ਖਹਿਰਾ ਨੇ ‘ਪੰਜਾਬ ਏਕਤਾ’ ਪਾਰਟੀ ਬਣਾਈ

ਆਮ ਆਦਮੀ ਪਾਰਟੀ (ਆਪ) ਤੋਂ ਅਸਤੀਫ਼ਾ ਦੇ ਚੁੱਕੇ ਸੁਖਪਾਲ ਸਿੰਘ ਖਹਿਰਾ ਨੇ ਅਕਾਲੀ ਦਲ, ਕਾਂਗਰਸ ਅਤੇ ‘ਆਪ’ ਵਿਚ ਲੰਮਾ ਸਮਾਂ ਸਿਆਸਤ ਕਰਨ ਤੋਂ ਬਾਅਦ ਅੱਜ ਆਪਣੀ ਨਵੀਂ ‘ਪੰਜਾਬ ਏਕਤਾ’ ਪਾਰਟੀ ਬਣਾ ਲਈ। ਉਨ੍ਹਾਂ ਪੰਜਾਬ ਜਮਹੂਰੀ ਗੱਠਜੋੜ (ਪੀਡੀਏ) ਨਾਲ ਤਾਲਮੇਲ ਕਰ ਕੇ ਪੰਜਾਬ ਵਿਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਲੜਣ ਦਾ ਐਲਾਨ ਵੀ ਕੀਤਾ। ਸੰਕੇਤ ਮਿਲੇ ਹਨ ਕਿ ਸ੍ਰੀ ਖਹਿਰਾ ਖੁਦ ਲੋਕ ਸਭਾ ਚੋਣ ਲੜਣ ਦੀ ਤਿਆਰੀ ਕਰ ਚੁੱਕੇ ਹਨ। ਉਹ ਖੁਦ ਨਵੀਂ ਪਾਰਟੀ ਦੇ ਪ੍ਰਧਾਨ ਬਣ ਗਏ ਹਨ ਅਤੇ ਫਿਲਹਾਲ ਹੋਰ ਕਿਸੇ ਨੂੰ ਕੋਈ ਅਹੁਦਾ ਨਹੀਂ ਦਿੱਤਾ ਗਿਆ। ਬਾਗੀ ਧੜੇ ਵੱਲੋਂ ਦੋ ਦਿਨਾਂ ਤੋਂ ਸੰਕੇਤ ਦਿੱਤੇ ਜਾ ਰਹੇ ਸਨ ਕਿ ਨਵੀਂ ਪਾਰਟੀ ਬਣਾਉਣ ਮੌਕੇ ਇਕ-ਦੋ ਹੋਰ ਵਿਧਾਇਕ ਖਹਿਰਾ ਵਾਂਗ ਪਾਰਟੀ ਤੋਂ ਅਸਤੀਫਾ ਦੇ ਸਕਦੇ ਹਨ, ਪਰ ਸਾਰੇ 6 ਵਿਧਾਇਕ ਖਹਿਰਾ ਦੀ ਪ੍ਰੈਸ ਕਾਨਫਰੰਸ ਵਿਚ ਮੂਕ ਦਰਸ਼ਕਾਂ ਵਾਂਗ ਆ ਕੇ ਚਲੇ ਗਏ। ਨਵੀਂ ਪਾਰਟੀ ਦੇ ਐਲਾਨ ਮੌਕੇ ਫੁੱਲਾਂ ਅਤੇ ਲੱਡੂਆਂ ਦੀ ਖੂਬ ਵਰਤੋਂ ਹੋਈ। ਇਸ ਮੌਕੇ ਪੰਡਾਲ ਵਿਚ ਖਹਿਰਾ ਦੀ ਪਤਨੀ ਜਤਿੰਦਰ ਕੌਰ ਵੀ ਮੌਜੂਦ ਸੀ। ‘ਆਪ’ ਦੇ ਬਾਗੀ ਧੜੇ ਦੇ 6 ਵਿਧਾਇਕਾਂ ਨਾਜ਼ਰ ਸਿੰਘ ਮਾਨਸ਼ਾਹੀਆ, ਕੰਵਰ ਸੰਧੂ, ਜਗਤਾਰ ਸਿੰਘ ਜੱਗਾ, ਮਾਸਟਰ ਬਲਦੇਵ ਸਿੰਘ, ਪਿਰਮਲ ਸਿੰਘ ਧਨੌਲਾ ਅਤੇ ਜਗਦੇਵ ਸਿੰਘ ਕਮਾਲੂ ਨੇ ਨਵੀਂ ਪਾਰਟੀ ਦਾ ਹਿੱਸਾ ਬਣਨ ਤੋਂ ਨਾਂਹ ਕਰ ਦਿੱਤੀ ਹੈ। ਇਹ ਸਾਰੇ ਖਹਿਰਾ ਦੀ ਪ੍ਰੈਸ ਕਾਨਫਰੰਸ ਵਿੱਚ ਆਏ ਪਰ ਉਨ੍ਹਾਂ ਨਾਲ ਸਟੇਜ ਸਾਂਝੀ ਕਰਨ ਤੋਂ ਗੁਰੇਜ਼ ਕੀਤਾ। ਇਸ ਸਬੰਧੀ ਪੁੱਛੇ ਜਾਣ ’ਤੇ ਇਨ੍ਹਾਂ ਵਿਧਾਇਕਾਂ ਨੇ ਕਿਹਾ ਕਿ ਉਹ ਨਵੀਂ ਪਾਰਟੀ ਦਾ ਹਿੱਸਾ ਨਹੀਂ ਹਨ ਅਤੇ ਉਹ ਖਹਿਰਾ ਨੂੰ ਵਧਾਈ ਦੇਣ ਆਏ ਹਨ। ਦੂਸਰੇ ਪਾਸੇ ਖਹਿਰਾ ਨੇ ਕਿਹਾ ਕਿ 6 ਵਿਧਾਇਕਾਂ ਦੇ ਅਸਤੀਫਾ ਦੇਣ ਨਾਲ ਸੂਬੇ ਉਪਰ ਜ਼ਿਮਨੀ ਚੋਣਾਂ ਦੇ ਖਰਚੇ ਦਾ ਬੋਝ ਪੈਣਾ ਸੀ, ਜਿਸ ਕਾਰਨ ਉਹ ਅਸਤੀਫਾ ਨਹੀਂ ਦਿਵਾਉਣਾ ਚਾਹੁੰਦੇ। ਇਸ ਮੌਕੇ ਪੰਜਾਬ ਮੰਚ ਦੇ ਮੋਢੀ ਤੇ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਵੀ ਮੌਜੂਦ ਸਨ। ਉਨ੍ਹਾਂ ਖਹਿਰਾ ਨੂੰ ਨਵੀਂ ਪਾਰਟੀ ਦੀ ਵਧਾਈ ਦਿੰਦਿਆਂ ਕਿਹਾ ਕਿ ਹੁਣ ਸੂਬੇ ਵਿਚ ਪੰਜਾਬ ਪੱਖੀ ਧਿਰਾਂ ਮਜ਼ਬੂਤ ਹੋ ਰਹੀਆਂ ਹਨ ਅਤੇ ਪੀਡੀਏ ਦੇ ਬੈਨਰ ਹੇਠ ਖਹਿਰਾ ਸਮੇਤ ਬੈਂਸ ਭਰਾ ਇਕਜੁੱਟ ਹੋ ਗਏ ਹਨ। ਹੋਰ ਹਮਖਿਆਲੀ ਧਿਰਾਂ ਨੂੰ ਨਾਲ ਜੋੜ ਕੇ ਪੰਜਾਬ ਹਿੱਤੂ ਸਿਆਸਤ ਕੀਤੀ ਜਾਵੇਗੀ। ਖਹਿਰਾ ਦੇ ਨਜ਼ਦੀਕੀ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਇਸ ਮੌਕੇ ਹਾਜ਼ਰ ਨਹੀਂ ਸਨ। ਦੱਸਣਯੋਗ ਹੈ ਕਿ ‘ਆਪ’ ਵਿਚੋਂ ਨਿਕਲ ਕੇ ਪਹਿਲਾਂ ਸੁੱਚਾ ਸਿੰਘ ਛੋਟੇਪੁਰ ‘ਆਪਣਾ ਪੰਜਾਬ’ ਪਾਰਟੀ, ਡਾ ਗਾਂਧੀ ‘ਪੰਜਾਬ ਮੰਚ’ ਅਤੇ ਯੋਗਿੰਦਰ ਯਾਦਵ ‘ਸਵਰਾਜ ਪਾਰਟੀ’ ਬਣਾ ਚੁੱਕੇ ਹਨ ਅਤੇ ਅੱਜ ਖਹਿਰਾ ਨੇ ਵੀ ਨਵੀਂ ਪਾਰਟੀ ਬਣਾ ਕੇ ਇਸ ਗਿਣਤੀ ਵਿਚ ਹੋਰ ਵਾਧਾ ਕੀਤਾ ਹੈ। ਖਹਿਰਾ ਨੇ ਪ੍ਰੈਸ ਕਲੱਬ ਵਿਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਆਪਣੀ ਨਵੀਂ ਪਾਰਟੀ ਦਾ ਐਲਾਨ ਕੀਤਾ। ਉਨ੍ਹਾਂ ਦੇ ਸੈਂਕੜੇ ਸਮਰਥਕ ਇਸ ਮੌਕੇ ਮੌਜੂਦ ਸਨ। ਪ੍ਰੈਸ ਕਾਨਫਰੰਸ ਨੂੰ ਖਹਿਰਾ ਨੇ ਇਕ ਰੈਲੀ ਵਾਂਗ ਸੰਬੋਧਨ ਕੀਤਾ। ਉਹ ਇਕ ਘੰਟੇ ਤੋਂ ਵੱਧ ਸਮਾਂ ਪੰਜਾਬ ਦੇ ਸੰਭਾਵੀ ਮੁੱਖ ਮੰਤਰੀ ਵਾਂਗ ਬੋਲੇ। ਉਨ੍ਹਾਂ ਇਸ ਮੌਕੇ ਆਪਣੀ ਪਾਰਟੀ ਦੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੇ ‘ਮੈਨੀਫੈਸਟੋ’ ਦੇ ਵੇਰਵੇ ਵਿਸਥਾਰ ਸਹਿਤ ਪੇਸ਼ ਕੀਤੇ। ਸ੍ਰੀ ਖਹਿਰਾ ਨੇ ਕਿਹਾ ਕਿ ਕਿਸਾਨਾਂ ਨੂੰ ਉਹ ਨਕਦ ਸਬਸਿਡੀਆਂ ਦੇਣਗੇ ਅਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਸਭ ਤੋਂ ਪਹਿਲਾਂ ਕੈਪਟਨ ਤੇ ਸ੍ਰੀ ਬਾਦਲ ਦੇ ਪਰਿਵਾਰਾਂ ਨੂੰ ਫੜ੍ਹ ਕੇ ਅੰਦਰ ਕਰਨਗੇ। ਉਨ੍ਹਾਂ ਸਹੁੰ ਖਾ ਕੇ ਕਿਹਾ ਕਿ ਉਹ ਲੋਕਪਾਲ ਬਣਾਉਣਗੇ ਅਤੇ ਇਸ ਦੇ ਘੇਰੇ ਵਿਚ ਮੁੱਖ ਮੰਤਰੀ ਨੂੰ ਵੀ ਲਿਆਂਦਾ ਜਾਵੇਗਾ। ਉਹ ਰਵਾਇਤੀ ਨਸ਼ਿਆਂ ਦੀ ਖੇਤੀ ਸ਼ੁਰੂ ਕਰਵਾਉਣ ਬਾਰੇ ਵੀ ਵਿਚਾਰ ਕਰਨਗੇ। ਖਹਿਰਾ ਨੇ ਸ਼ਰਾਬ, ਸਿਹਤ ਅਤੇ ਸਿੱਖਿਆ ਨੀਤੀ ਵਿਚ ਵੱਡੀਆਂ ਤਬਦੀਲੀਆਂ ਕਰਨ ਦੀ ਗੱਲ ਵੀ ਕਹੀ। ਖਹਿਰਾ ਨੇ ਕੈਪਟਨ ਅਤੇ ਬਾਦਲ ਸਰਕਾਰਾਂ ਵੇਲੇ ਲੱਗੇ ਸਾਰੇ ਬਿਜਲੀ ਪ੍ਰਾਜੈਕਟਾਂ ਦੀ ਜਾਂਚ ਕਰਵਾਉਣ ਦਾ ਵੀ ਐਲਾਨ ਕੀਤਾ।