ਕੈਪਟਨ ਦੀ ਰਿਹਾਇਸ਼ ਅੱਗੇ ਧਰਨਾ ਨਾ ਦੇ ਸਕੇ ‘ਆਪ’ ਆਗੂ

ਚੰਡੀਗੜ੍ਹ ਪੁਲੀਸ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਆਲੇ-ਦੁਆਲੇ ਖੜ੍ਹੀਆਂ ਕੀਤੀਆਂ ਸਖਤ ਰੋਕਾਂ ਕਾਰਨ ਆਮ ਆਦਮੀ ਪਾਰਟੀ (ਆਪ) ਦੇ ਆਗੂ ਮੁੱਖ ਮੰਤਰੀ ਦੀ ਰਿਹਾਇਸ਼ ਦੇ ਨੇੜੇ ਨਾ ਜਾ ਸਕੇ। ਪੁਲੀਸ ਰੋਕਾਂ ਕਾਰਨ ਮੁੱਖ ਮੰਤਰੀ ਤੇ ਹੋਰਨਾਂ ਮੰਤਰੀਆਂ ਦੇ ਘਰ ਜਾਣ ਵਾਲੇ ਲੋਕਾਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ‘ਆਪ’ ਦੇ ਆਗੂ ਚੰਡੀਗੜ੍ਹ ਕਲੱਬ ਨੂੰ ਜਾਂਦੀ ਸੜਕ ਤੱਕ ਤਾਂ ਪਹੁੰਚ ਗਏ ਸਨ ਪਰ ਉਹ ਉਸ ਤੋਂ ਅੱਗੇ ਨਾ ਜਾਣ ਦਿੱਤੇ ਗਏ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਪੁਲੀਸ ਅਫ਼ਸਰਾਂ ਨਾਲ ਬਹਿਸ ਵੀ ਹੋਈ ਤੇ ਪੁਲੀਸ ਨੇ ਦਫ਼ਾ 144 ਲੱਗੀ ਹੋਣ ਦਾ ਹਵਾਲਾ ਦੇ ਕੇ ਧਰਨਾ ਨਾ ਦੇਣ ਲਈ ਕਿਹਾ। ਪੁਲੀਸ ਦੀ ਘੁਰਕੀ ਤੋਂ ਬਾਅਦ ‘ਆਪ’ ਆਗੂਆਂ ਨੇ ਵੀ ਰੁਖ਼ ਬਦਲ ਲਿਆ ਤੇ 4-4 ਦੇ ਗਰੁੱਪ ਵਿੱਚ ਭੁੱਖ ਹੜਤਾਲ ਤੇ ਧਰਨਾ ਦੇਣ ਦਾ ਫ਼ੈਸਲਾ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ‘ਆਪ’ ਆਗੂਆਂ ਨੇ ਗੁਰਦੁਆਰਾ ਨਾਢਾ ਸਹਿਬ ਤੋਂ ਅਰਦਾਸ ਕੀਤੀ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਚਾਲੇ ਪਾਏ। ‘ਆਪ’ ਆਗੂਆਂ ਨੇ ਬਰਗਾੜੀ ਤੇ ਗੋਲੀ ਕਾਂਡ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਹਰਪਾਲ ਸਿੰਘ ਚੀਮਾ, ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਅਤੇ ‘ਆਪ’ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਦੀ ਅਗਵਾਈ ’ਚ ‘ਆਪ’ ਆਗੂ ਜਿਵੇਂ ਹੀ ਸੈਕਟਰ-2 ਸਥਿਤ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਵੱਲ ਵਧੇ ਪਹਿਲਾਂ ਹੀ ਭਾਰੀ ਗਿਣਤੀ ’ਚ ਤੈਨਾਤ ਪੁਲੀਸ ਫੋਰਸ ਨੇ ਉਨ੍ਹਾਂ ਨੂੰ ਰੋਕ ਲਿਆ। ਪੁਲੀਸ ਅਧਿਕਾਰੀਆਂ ਨੇ ਵੀਵੀਆਈਪੀ ਸਕਿਉਰਿਟੀ ਜ਼ੋਨ ਦਾ ਹਵਾਲਾ ਦਿੰਦੇ ਹੋਏ ‘ਆਪ’ ਆਗੂਆਂ ਨੂੰ ਪਿੱਛੇ ਧੱਕਣਾ ਸ਼ੁਰੂ ਕਰ ਦਿੱਤਾ, ਪਰ ‘ਆਪ’ ਆਗੂ ਉੱਥੇ ਹੀ ਧਰਨੇ ਅਤੇ ਭੁੱਖ ਹੜਤਾਲ ’ਤੇ ਬੈਠਣ ਲਈ ਬਜ਼ਿੱਦ ਰਹੇ। ਪੁਲੀਸ ਨਾਲ ਬਹਿਸ ਮਗਰੋਂ ਸਿਰਫ਼ 4 ਵਿਧਾਇਕਾਂ ਨੂੰ ਹੀ ਮੁੱਖ ਮੰਤਰੀ ਘਰ ਨੇੜੇ ਪਾਰਕ ’ਚ ਭੁੱਖ ਹੜਤਾਲ ’ਤੇ ਬੈਠਣ ਦੀ ਇਜਾਜ਼ਤ ਦਿੱਤੀ ਗਈ। ਇਸ ’ਤੇ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਪ੍ਰੋ. ਸਾਧੂ ਸਿੰਘ ਅਤੇ ਪ੍ਰੋ. ਬਲਜਿੰਦਰ ਕੌਰ ਭੁੱਖ ਹੜਤਾਲ ’ਤੇ ਬੈਠ ਗਏ। ਬਾਅਦ ’ਚ ਪ੍ਰੋ. ਸਾਧੂ ਸਿੰਘ ਦੀ ਥਾਂ ਪ੍ਰਿੰਸੀਪਲ ਬੁੱਧ ਰਾਮ ਬੈਠੇ। ਹੋਰਨਾਂ ਵਿਧਾਇਕਾਂ ’ਚ ਵਿਰੋਧੀ ਧਿਰ ਦੀ ਉੱਪ ਨੇਤਾ ਸਰਬਜੀਤ ਕੌਰ ਮਾਣੂੰਕੇ, ਕੁਲਤਾਰ ਸਿੰਘ ਸੰਧਵਾਂ, ਮੀਤ ਹੇਅਰ ਅਤੇ ਅਮਰਜੀਤ ਸਿੰਘ ਸੰਦੋਆ ਵੀ ਪਹੁੰਚੇ। ਮੀਡੀਆ ਨਾਲ ਗੱਲਬਾਤ ਕਰਦਿਆਂ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਬੇਅਦਬੀਆਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਸੰਗਤ ਇਨਸਾਫ਼ ਲਈ ਪਿਛਲੇ ਤਿੰਨ ਸਾਲਾਂ ਤੋਂ ਬਰਗਾੜੀ ਜਾ ਰਹੀ ਹੈ। ਇਸ ਤਹਿਤ ਭਲਕੇ 7 ਅਕਤੂਬਰ ਨੂੰ ਬਤੌਰ ਸੰਗਤ ‘ਆਪ’ ਵਿਧਾਇਕ, ਸੰਸਦ ਮੈਂਬਰ ਅਤੇ ਆਗੂ ਵਲੰਟੀਅਰ ਵੀ ਬਰਗਾੜੀ ਨਤਮਸਤਕ ਹੋਣ ਜਾ ਰਹੇ ਹਨ। ਉਨ੍ਹਾਂ ਕਿਹਾ ਸੰਗਤ ਨੂੰ ਇਨਸਾਫ਼ ਅਤੇ ਦੋਸ਼ੀਆਂ ਨੂੰ ਸਜ਼ਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਣੀ ਹੈ, ਇਸ ਲਈ ਅੱਜ ‘ਆਪ’ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੇ ਇੱਥੇ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਅੱਗੇ ਭੁੱਖ ਹੜਤਾਲ ਅਤੇ ਸੰਕੇਤਕ ਰੋਸ ਧਰਨਾ ਦਿੱਤਾ ਹੈ। ‘ਆਪ’ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਉੱਤੇ ਬਾਦਲਾਂ ਨਾਲ ਰਲੇ ਹੋਣ ਅਤੇ ਉਨ੍ਹਾਂ ਨੂੰ ਬਚਾਉਣ ਦੇ ਦੋਸ਼ ਵੀ ਲਗਾਏ। ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਕੁਰਾਨ ਸ਼ਰੀਫ਼ ਬੇਅਦਬੀ ਕੇਸ ਦੀ ਸੰਗਰੂਰ ਦੀ ਅਦਾਲਤ ’ਚ ਚੱਲ ਰਹੀ ਸੁਣਵਾਈ ਦੌਰਾਨ ਕੈਪਟਨ ਸਰਕਾਰ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਦੇ ਉਲਟ ਸਟੈਂਡ ਲੈ ਕੇ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ ਹਨ। ਸਾਰਾ ਦਿਨ ਦੀ ਭੁੱਖ ਹੜਤਾਲ ਮਗਰੋਂ ਸ਼ਾਮ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐੱਸਡੀ ਸੰਦੀਪ ਬਰਾੜ ਮੰਗ ਪੱਤਰ ਲੈਣ ਪਹੁੰਚੇ। ਮੰਗ ਪੱਤਰ ਨਾਲ ਪੈਨ ਡਰਾਈਵ ’ਚ ਕਾਂਗਰਸੀ ਮੰਤਰੀਆਂ ਵੱਲੋਂ ਸਦਨ ’ਚ ਬਾਦਲਾਂ ਅਤੇ ਹੋਰ ਸਾਰੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਲਈ ਝੋਲੀਆਂ ਅੱਡ-ਅੱਡ ਕੀਤੀਆਂ ਫ਼ਰਿਆਦਾਂ ਵੀ ਭੇਜੀਆਂ। ਮੰਗ ਪੱਤਰ ਦਿੱਤੇ ਜਾਣ ਮਗਰੋਂ ਵਿਧਾਇਕਾਂ ਨੇ ਭੁੱਖ ਹੜਤਾਲ ਅਤੇ ਸੰਕੇਤਕ ਧਰਨਾ ਚੁੱਕ ਦਿੱਤਾ।