ਕੌਲਿਜੀਅਮ ਦਾ ਫ਼ੈਸਲਾ ਜਨਤਕ ਨਾ ਕੀਤੇ ਜਾਣ ਤੋਂ ਸਾਬਕਾ ਜਸਟਿਸ ਨਿਰਾਸ਼

ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਮਦਨ ਬੀ. ਲੋਕੁਰ ਨੇ ਸਿਖਰਲੀ ਅਦਾਲਤ ਦੇ ਕੌਲਿਜੀਅਮ ਵੱਲੋਂ ਜੱਜਾਂ ਦੀ ਨਿਯੁਕਤੀ ਸਬੰਧੀ 12 ਦਸੰਬਰ ਨੂੰ ਲਏ ਫੈਸਲੇ ਨੂੰ ਜਨਤਕ ਨਾ ਕੀਤੇ ਜਾਣ ’ਤੇ ਨਿਰਾਸ਼ਾ ਜ਼ਾਹਿਰ ਕੀਤੀ ਹੈ। ਲੰਘੀ 30 ਦਸੰਬਰ ਨੂੰ ਸੇਵਾ ਮੁਕਤ ਹੋਏ ਜਸਟਿਸ ਲੋਕੁਰ, ਉਸ ਪੰਜ ਮੈਂਬਰੀ ਕੌਲਿਜੀਅਮ ਵਿੱਚ ਸ਼ਾਮਲ ਸਨ, ਜਿਸ ਨੇ ਸਲਾਹ ਮਸ਼ਵਰੇ ਮਗਰੋਂ ਸੁਪਰੀਮ ਕੋਰਟ ਵਿੱਚ ਨਿਯੁਕਤੀ ਲਈ ਜਸਟਿਸ ਪ੍ਰਦੀਪ ਨੰਦਰਾਜੋਗ ਤੇ ਰਾਜਿੰਦਰ ਮੈਨਨ ਦੇ ਨਾਂ ਦੀ ਸਿਫਾਰਿਸ਼ ਕੀਤੀ ਸੀ। ਹਾਲਾਂਕਿ ਮਗਰੋਂ ਦਿੱਲੀ ਹਾਈ ਕੋਰਟ ਦੇ ਜੱਜ ਸੰਜੀਵ ਖੰਨਾ ਤੇ ਕਰਨਾਟਕ ਹਾਈ ਕੋਰਟ ਦੇ ਚੀਫ ਜਸਟਿਸ ਦਿਨੇਸ਼ ਮਹੇਸ਼ਵਰੀ ਨੂੰ ਸੁਪਰੀਮ ਕੋਰਟ ਦੇ ਜੱਜ ਥਾਪ ਦਿੱਤਾ ਗਿਆ। ਸਿਫਾਰਿਸ਼ ਕੀਤੇ ਜੱਜਾਂ ਦੇ ਨਾਵਾਂ ’ਚ ਤਬਦੀਲੀ ਨੂੰ ਲੈ ਕੇ ਜਾਰੀ ਵਿਵਾਦ ਦਰਮਿਆਨ ਜਸਟਿਸ ਲੋਕੁਰ ਨੇ ਕਿਹਾ ਕਿ ਉਨ੍ਹਾਂ ਦੀ ਸੇਵਾ ਮੁਕਤੀ ਮਗਰੋਂ ਕਿਹੜੇ ਵਾਧੂ ਦਸਤਾਵੇਜ਼ ਆਏ, ਉਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਜਸਟਿਸ ਲੋਕੁਰ ਨੇ ਕਿਹਾ ਕਿ ਉਨ੍ਹਾਂ ਕਦੇ ਨਹੀਂ ਸੋਚਿਆ ਸੀ ਕਿ ਕੌਲਿਜੀਅਮ ਸਿਸਟਮ ਫੇਲ੍ਹ ਹੋ ਜਾਵੇਗਾ।