ਕੈਪਟਨ ਸਰਕਾਰ ਤੇ ਨਿੱਜੀ ਖੰਡ ਮਿੱਲ ਮਾਲਕਾਂ ’ਚ ਸਮਝੌਤਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਿੱਜੀ ਖੰਡ ਮਿੱਲ ਮਾਲਕਾਂ ਨੂੰ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਮਿਥੇ ਭਾਅ ਵਿਚਲੇ 35 ਰੁਪਏ ਪ੍ਰਤੀ ਕੁਇੰਟਲ ਦੇ ਫ਼ਰਕ ਵਿਚੋਂ 25 ਰੁਪਏ ਪ੍ਰਤੀ ਕੁਇੰਟਲ ਦੇਣ ਦੇ ਐਲਾਨ ਤੋਂ ਬਾਅਦ ਨਿੱਜੀ ਖੰਡ ਮਿੱਲ ਮਾਲਕਾਂ ਨੇ ਗੰਨਾ ਪੀੜਨ ਦਾ ਐਲਾਨ ਕਰ ਦਿੱਤਾ ਹੈ। ਇਸ ਫ਼ੈਸਲੇ ਨਾਲ ਅੰਦੋਲਨਕਾਰੀ ਕਿਸਾਨਾਂ ਨੇ ਫਗਵਾੜੇ ਸਣੇ ਹੋਰ ਥਾਵਾਂ ’ਤੇ ਜੀਟੀ ਰੋਡ ’ਤੇ ਲਾਏ ਜਾਮ ਖੋਲ੍ਹ ਦਿੱਤੇ ਹਨ।
ਪੰਜਾਬ ਸਰਕਾਰ ਤੇ ਨਿੱਜੀ ਖੰਡ ਮਿੱਲ ਮਾਲਕਾਂ ਵਿਚਾਲੇ ਹੋਏ ਫ਼ੈਸਲੇ ਮੁਤਾਬਕ ਰਾਜ ਸਰਕਾਰ 25 ਰੁਪਏ ਪ੍ਰਤੀ ਕੁਇੰਟਲ ਦੀ ਸਿੱਧੀ ਅਦਾਇਗੀ ਕਿਸਾਨਾਂ ਨੂੰ ਕਰੇਗੀ ਤੇ ਨਿੱਜੀ ਖੰਡ ਮਿੱਲ ਮਾਲਕ ਕਿਸਾਨਾਂ ਨੂੰ 285 ਰੁਪਏ ਪ੍ਰਤੀ ਕੁਇੰਟਲ ਦੇਣਗੇ। ਇਸ ਦੇ ਨਾਲ ਮੁੱਖ ਮੰਤਰੀ ਨੇ ਪ੍ਰਾਈਵੇਟ ਖੰਡ ਮਿੱਲ ਮਾਲਕਾਂ ਵੱਲੋਂ ਚੁੱਕੇ ਕਰਜ਼ੇ ’ਤੇ ਵਿਆਜ ਦੇ 65 ਕਰੋੜ ਰੁਪਏ ਤੁਰੰਤ ਜਾਰੀ ਕਰਨ ਦਾ ਵੀ ਐਲਾਨ ਕੀਤਾ। ਅੱਜ ਦੇ ਇਸ ਫ਼ੈਸਲੇ ਨਾਲ ਸਰਕਾਰ ਨੂੰ 162.5 ਕਰੋੜ ਰੁਪਏ ਭਾਅ ਵਿਚਲੇ ਫ਼ਰਕ ਦੇ ਤੇ 65 ਕਰੋੜ ਰੁਪਏ ਵਿਆਜ਼ ਸਣੇ ਕੁੱਲ 230 ਕਰੋੜ ਰੁਪਏ ਦੇਣੇ ਪੈਣਗੇ।
ਇਹ ਫ਼ੈਸਲਾ ਅੱਜ ਬਾਅਦ ਦੁਪਹਿਰ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ ਪ੍ਰਾਈਵੇਟ ਮਿੱਲ ਮਾਲਕਾਂ ਨਾਲ ਹੋਈ ਮੀਟਿੰਗ ਵਿਚ ਕੀਤਾ ਗਿਆ ਜਦੋਂਕਿ ਫ਼ੈਸਲੇ ਬਾਰੇ ਕੁਝ ਸਮਾਂ ਪਹਿਲਾਂ ਹੀ ਸਹਿਮਤੀ ਹੋ ਗਈ ਸੀ। ਭਾਵੇਂ ਸਰਕਾਰ ਤੇ ਮਿੱਲ ਮਾਲਕਾਂ ’ਚ ਸਮਝੌਤਾ ਹੋ ਚੁੱਕਾ ਸੀ ਪਰ ਫਗਵਾੜਾ ਵਿਚ ਅੰਦੋਲਨ ਕਰ ਰਹੇ ਕਿਸਾਨਾਂ ਨੇ ਉਸ ਸਮੇਂ ਹੀ ਜੀਟੀ ਰੋਡ ਤੋਂ ਜਾਮ ਹਟਾਉਣ ਦਾ ਫ਼ੈਸਲਾ ਕੀਤਾ ਜਦੋਂ ਸੰਦੜ ਵਾਹਦ ਮਿੱਲ ਦੇ ਪ੍ਰਬਧਕਾਂ ਨੇ ਕਿਸਾਨਾਂ ਨੂੰ 15 ਜਨਵਰੀ ਤਕ ਪਿਛਲੀ ਸਾਰੀ ਅਦਾਇਗੀ ਕਰਨ ਦਾ ਵਾਅਦਾ ਕੀਤਾ। ਪ੍ਰਾਪਤ ਜਾਣਕਾਰੀ ਅੁਨਸਾਰ ਮੁੱਖ ਮੰਤਰੀ ਨੇ ਦੁਪਹਿਰੇ 12 ਵਜੇ ਦੇ ਕਰੀਬ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਨਿੱਜੀ ਖੰਡ ਮਿੱਲ ਮਾਲਕਾਂ ਨਾਲ ਮਾਮਲਾ ਨਿਬੇੜਨ ਦੀ ਡਿਊਟੀ ਲਾਈ ਤੇ ਉਨ੍ਹਾਂ ਨੇ ਉਸ ਤੋਂ ਬਾਅਦ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਕੋਠੀ ਵਿਚ ਮਿੱਲ ਮਾਲਕਾਂ ਨਾਲ ਮੀਟਿੰਗ ਕੀਤੀ। ਦੋਵਾਂ ਧਿਰਾਂ ਵਿਚਾਲੇ ਚਰਚਾ ਪਿਛੋਂ ਢਾਈ ਵਜੇ ਦੇ ਕਰੀਬ 35 ਰੁਪਏ ਪ੍ਰਤੀ ਕੁਇੰਟਲ ਵਿਚੋਂ ਪੰਜਾਬ ਸਰਕਾਰ ਨੇ 25 ਰੁਪਏ ਅਦਾ ਕਰਨ ਦੀ ਸਹਿਮਤੀ ਦਿੱਤੀ।