ਕੁਲਗਾਮ ਵਿਚ ਤਿੰਨ ਅਤਿਵਾਦੀ ਅਤੇ ਇੱਕ ਫ਼ੌਜੀ ਹਲਾਕ

ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਹੋਏ ਇੱਕ ਮੁਕਾਬਲੇ ਵਿੱਚ ਤਿੰਨ ਅਤਿਵਾਦੀ ਅਤੇ ਇੱਕ ਫ਼ੌਜੀ ਮਾਰੇ ਗਏ ਹਨ ਜਦਕਿ ਕੁਲਗਾਮ ਅਤੇ ਪੁਲਵਾਮਾ ਜ਼ਿਲ੍ਹਿਆਂ ਵਿਚ ਹੋਏ ਦੋ ਵੱਖਰੇ ਮੁਕਾਬਲਿਆਂ ਵਿੱਚ ਦੋ ਜਵਾਨ ਜ਼ਖ਼ਮੀ ਹੋ ਗਏ ਹਨ। ਪੁਲੀਸ ਨੇ ਦੱਸਿਆ ਕਿ ਕੁਲਗਾਮ ਮੁਕਾਬਲੇ ਵਿੱਚ ਲਸ਼ਕਰ ਏ ਤੋਇਬਾ ਨਾਲ ਜੁੜੇ ਦੋ ਅਤਿਵਾਦੀ ਮਾਰੇ ਗਏ ਹਨ ਜਦਕਿ ਪੁਲਵਾਮਾ ਵਿਚ ਮਾਰਿਆ ਗਿਆ ਇੱਕ ਅਤਿਵਾਦੀ ਆਈਐਸ ਦੀ ਹੀ ਸਹਿਯੋਗੀ ਜਥੇਬੰਦੀ ਅੰਸਾਰ ਗਜ਼ਵਤਉਲ ਹਿੰਦ ਨਾਲ ਜੁੜਿਆ ਹੋਇਆ ਸੀ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅੱਧੀ ਰਾਤ ਸੁਰੱਖਿਆ ਬਲਾਂ ਨੇ ਕੁਲਗਾਮ ਜ਼ਿਲ੍ਹੇ ਦੇ ਰੇਡਵਾਨੀ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਸੀ। ਉਨ੍ਹਾਂ ਦੱਸਿਆ ਕਿ ਇਲਾਕੇ ਵਿਚ ਅਤਿਵਾਦੀ ਮੌਜੂਦ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਇਹ ਮੁਹਿੰਮ ਚਲਾਈ ਗਈ ਸੀ। ਉਨ੍ਹਾਂ ਦੱਸਿਆ ਕਿ ਕਿ ਅਜੇ ਤਲਾਸ਼ੀ ਮੁਹਿੰਮ ਚੱਲ ਰਹੀ ਸੀ ਕਿ ਅਤਿਵਾਦੀਆਂ ਨੇ ਸੁਰੱਖਿਆ ਬਲਾਂ ਉੱਤੇ ਹਮਲਾ ਕਰ ਦਿੱਤਾ। ਇਸ ਦੌਰਾਨ ਹੋਈ ਗੋਲੀਬਾਰੀ ਵਿਚ ਦੋ ਅਤਿਵਾਦੀ ਮਾਰੇ ਗਏ ਜਦਕਿ ਤਿੰਨ ਫ਼ੌਜੀ ਜ਼ਖ਼ਮੀ ਹੋ ਗਏ। ਇੱਕ ਜ਼ਖਮੀ ਫ਼ੌਜੀ ਦੀ ਹਸਪਤਾਲ ਵਿਚ ਮੌਤ ਹੋ ਗਈ ਜਿਸਦੀ ਪਛਾਣ ਪ੍ਰਕਾਸ਼ ਜਾਧਵ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਤੋਂ ਹਥਿਆਰ, ਅਸਲਾ ਅਤੇ ਹੋਰ ਸਾਮਾਨ ਬਰਾਮਦ ਹੋਇਆ ਹੈ। ਕੁਲਗਾਮ ਵਿਚ ਮਾਰੇ ਗਏ ਅਤਿਵਾਦੀਆਂ ਦੀ ਪਛਾਣ ਅਜਾਜ ਅਹਿਮਦ ਮਕਰੂ ਅਤੇ ਵਾਰਿਸ ਅਹਿਮਦ ਮਲਿਕ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮਕਰੂ ਲਸ਼ਕਰ ਏ ਤੋਇਬਾ ਦੇ ਕਮਾਂਡਰ ਨਾਵੇਦ ਜਾਟ ਅਤੇ ਅਜ਼ਾਦ ਦਾਦਾ ਦਾ ਨਜ਼ਦੀਕੀ ਸੀ। ਪੁਲਵਾਮਾ ਜ਼ਿਲ੍ਹੇ ਵਿਚ ਹੋਏ ਇੱਕ ਹੋਰ ਮੁਕਾਬਲੇ ਵਿਚ ਮਾਰੇ ਗਏ ਅਤਿਵਾਦੀ ਦੀ ਪਛਾਣ ਅੰਸਾਰ ਗਜ਼ਵਤਉਲ ਹਿੰਦ ਨਾਲ ਜੁੜੇ ਸ਼ਾਕਿਰ ਹਸਨ ਡਾਰ ਵਜੋਂ ਹੋਈ ਹੈ ਜੋ ਸਾਲ 2015 ਤੋਂ ਅਤਿਵਾਦੀ ਸਰਗਰਮੀਆਂ ਨਾਲ ਜੁੜਿਆ ਹੋਇਆ ਸੀ।