ਕੱਛਾ ਬੁਨੈਣ ਗਰੋਹ ਵਲੋਂ ਬਜ਼ੁਰਗ ਦਾ ਕਤਲ

ਬੀਤੀ ਅੱਧੀ ਰਾਤ ਲੁੱਟ-ਖੋਹ ਦੀ ਨੀਅਤ ਨਾਲ ਨੇੜਲੇ ਪਿੰਡ ਖਿੱਚੀਆਂ ਦੇ ਮੁਕੇਰੀਆਂ ਗੁਰਦਾਸਪੁਰ ਮਾਰਗ ਕਿਨਾਰੇ ਪੈਂਦੇ ਇੱਕ ਘਰ ਵਿੱਚ ਦਾਖਲ ਕੱਛਾ ਬੁਨੈਣ ਗਿਰੋਹ ਦੇ ਕਰੀਬ 4 ਅਣਪਛਾਤੇ ਮੈਂਬਰਾਂ ਨੇ ਪਰਿਵਾਰ ਦੇ 85 ਸਾਲਾ ਬਜ਼ੁਰਗ ਮੁਖੀ ਨੂੰ ਕੁੱਟ ਕੁੱਟ ਕੇ ਮਾਰ ਉਤਾਰ ਦਿੱਤਾ। ਲੁੱਟ ਲਈ ਬਜ਼ੁਰਗ ਦੀ ਵਿਧਵਾ ਨੂੰਹ ਦੀ ਕੀਤੀ ਭਾਰੀ ਕੁੱਟਮਾਰ ਕਾਰਨ ਉਸਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਉਸਦੀ ਹਾਲਤ ਗੰਭੀਰ ਦੇਖਦਿਆਂ ਉਸਨੂੰ ਡਾਕਟਰਾਂ ਨੇ ਲੁਧਿਆਣਾ ਰੈਫਰ ਕਰ ਦਿੱਤਾ ਹੈ। ਲੁਟੇਰੇ ਘਰੋਂ ਕਰੀਬ 1 ਲੱਖ ਦੀ ਨਕਦੀ ਤੇ 5-6 ਤੋਲੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਪੁਲੀਸ ਵੱਲੋਂ ਇਸ ਘਟਨਾ ਨੂੰ ਭੱਟੀਆਂ ਰਾਜਪੂਤਾਂ ’ਚ ਹੋਈ ਗੁਰਦੁਆਰੇ ਅੰਦਰ ਚੋਰੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਪਿੰਡ ਖਿੱਚੀਆਂ ਦਾ ਬਚਿੱਤਰ ਸਿੰਘ ਆਪਣੇ ਪਰਿਵਾਰ ਸਮੇਤ ਮੁਕੇਰੀਆਂ ਗੁਰਦਾਸਪੁਰ ਮਾਰਗ ’ਤੇ ਰਹਿੰਦਾ ਹੈ। ਅੱਜ ਸਵੇਰੇ ਕਰੀਬ 6 ਵਜੇ ਜਦੋਂ ਦੋਧੀ ਉਨ੍ਹਾਂ ਦੇ ਘਰ ਦੁੱਧ ਦੇਣ ਆਇਆ ਤਾਂ ਦਰਵਾਜ਼ਾ ਖੜਕਾਉਣ ’ਤੇ ਅੰਦਰੋਂ ਕੋਈ ਜਵਾਬ ਨਾ ਮਿਲਿਆ। ਜਦੋਂ ਦੋਧੀ ਕੰਧ ਟੱਪ ਕੇ ਅੰਦਰ ਗਿਆ ਤਾਂ ਇੱਕ ਕਮਰੇ ਨੂੰ ਬਾਹਰੋਂ ਤਾਲਾ ਲੱਗਿਆ ਹੋਇਆ ਸੀ। ਉਸਨੇ ਨੇੜਲੇ ਲੋਕਾਂ ਨੂੰ ਨਾਲ ਲੈ ਕੇ ਘਰ ਅੰਦਰ ਦੇਖਿਆ ਤਾਂ ਅੰਦਰ ਬਚਿੱਤਰ ਸਿੰਘ (80 ਸਾਲ) ਦੀ ਲਾਸ਼ ਖੂਨ ਨਾਲ ਲੱਥਪੱਥ ਪਈ ਸੀ ਅਤੇ ਨੇੜੇ ਹੀ ਗੰਭੀਰ ਜ਼ਖਮੀ ਹਾਲਤ ਵਿੱਚ ਉਸਦੀ ਨੂੰਹ ਮੀਨਾ ਡਿੱਗੀ ਹੋਈ ਸੀ। ਬਚਿੱਤਰ ਸਿੰਘ ਦੀ ਪਤਨੀ ਸ਼ਕੁੰਤਲਾ ਦੇਵੀ ਅਤੇ ਲੜਕੇ ਹਰਸ਼ ਨੂੰ ਇੱਕ ਕਮਰੇ ਵਿੱਚ ਬੰਦ ਕੀਤਾ ਹੋਇਆ ਸੀ। ਲੋਕਾਂ ਨੇ ਪੁਲੀਸ ਨੂੰ ਸੂਚਿਤ ਕੀਤਾ ਅਤੇ ਡੀਐਸਪੀ ਰਵਿੰਦਰ ਸਿੰਘ ਤੇ ਐਸਐਚਓ ਕਰਨੈਲ ਸਿੰਘ ਪੁਲੀਸ ਪਾਰਟੀ ਸਮੇਤ ਪੁੱਜ ਗਏ। ਮੀਨਾ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਐਸਐਸਪੀ ਜੇ. ਇਲਨਚੇਲੀਅਨ ਅਤੇ ਐਸਪੀ ਹਰਪ੍ਰੀਤ ਸਿੰਘ ਮੰਡੇਰ ਨੇ ਵੀ ਫਿੰਗਰ ਪ੍ਰਿੰਟਸ ਮਾਹਿਰਾਂ ਤੇ ਡਾਗ ਸਕੁਐਡ ਟੀਮ ਨਾਲ ਘਟਨਾ ਸਥਾਨ ਦਾ ਜਾਇਜ਼ਾ ਲਿਆ। ਐਸਐਸਪੀ ਨੇ ਦੱਸਿਆ ਕਿ ਪੁਲੀਸ ਵੱਖ ਵੱਖ ਕੋਣਾਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਲੁਟੇਰੇ ਕਾਬੂ ਕਰ ਲਏ ਜਾਣਗੇ। ਖਿੱਚੀਆਂ ਨਜ਼ਦੀਕ ਪੈਂਦੇ ਪਿੰਡ ਭੱਟੀਆਂ ਰਾਜਪੂਤਾਂ ਦੇ ਗੁਰਦੁਆਰੇ ’ਚੋਂ ਕੱਛਾ ਬਨੈਣ ਗਰੋਹ ਦੇ ਮੈਂਬਰਾਂ ਨੇ ਗੋਲਕ ਚੋਰੀ ਕਰ ਲਈ, ਜਿਸ ਵਿੱਚ ਕਰੀਬ 10 ਹਜ਼ਾਰ ਦੀ ਨਕਦੀ ਦੱਸੀ ਜਾ ਰਹੀ ਹੈ। ਗੁਰਦੁਆਰੇ ਦੇ ਸੇਵਾਦਾਰ ਜਗਦੀਪ ਸਿੰਘ ਨੇ ਦੱਸਿਆ ਕਿ ਅੱਜ ਜਦੋਂ ਉਹ ਸਵੇਰੇ ਪਾਠ ਕਰਨ ਆਇਆ ਤਾਂ ਗੁਰਦੁਆਰੇ ਦਾ ਦਰਵਾਜ਼ਾ ਟੁੱਟਾ ਹੋਇਆ ਸੀ ਅਤੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਵੀ ਟੁੱਟੇ ਹੋਏ ਸਨ। ਚੋਰ ਅੰਦਰੋਂ ਗੋਲਕ ਚੋਰੀ ਕਰਕੇ ਲੈ ਗਏ ਸਨ, ਜੋ ਅੰਦਰਲੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਏ।