ਖੱਟਰ ਬਾਰੇ ‘ਝੂਠੀ ਖ਼ਬਰ’ ਸੋਸ਼ਲ ਮੀਡੀਆ ’ਤੇ ਪਾਈ; ‘ਆਪ’ ਦੇ ਕਾਰਕੁਨ ਗਿ੍ਫ਼ਤਾਰ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਹਵਾਲੇ ਨਾਲ ਕਥਿਤ ਤੌਰ ’ਤੇ ਸੋਸ਼ਲ ਮੀਡੀਆ ’ਤੇ ਝੂਠੀਆਂ ਖ਼ਬਰਾਂ ਫੈਲਾਉਣ ਦੇ ਦੋਸ਼ ਹੇਠ ਆਮ ਆਦਮੀ ਪਾਰਟੀ ਦੇ ਦਰਜਨਾਂ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ‘ਆਪ’ ਨੇ ਦੋਸ਼ ਲਾਇਆ ਹੈ ਕਿ ਹਰਿਆਣਾ ਵਿਚ ਭਾਜਪਾ ਨੇ ਜੰਗਲ ਰਾਜ ਵਰਗਾ ਮਾਹੌਲ ਕਾਇਮ ਕੀਤਾ ਹੋਇਆ ਹੈ।
ਰਾਜ ਵਿਚ ਹਾਲ ਹੀ ਵਿਚ ਹੋਈਆਂ ਮਿਉਂਸਿਪਲ ਚੋਣਾਂ ਦੌਰਾਨ ਮੀਡੀਆ ਵਿਚ ਕੁਝ ਖ਼ਬਰਾਂ ਆਈਆਂ ਸਨ ਜਿਨ੍ਹਾਂ ਵਿਚ ਖੱਟਰ ਦੇ ਹਵਾਲੇ ਨਾਲ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਪਾਰਟੀ ਨੂੰ ਇਸ ਕਰ ਕੇ ਵੋਟਾਂ ਪਾਈਆਂ ਜਾਣ ਕਿਉਂਕਿ ਉਹ ਖੱਟਰ ਪੰਜਾਬੀ ਭਾਈਚਾਰੇ ਨਾਲ ਸਬੰਧ ਰੱਖਦੇ ਹਨ।
ਹਰਿਆਣਾ ਦੇ ਅਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲੀਸ ਮੁਹੰਮਦ ਅਕੀਲ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਹਵਾਲੇ ਨਾਲ ਝੂੂਠੀਆਂ ਖਬਰਾਂ ਸਰਕੁਲੇਟ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਤਿੰਨ ਵਿਅਕਤੀਆਂ ਵਿਚ ਆਪ ਦੇ ਸੋਸ਼ਲ ਮੀਡੀਆ ਇੰਚਾਰਜ ਹਰਪਾਲ ਕ੍ਰਾਂਤੀ ਅਤੇ ਸੰਜੀਵ ਜਾਖੜ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਹ ਗ੍ਰਿਫ਼ਤਾਰੀਆਂ ਸ਼ੁੱਕਰਵਾਰ ਨੂੰ ਭਾਜਪਾ ਵਲੋਂ ਇਹ ਸ਼ਿਕਾਇਤ ਦੇਣ ਤੋਂ ਬਾਅਦ ਆਈਟੀ ਐਕਟ ਤਹਿਤ ਕੀਤੀਆਂ ਗਈਆਂ ਹਨ ਕਿ ਕੁਝ ਵਿਅਕਤੀਆਂ ਵਲੋਂ ਕਥਿਤ ਤੌਰ ’ਤੇ ਝੂਠੀਆਂ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ। ਆਪ ਨੇ ਦਾਅਵਾ ਕੀਤਾ ਹੈ ਕਿ ਹਰਿਆਣਾ ਪੁਲੀਸ ਵਲੋਂ ਵੱਖ ਵੱਖ ਥਾਵਾਂ ਤੋਂ ਪਾਰਟੀ ਦੇ ਕਰੀਬ 70 ਕਾਰਕੁਨਾਂ ਨੂੰ ਚੁੱਕਿਆ ਗਿਆ ਹੈ। ਆਪ ਦੀ ਹਰਿਆਣਾ ਇਕਾਈ ਦੇ ਪ੍ਰਧਾਨ ਨਵੀਨ ਜੈਹਿੰਦ ਨੇ ਆਖਿਆ ‘‘ ਇਹ ਲੋਕਤੰਤਰ ਨਹੀਂ ਸਗੋਂ ਜੰਗਲ ਰਾਜ ਹੈ।’’