ਕੈਪਟਨ ਅਤੇ ਬਾਦਲ ਇੱਕੋ ਸਿੱਕੇ ਦੇ ਪਹਿਲੂ: ਭਗਵੰਤ ਮਾਨ

ਹਲਕਾ ਖਰੜ ਦੇ ਵਿਧਾਇਕ ਕੰਵਰ ਸੰਧੂ ਵੱਲੋਂ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਖ਼ਿਲਾਫ਼ ਮੋਰਚਾ ਖੋਲ੍ਹਣ ਤੋਂ ਬਾਅਦ ਅੱਜ ਇਸੇ ਹਲਕੇ ਤੋਂ ਪਾਰਟੀ ਟਿਕਟ ਦੇ ਦਾਅਵੇਦਾਰ ਮੰਨੇ ਜਾ ਰਹੇ ‘ਆਪ’ ਆਗੂ ਨਰਿੰਦਰ ਸਿੰਘ ਸ਼ੇਰਗਿੱਲ ਨੇ ਇੱਥੇ ਰੈਲੀ ਕੀਤੀ। ਇਸ ਮੌਕੇ ਪਾਰਟੀ ਦੇ ਪ੍ਰਮੁੱਖ ਆਗੂ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਡਾ. ਬਲਵੀਰ ਸਿੰਘ ਹਾਜ਼ਰ ਸਨ। ‘ਪੰਜਾਬ ਜੋੜੋ’ ਦੇ ਬੈਨਰ ਹੇਠ ਕੀਤੀ ਗਈ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਆਗੂ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮਜ਼ਾਹੀਆ ਲਹਿਜ਼ੇ ਵਿੱਚ ਅਕਾਲੀ ਦਲ ਅਤੇ ਕਾਂਗਰਸ ਨੂੰ ਚੰਗੇ ਰਗੜੇ ਲਾਏ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਰਦੇ ਪਿੱਛੇ ਇਕਮਤ ਹਨ ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੋਵਾਂ ਦਾ ਹਰ ਸੰਵੇਦਨਸ਼ੀਲ ਮੁੱਦੇ ਉੱਤੇ ਇਕ ਦੂਜੇ ਨੂੰ ਬਚਾਉਣ ਇਸ ਗੱਲ ਦੀ ਪੁਸ਼ਟੀ ਕਰਦਾ ਹੈ। ਸੰਸਦ ਮੈਂਬਰ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਨਤਕ ਹੋਣ ਤੋਂ ਬਾਅਦ ਵੀ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਖ਼ਿਲਾਫ਼ ਕੋਈ ਠੋਸ ਕਾਰਵਾਈ ਕਰਨੀ ਵਾਜਬ ਨਹੀਂ ਸਮਝੀ। ਸ਼੍ਰੋਮਣੀ ਅਕਾਲੀ ਦਲ ਨੂੰ ਰਗੜੇ ਲਾਉਂਦਿਆਂ ਭਗਵੰਤ ਮਾਨ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਮੋਹ ਨੇ ਅਕਾਲੀ ਦਲ ਨੂੰ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਤਿੱਖੀ ਸ਼ਬਦਾਵਲੀ ਵਰਤਦਿਆਂ ਕਿਹਾ ਕਿ ਬਾਦਲਾਂ ਦੀ ਨਿਗ੍ਹਾ ਪੰਥਕ ਮੁੱਦਿਆਂ ’ਤੇ ਨਹੀਂ ਸਗੋਂ ਗੁਰਧਾਮਾਂ ਦੀ ਗੋਲਕ ਉੱਤੇ ਹੈ, ਜਿਸ ਨੂੰ ਉਹ ਸਿਆਸੀ ਅਤੇ ਨਿੱਜੀ ਹਿੱਤਾਂ ਲਈ ਵਰਤਦੇ ਆ ਰਹੇ ਹਨ। ਇਸੇ ਦੌਰਾਨ ਆਮ ਆਦਮੀ ਪਾਰਟੀ ਵਿੱਚ ਬਗਾਵਤ ਕਰਨ ਵਾਲੇ ਕਿਸੇ ਵੀ ਆਗੂ ਦਾ ਨਾਂ ਲਏ ਬਗੈਰ ਭਗਵੰਤ ਮਾਨ ਨੇ ਕਿਹਾ ਕਿ ਪਾਰਟੀਆਂ ਨਾਲ ਬਗਾਵਤ ਕਰਨ ਵਾਲੇ ਹਮੇਸ਼ਾ ਨਾਕਾਮ ਹੁੰਦੇ ਹਨ ਜਦਕਿ ਪਾਰਟੀ ਨਾਲ ਡੱਟ ਕੇ ਖੜ੍ਹਨ ਵਾਲੇ ਆਗੂਆਂ ਨੂੰ ਲੋਕ ਖਿੜੇ ਮੱਥੇ ਸਵੀਕਾਰਦੇ ਹਨ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਹਰ ਫਰੰਟ ’ਤ ਨਾਕਾਮ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਸਪੱਸ਼ਟ ਹੋ ਗਿਆ ਹੈ ਕਿ ਬਾਦਲਾਂ ਨੇ ਹੀ ਸਿਆਸੀ ਲਾਹਾ ਲੈਣ ਲਈ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕਰਵਾਈ ਸੀ। ਇਸ ਮੌਕੇ ਹਾਜ਼ਰ ‘ਆਪ’ ਦੇ ਸਹਿ-ਪ੍ਰਧਾਨ ਡਾ. ਬਲਵੀਰ ਸਿੰਘ, ਹਲਕਾ ਰੂਪਨਗਰ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਪਾਰਟੀ ਹਾਈ ਕਮਾਂਡ ਤੋਂ ਨੌਜਵਾਨ ਆਗੂ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਕੋਈ ਵੱਡੀ ਜ਼ਿੰਮੇਵਾਰੀ ਸੌਂਪਣ ਦੀ ਮੰਗ ਕੀਤੀ। ਨਰਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਉਹ ਪਾਰਟੀ ਹਾਈ ਕਮਾਂਡ ਦੇ ਹਰ ਫ਼ੈਸਲੇ ਨੂੰ ਸਵੀਕਾਰ ਕਰਨਗੇ ਤੇ ਸਾਥ ਦੇਣਗੇ।