰਪਤੀ ਐਮ ਵੈਂਕੱਈਆ ਨਾਇਡੂ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਤੇ ਹੋਰ ਸਿਆਸੀ ਆਗੂ ਵੀ ਸ਼ਾਮਲ ਸਨ। ਸਮਾਰੋਹ ਦੀ ਸਮਾਪਤੀ ਤੋਂ ਬਾਅਦ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਲੋਕਾਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ।