ਕੋਲਿਆਂਵਾਲੀ ਵੱਲੋਂ ਮੁਹਾਲੀ ਅਦਾਲਤ ’ਚ ਸਮਰਪਣ

ਭ੍ਰਿਸ਼ਟਾਚਾਰ ਦੇ ਕਥਿਤ ਦੋਸ਼ਾਂ ਦਾ ਸਾਹਮਣਾ ਕਰ ਰਹੇ ਬਾਦਲ ਪਰਿਵਾਰ ਦੇ ਨਜ਼ਦੀਕੀ, ਪੰਜਾਬ ਅਧੀਨ ਸੇਵਾਵਾਂ ਬੋਰਡ ਦੇ ਸਾਬਕਾ ਮੈਂਬਰ ਅਤੇ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਲਿਮਟਿਡ ਦੇ ਸਾਬਕਾ ਚੇਅਰਮੈਨ ਦਿਆਲ ਸਿੰਘ ਕੋਲਿਆਂਵਾਲੀ ਨੇ ਸ਼ੁੱਕਰਵਾਰ ਨੂੰ ਵਿਜੀਲੈਂਸ ਬਿਊਰੋ ਨੂੰ ਝਕਾਨੀ ਦੇ ਕੇ ਮੁਹਾਲੀ ਅਦਾਲਤ ਵਿੱਚ ਆਤਮ ਸਮਰਪਣ ਕੀਤਾ। ਅਦਾਲਤ ਨੇ ਅਕਾਲੀ ਜਥੇਦਾਰ ਨੂੰ ਜੇਲ੍ਹ ਭੇਜ ਦਿੱਤਾ ਹੈ।
ਜਥੇਦਾਰ ਖ਼ਿਲਾਫ਼ ਮੁਹਾਲੀ ਵਿਜੀਲੈਂਸ ਥਾਣੇ ਵਿੱਚ ਪਹਿਲੀ ਜੁਲਾਈ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਵਿਜੀਲੈਂਸ ਅਨੁਸਾਰ ਸਾਲ 2009 ਤੋਂ 2014 ਦੇ ਸਮੇਂ ਦੌਰਾਨ ਮੁਲਜ਼ਮ ਵੱਲੋਂ ਵੱਖ ਵੱਖ ਪ੍ਰਮੁੱਖ ਅਹੁਦਿਆਂ ’ਤੇ ਰਹਿੰਦਿਆਂ ਜਾਇਦਾਦ ਬਣਾਉਣ ਸਬੰਧੀ ਪੜਤਾਲ ਕੀਤੀ ਗਈ।
ਐਸਐਸਪੀ ਅਸ਼ੋਕ ਬਾਠ ਨੇ ਦੱਸਿਆ ਕਿ ਅਕਾਲੀ ਆਗੂ ਵੱਲੋਂ ਅੱਜ ਸ਼ਾਮ ਮੁਹਾਲੀ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਵੱਲੋਂ ਭਲਕੇ ਮੁਹਾਲੀ ਅਦਾਲਤ ਵਿੱਚ ਅਰਜ਼ੀ ਦਾਇਰ ਕਰ ਕੇ ਕੋਲਿਆਂਵਾਲੀ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਗ੍ਰਿਫ਼ਤਾਰ ਕਰ ਕੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ।
ਉਧਰ, ਵਿਜੀਲੈਂਸ ਦੀ ਮੁੱਢਲੀ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਆਪਣੇ ਰੁਤਬੇ ਦਾ ਡਰ ਦਿਖਾ ਕੇ ਸਰਕਾਰੀ ਗੱਡੀਆਂ ਦੀ ਦੁਰਵਰਤੋਂ ਕੀਤੀ ਅਤੇ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਰਮਚਾਰੀਆਂ ਦੀਆਂ ਬਦਲੀਆਂ/ਤਾਇਨਾਤੀਆਂ ਕਰਵਾ ਕੇ ਭਾਰੀ ਰਕਮਾਂ ਹਾਸਲ ਕੀਤੀਆਂ। ਜਾਂਚ ਵਿੱਚ ਮੁਲਜ਼ਮ ਦੀ ਪੰਜਾਬ ਤੋਂ ਬਾਹਰਲੇ ਸੂਬਿਆਂ ਜਿਵੇਂ ਰਾਜਸਥਾਨ, ਉਤਰਾਖੰਡ ਆਦਿ ਰਾਜਾਂ ਵਿੱਚ ਵੀ ਜਾਇਦਾਦ,ਹੋਟਲ ਤੇ ਖੇਤੀਬਾੜੀ ਫਾਰਮ ਹੋਣ ਦਾ ਪਤਾ ਲੱਗਿਆ ਹੈ।
ਜ਼ਿਕਰਯੋਗ ਹੈ ਕਿ ਜਥੇਦਾਰ ਕੋਲਿਆਂਵਾਲੀ ਪਿਛਲੇ ਸਾਢੇ 5 ਮਹੀਨਿਆਂ ਤੋਂ ਵਿਜੀਲੈਂਸ ਨਾਲ ਲੁਕਣਮੀਟੀ ਖੇਡਦਾ ਆ ਰਿਹਾ ਹੈ। ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਹੋਣ ਤੋਂ ਬਾਅਦ ਉਹ ਰੁੂਪੋਸ਼ ਹੋ ਗਿਆ ਸੀ। ਜਥੇਦਾਰ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਸੁਪਰੀਮ ਕੋਰਟ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ ਪਰ ਉੱਚ ਅਦਾਲਤ ਨੇ ਹੇਠਲੀ ਅਦਾਲਤ ਦਾ ਬੂਹਾ ਖੜਕਾਉਣ ਦੀ ਸਲਾਹ ਦਿੱਤੀ। ਇਸ ਮਗਰੋਂ ਮੁਹਾਲੀ ਦੀ ਸਥਾਨਕ ਅਤੇ ਜ਼ਿਲ੍ਹਾ ਅਦਾਲਤ ਨੇ ਵੀ ਜਥੇਦਾਰ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਕਰ ਦਿੱਤੀਆਂ ਸਨ।
ਦੂਜੇ ਪਾਸੇ ਕੋਲਿਆਂਵਾਲੀ ਦੇ ਵਕੀਲ ਬਾਬੂ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਵਿਜੀਲੈਂਸ ਵੱਲੋਂ ਅਕਾਲੀ ਆਗੂ ਵਿਰੁੱਧ ਝੂਠਾ ਕੇਸ ਦਰਜ ਕੀਤਾ ਗਿਆ ਹੈ, ਜੋ ਪੁੂਰੀ ਤਰ੍ਹਾਂ ਰਾਜਨੀਤੀ ਤੋਂ ਪ੍ਰੇਰਿਤ ਹੈ।