ਕੋਲਾ ਘੁਟਾਲਾ: ਸਾਬਕਾ ਸਕੱਤਰ ਗੁਪਤਾ ਸਣੇ ਪੰਜ ਦੋਸ਼ੀ ਠਹਿਰਾਏ

ਦਿੱਲੀ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਸਾਬਕਾ ਕੋਲਾ ਸਕੱਤਰ ਐੱਚ.ਸੀ. ਗੁਪਤਾ ਨੂੰ ਪੱਛਮੀ ਬੰਗਾਲ ਵਿਚ ਕੋਲਾ ਬਲਾਕਾਂ ਦੀ ਅਲਾਟਮੈਂਟ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਹੈ। ਇਹ ਮਾਮਲਾ ਯੂਪੀਏ ਸਰਕਾਰ ਦੇ ਕਾਰਜਕਾਲ ਨਾਲ ਸਬੰਧਤ ਹੈ।
ਇਸ ਤੋਂ ਇਲਾਵਾ ਪੰਜ ਹੋਰਾਂ, ਜਿਨ੍ਹਾਂ ਵਿਚ ਸੇਵਾਮੁਕਤ ਨੌਕਰਸ਼ਾਹ ਕੇ.ਐੱਸ. ਕਰੋਫਾ ਤੇ ਤਾਇਨਾਤ ਅਧਿਕਾਰੀ ਕੇ.ਸੀ. ਸਾਮਰੀਆ ਸ਼ਾਮਲ ਹੈ, ਨੂੰ ਵੀ ਭ੍ਰਿਸ਼ਟਾਚਾਰ ਵਿਰੋਧੀ ਐਕਟ ਹੇਠ ਦੋਸ਼ੀ ਠਹਿਰਾਇਆ ਗਿਆ ਹੈ। ਗੁਪਤਾ 31 ਦਸੰਬਰ 2005 ਤੋਂ ਨਵੰਬਰ 2008 ਦੇ ਵਕਫ਼ੇ ਦੌਰਾਨ ਕੋਲ ਸਕੱਤਰ ਰਹਿ ਚੁੱਕੇ ਹਨ। ਉਨ੍ਹਾਂ ਨੂੰ ਪਹਿਲਾਂ ਵੀ ਦੋ ਹੋਰ ਮਾਮਲਿਆਂ ਵਿਚ ਦੋ ਤੇ ਤਿੰਨ ਸਾਲ ਦੀ ਸਜ਼ਾ ਹੋ ਚੁੱਕੀ ਹੈ। ਉਹ ਹੁਣ ਦੋਵਾਂ ਕੇਸਾਂ ਵਿਚ ਜ਼ਮਾਨਤ ’ਤੇ ਚੱਲ ਰਹੇ ਹਨ। ਕਰੋਫਾ, ਜੋ ਉਸ ਵੇਲੇ ਕੋਲਾ ਮੰਤਰਾਲੇ ਵਿਚ ਸੰਯੁਕਤ ਸਕੱਤਰ ਸਨ, ਦਸੰਬਰ 2017 ਵਿਚ ਮੇਘਾਲਿਆ ਦੇ ਮੁੱਖ ਸਕੱਤਰ ਵਜੋਂ ਸੇਵਾਮੁਕਤ ਹੋਏ ਹਨ। ਉਨ੍ਹਾਂ ਨੂੰ ਵੀ ਇਸ ਤੋਂ ਪਹਿਲਾਂ ਇਕ ਹੋਰ ਕੋਲ ਬਲਾਕ ਅਲਾਟਮੈਂਟ ਮਾਮਲੇ ਵਿਚ ਦੋ ਸਾਲਾਂ ਦੀ ਸਜ਼ਾ ਹੋ ਚੁੱਕੀ ਹੈ ਤੇ ਉਹ ਜ਼ਮਾਨਤ ’ਤੇ ਹਨ। ਜਦਕਿ ਸਾਮਰੀਆ ਉਸ ਵੇਲੇ ਕੋਲਾ ਮੰਤਰਾਲੇ ਵਿਚ ਡਾਇਰੈਕਟਰ ਦੇ ਅਹੁਦੇ ’ਤੇ ਸਨ ਅਤੇ ਹੁਣ ਘੱਟ ਗਿਣਤੀ ਮੰਤਰਾਲੇ ਵਿਚ ਸੰਯੁਕਤ ਸਕੱਤਰ ਵਜੋਂ ਤਾਇਨਾਤ ਹਨ। ਉਹ ਵੀ ਇਕ ਮਾਮਲੇ ਵਿਚ ਫ਼ਿਲਹਾਲ ਜ਼ਮਾਨਤ ’ਤੇ ਹਨ। ਦੋਸ਼ੀ ਠਹਿਰਾਏ ਗਏ ਸਾਰੇ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਤੇ ਅਦਾਲਤ ਦੇ ਹੁਕਮਾਂ ’ਤੇ 3 ਦਸੰਬਰ ਤੱਕ ਨਿਆਂਇਕ ਹਿਰਾਸਤ ਵਿਚ ਰੱਖਿਆ ਜਾਵੇਗਾ। ਸੀਬੀਆਈ ਦੇ ਵਿਸ਼ੇਸ਼ ਜੱਜ ਭਰਤ ਪਰਾਸ਼ਰ ਤਿੰਨ ਦਸੰਬਰ ਨੂੰ ਸਜ਼ਾ ਖ਼ਿਲਾਫ਼ ਦੋਸ਼ੀਆਂ ਦਾ ਪੱਖ ਸੁਣਨਗੇ। ਇਸ ਮਾਮਲੇ ਵਿਚ ਅਧਿਕਾਰੀਆਂ ਸਣੇ ਹੋਰਾਂ ਨੂੰ ਸੱਤ ਸਾਲ ਦੀ ਕੈਦ ਹੋ ਸਕਦੀ ਹੈ।