ਕੇਂਦਰ ਵੱਲੋਂ ਗ਼ੈਰਜ਼ਰੂਰੀ ਵਸਤਾਂ ਦੀਆਂ ਦਰਾਮਦਾਂ ਰੋਕਣ ਦਾ ਫ਼ੈਸਲਾ

ਕੇਂਦਰ ਸਰਕਾਰ ਨੇ ਵਿਦੇਸ਼ਾਂ ਤੋਂ ਉਧਾਰ ਲੈਣ ਸਬੰਧੀ ਨਿਯਮਾਂ ਨੂੰ ਨਰਮ ਕਰਨ ਅਤੇ ਗ਼ੈਰਜ਼ਰੂਰੀ ਦਰਾਮਦਾਂ ਉਤੇ ਰੋਕਾਂ ਲਾਉਣ ਦਾ ਫ਼ੈਸਲਾ ਕੀਤਾ ਹੈ ਤਾਂ ਕਿ ਵਧ ਰਹੇ ਚਾਲੂ ਖ਼ਾਤਾ ਘਾਟੇ (ਸੀਏਡੀ) ਅਤੇ ਰੁਪਏ ਦੀ ਡਿੱਗ ਰਹੀ ਕੀਮਤ ਨੂੰ ਰੋਕਿਆ ਜਾ ਸਕੇ। ਇਹ ਫ਼ੈਸਲੇ ਅੱਜ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਲਏ ਗਏ, ਜਿਹੜੀ ਮੁਲਕ ਦੀ ਮਾਲੀ ਹਾਲਤ ’ਤੇ ਗ਼ੌਰ ਕਰਨ ਲਈ ਸੱਦੀ ਗਈ ਸੀ। ਵਿੱਤ ਮੰਤਰੀ ਅਰੁਣ ਜੇਤਲੀ ਨੇ ਮੀਡੀਆ ਨੂੰ ਦੱਸਿਆ ਕਿ ਇਸ ਮੌਕੇ ਭਾਰਤੀ ਰਿਜ਼ਰਵ ਬੈਂਕ ਤੇ ਵਿੱਤ ਮੰਤਰਾਲੇ ਦੇ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਦੇਸ਼ ਦੀ ਮਾਲੀ ਹਾਲਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਫ਼ੈਸਲਿਆਂ ਦਾ ਟੀਚਾ ਸੀਏਡੀ ਨੂੰ ਵਧਣੋਂ ਰੋਕਣਾ ਅਤੇ ਦੇਸ਼ ’ਚ ਵਿਦੇਸ਼ੀ ਕਰੰਸੀ ਦਾ ਵਹਾਅ ਵਧਾਉਣਾ ਹੈ।
ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਬਰਾਮਦਾਂ ਵਧਾਉਣ ਅਤੇ ਦਰਾਮਦਾਂ ਰੋਕਣ ਲਈ ਕਦਮ ਚੁੱਕੇ ਜਾਣਗੇ। ਸ੍ਰੀ ਜੇਤਲੀ ਨੇ ਕਿਹਾ, ‘‘ਵਧ ਰਹੇ ਸੀਏਡੀ ਦੇ ਮੁੱਦੇ ਉਤੇ ਕੇਂਦਰ ਸਰਕਾਰ ਗ਼ੈਰਜ਼ਰੂਰੀ ਦਰਾਮਦਾਂ ਰੋਕਣ ਤੇ ਬਰਾਮਦਾਂ ਵਧਾਉਣ ਲਈ ਕਦਮ ਚੁੱਕੇਗੀ। ਇਸ ਤਹਿਤ ਜਿਨ੍ਹਾਂ ਵਸਤਾਂ ਦੀ ਦਰਾਮਦ ਘਟਾਈ ਜਾਣੀ ਹੈ, ਉਨ੍ਹਾਂ ਬਾਰੇ ਫ਼ੈਸਲਾ ਸਬੰਧਤ ਮੰਤਰਾਲਿਆਂ ਨਾਲ ਮਸ਼ਵਰਾ ਕਰ ਕੇ ਤੇ ਡਬਲਿਊਟੀਓ ਨਿਯਮਾਂ ਮੁਤਾਬਕ ਲਿਆ ਜਾਵੇਗਾ।’’ ਰੁਪਏ ਦੀ ਕੀਮਤ ਵਿੱਚ ਲਗਾਤਾਰ ਆ ਰਹੀ ਗਿਰਾਵਟ ਅਤੇ ਤੇਲ ਦੀਆਂ ਕੀਮਤਾਂ ਵਧਣ ਕਾਰਨ ਅਰਥਚਾਰੇ ਦੀ ਵਿਗੜ ਰਹੀ ਹਾਲਤ ਦੇ ਮੱਦੇਨਜ਼ਰ ਸਰਕਾਰ ਨੂੰ ਇਹ ਕਦਮ ਚੁੱਕਣੇ ਪਏ ਹਨ।