ਕ੍ਰਿਕਟ ਬੋਰਡ ਦੇ ਸੀਈਓ ’ਤੇ ‘ਮੀ ਟੂ’ ਦਾ ਬਾਊਂਸਰ

ਕ੍ਰਿਕਟ ’ਚ ‘ਮੀ ਟੂ’ ਮੁਹਿੰਮ ਦੇ ਤਾਜ਼ਾ ਕੇਸ ਤਹਿਤ ਬੋਰਡ ਆਫ਼ ਕੰਟਰੋਲ ਫਾਰ ਕ੍ਰਿਕਟ ਇਨ ਇੰਡੀਆ (ਬੀਸੀਸੀਆਈ) ਦਾ ਸੀਈਓ ਰਾਹੁਲ ਜੌਹਰੀ ਫਸ ਗਿਆ ਹੈ। ਮਹਿਲਾ ਨੇ ਉਸ ’ਤੇ ਜਿਸਮਾਨੀ ਸ਼ੋਸ਼ਣ ਦੇ ਦੋਸ਼ ਲਗਾਏ ਹਨ। ਸੋਸ਼ਲ ਮੀਡੀਆ ’ਤੇ ਰੌਲਾ ਪੈਣ ਮਗਰੋਂ ਪ੍ਰਸ਼ਾਸਕੀ ਕਮੇਟੀ (ਸੀਓਏ) ਨੇ ਜੌਹਰੀ ਤੋਂ ਜਵਾਬ ਤਲਬ ਕਰ ਲਿਆ ਹੈ। ਸੁਪਰੀਮ ਕੋਰਟ ਵੱਲੋਂ ਬਣਾਈ ਗਈ ਸੀਓਏ ਨੇ ਜੌਹਰੀ ਨੂੰ ਹਫ਼ਤੇ ਦੇ ਅੰਦਰ ਅੰਦਰ ਸਫਾਈ ਦੇਣ ਲਈ ਕਿਹਾ ਹੈ ਜਿਸ ਮਗਰੋਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਬੀਸੀਸੀਆਈ ਦਾ 2016 ’ਚ ਸੀਈਓ ਬਣਨ ਤੋਂ ਪਹਿਲਾਂ ਜੌਹਰੀ ਡਿਸਕਵਰੀ ਨੈੱਟਵਰਕ ਏਸ਼ੀਆ ਪੈਸਿਫਿਕ ਦਾ ਕਾਰਜਕਾਰੀ ਮੀਤ ਪ੍ਰਧਾਨ ਅਤੇ ਜਨਰਲ ਮੈਨੇਜਰ (ਦੱਖਣ ਏਸ਼ੀਆ) ਸੀ ਅਤੇ ਉਸ ’ਤੇ ਦੋਸ਼ ਲੱਗੇ ਹਨ ਕਿ ਪੀੜਤਾ ਨੂੰ ਨੌਕਰੀ ਦੇਣ ਦਾ ਝਾਂਸਾ ਦੇ ਕੇ ਉਸ ਦਾ ਨਾਜਾਇਜ਼ ਫਾਇਦਾ ਉਠਾਇਆ। ਟਵਿਟਰ ’ਤੇ ਹਰਨਿਧ ਕੌਰ ਵਲੋਂ ਪਾਈ ਪੋਸਟ ’ਚ ਜੌਹਰੀ ਦਾ ਨਾਮ ਲਿਆ ਗਿਆ ਹੈ ਜਿਸ ਨੇ ਪੀੜਤਾ ਦੇ ਵੇਰਵੇ ਸਕਰੀਨ ਸ਼ਾਟ ਰਾਹੀਂ ਸਾਂਝੇ ਕੀਤੇ ਹਨ। ਜੌਹਰੀ ਦਾ ਤੁਰੰਤ ਪ੍ਰਤੀਕਰਮ ਨਹੀਂ ਮਿਲ ਸਕਿਆ ਹੈ। ਪੀੜਤਾ ਨੇ ਜੌਹਰੀ ਖ਼ਿਲਾਫ਼ ਦੋਸ਼ ਲਾਉਂਦਿਆਂ ਕਿਹਾ ਕਿ ਉਹ ਉਸ (ਪੀੜਤਾ) ਨੂੰ ਆਪਣੀ ਰਿਹਾਇਸ਼ ’ਤੇ ਇਹ ਆਖ ਕੇ ਲੈ ਗਿਆ ਕਿ ਇੰਟਰਵਿਊ ਦੀ ਅੰਤਿਮ ਗੱਲਬਾਤ ਉਥੇ ਹੋਵੇਗੀ। ਜਦੋਂ ਦੋਵੇਂ ਘਰ ਪਹੁੰਚੇ ਤਾਂ ਜੌਹਰੀ ਨੇ ਚਾਭੀ ਕੱਢ ਕੇ ਦਰਵਾਜ਼ਾ ਖੋਲ੍ਹਿਆ। ਇਸ ’ਤੇ ਪੀੜਤਾ ਨੇ ਉਸ ਨੂੰ ਪੁੱਛਿਆ ਕਿ ਪਤਨੀ ਘਰ ਨਾ ਹੋਣ ਦੀ ਉਸ ਨੂੰ ਜਾਣਕਾਰੀ ਕਿਉਂ ਨਹੀਂ ਦਿੱਤੀ। ਇਸ ’ਤੇ ਉਸ ਨੇ ਕਿਹਾ ਕਿ ਅਜਿਹਾ ਕੁਝ ਦੱਸਣ ਦੇ ਯੋਗ ਨਹੀਂ ਸੀ। ਘਰ ਅੰਦਰ ਜਦੋਂ ਪੀੜਤਾ ਨੇ ਪਾਣੀ ਮੰਗਿਆ ਤਾਂ ਉਹ ਪਤਲੂਨ ਉਤਾਰ ਕੇ ਉਸ ਦੇ ਸਾਹਮਣੇ ਖੜ੍ਹਾ ਹੋ ਗਿਆ ਅਤੇ ਸ਼ੋਸ਼ਣ ਕੀਤਾ। ‘ਅੱਜ ਤਕ ਮੈਂ ਇਸ ਘਟਨਾ ਦਾ ਬੋਝ ਸਹਿਣ ਕਰਦੀ ਰਹੀ ਅਤੇ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦੀ ਰਹੀ। ਮੈਂ ਕੋਈ ਲੋੜਵੰਦ ਨਹੀਂ ਸੀ ਪਰ ਮੈਂ ਘਬਰਾਈ ਹੋਈ ਸੀ।’ ਪੀੜਤਾ ਨੇ ਲਿਖਿਆ ਹੈ ਕਿ ਸਾਰਾ ਕੁਝ ਅਚਾਨਕ ਹੋ ਗਿਆ ਅਤੇ ਉਸ ਨੂੰ ਸਮਝਣ ਤਕ ਦਾ ਮੌਕਾ ਨਹੀਂ ਮਿਲਿਆ ਕਿ ਕੀ ਕੁਝ ਵਾਪਰ ਰਿਹਾ ਹੈ। ਕ੍ਰਿਕਟ ’ਚ ਇਹ ਤੀਜੀ ਘਟਨਾ ਹੈ। ਇਸ ਤੋਂ ਪਹਿਲਾਂ ਸ੍ਰੀਲੰਕਾ ਦੇ ਕ੍ਰਿਕਟਰਾਂ ਅਰਜੁਨ ਰਣਤੁੰਗਾ ਅਤੇ ਲਸਿਥ ਮਲਿੰਗਾ ਦੇ ਨਾਮ ਵੀ ਜਿਸਮਾਨੀ ਸ਼ੋਸ਼ਣ ਦੇ ਦੋਸ਼ਾਂ ’ਚ ਸਾਹਮਣੇ ਆ ਚੁੱਕੇ ਹਨ। ਇਸ ਦੌਰਾਨ ਅਦਾਕਾਰ ਅਲੋਕ ਨਾਥ ਅਤੇ ਉਸ ਦੀ ਪਤਨੀ ਆਸ਼ੂ ਨੇ ਸ਼ਨਿਚਰਵਾਰ ਨੂੰ ਲੇਖਕ-ਨਿਰਦੇਸ਼ਕ ਵਿੰਨਤਾ ਨੰਦਾ ਖ਼ਿਲਾਫ਼ ਅੰਧੇਰੀ ਦੇ ਮੈਟਰੋਪਾਲਿਟਨ ਮੈਜਿਸਟਰੇਟ ਮੂਹਰੇ ਮਾਣਹਾਨੀ ਦੀ ਸ਼ਿਕਾਇਤ ਦਾਖ਼ਲ ਕੀਤੀ ਹੈ।