ਕਿਸਾਨਾਂ ਵੱਲੋਂ 35 ਕਿੱਲੇ ਪਰਾਲੀ ਸਾੜ ਕੇ ਸਰਕਾਰ ਵਿਰੁੱਧ ਮੁਜ਼ਾਹਰਾ

ਪੰਜਾਬ ਸਰਕਾਰ ਦੇ ਵਾਅਦਿਆਂ ਦੇ ਬਾਵਜੂਦ ਮਾਲਵਾ ਖੇਤਰ ਵਿੱਚ ਸਰਕਾਰੀ ਅਧਿਕਾਰੀ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਕਿਸਾਨਾਂ ਨੂੰ ਰੋਕਣ ਲਈ ਬੇਵਸ ਹੋਣ ਲੱਗੇ ਹਨ। ਕੋਈ ਅਧਿਕਾਰੀ ਖੇਤਾਂ ਵਿੱਚ ਜਾਣ ਦਾ ਹੀਆ ਨਹੀਂ ਕਰ ਰਿਹਾ ਹੈ। ਇਸ ਵਾਰ ਕਿਸਾਨ ਜਥੇਬੰਦੀਆਂ ਦੇ ਆਸਰੇ ਨਾਲ ਪਰਾਲੀ ’ਤੇ ਸੀਖ ਘਸਾਈ ਜਾਣ ਲੱਗੀ ਹੈ। ਖੇਤੀ ਮਹਿਕਮੇ ਦਾ ਕੋਈ ਵੀ ਅਧਿਕਾਰੀ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਨਾ ਹੀ ਪਿੰਡਾਂ ’ਚ ਜਾ ਰਿਹਾ ਹੈ ਅਤੇ ਨਾ ਹੀ ਇਸ ਦੇ ਔਗਣਾਂ ਨੂੰ ਦੱਸਣ ਲਈ ਵਿਭਾਗ ਵੱਲੋਂ ਵਿਸ਼ੇਸ਼ ਕੈਂਪ ਲਾਏ ਜਾ ਰਹੇ ਹਨ। ਇਸ ਵਾਰ ਮਾਲਵਾ ਖੇਤਰ ਵਿੱਚ ਪਹਿਲਾਂ ਦੇ ਮੁਕਾਬਲੇ ਝੋਨੇ ਹੇਠ ਵੱਧ ਰਕਬਾ ਹੋਣ ਕਾਰਨ ਇਹ ਦਿੱਕਤ ਆਮ ਸਾਲਾਂ ਨਾਲੋਂ ਵੱਡੀ ਬਣਨ ਲੱਗੀ ਹੈ। ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ’ਤੇ ਲਾਈ ਪਾਬੰਦੀ ਦਾ ਦਿਵਾਲਾ ਨਿਕਲ ਗਿਆ ਹੈ।
ਇਸ ਵਾਰ ਭਾਵੇਂ ਕਿਸਾਨਾਂ ਨੂੰ ਮੀਡੀਆ ਰਾਹੀਂ ਪ੍ਰੇਰਿਤ ਕਰਨ ਦੇ ਯਤਨ ਵੱਧ ਹੋਏ ਹਨ, ਪਰ ਇਸ ਦੇ ਬਾਵਜੂਦ ਸਰਕਾਰੀ ਤੌਰ ’ਤੇ ਲਾਈਆਂ ਇਹ ਪਾਬੰਦੀਆਂ ਰੁਲ ਗਈਆਂ ਹਨ ਤੇ ਸ਼ਰ੍ਹੇਆਮ ਪਰਾਲੀਆਂ ਫੂਕੀਆਂ ਜਾ ਰਹੀਆਂ ਹਨ, ਜਦੋਂਕਿ ਸਰਕਾਰੀ ਆਦੇਸ਼ਾਂ ਮੁਤਾਬਿਕ ਅਜੇ ਤੱਕ ਇੱਕ ਵੀ ਕਿਸਾਨ ’ਤੇ ਪਰਾਲੀ ਨੂੰ ਅੱਗ ਲਾਉਣ ਦਾ ਕੇਸ ਦਰਜ ਹੋਣ ਵਾਲਾ ਮਾਮਲਾ ਸ਼ਰ੍ਹੇਆਮ ਸਾਹਮਣੇ ਨਹੀਂ ਆਇਆ। ਕਿਸਾਨਾਂ ਦਾ ਕਹਿਣਾ ਕਿ ਉਹ ਇਹ ਅੱਗਾਂ ਸ਼ੌਕ ਨੂੰ ਨਹੀਂ, ਸਗੋਂ ਮਜ਼ਬੂਰੀ ਕਾਰਨ ਲਾ ਰਹੇ ਹਨ। ਕਿਸਾਨ ਖੁਦ ਕਹਿੰਦੇ ਹਨ ਕਿ ਇਸ ਮਾਮਲੇ ਲਈ ਸਰਕਾਰ ਸੁੱਤੀ ਪਈ ਹੈ ਤੇ ਜੇ ਉਹ ਜਾਗ ਪਵੇ ਤਾਂ ਕਿਸਾਨਾਂ ਦੇ ਖੇਤਾਂ ’ਚੋਂ ਆਪਣੇ ਤੌਰ ’ਤੇ ਇਸ ਪਰਾਲੀ ਨੂੰ ਚੁੱਕਣ ਦਾ ਉਪਰਾਲਾ ਕਰੇ ਤੇ ਕਿਸਾਨਾਂ ਨੂੰ ਜ਼ਮੀਨ ’ਚ ਹੀ ਪਰਾਲੀ ਧੱਸ ਕੇ ਨਸ਼ਟ ਕਰਨ ਵਾਲੇ ਰੋਟਾਵੇਟਰ ਵਰਗੇ ਖੇਤੀ ਸੰਦ ਘੱਟ ਰੇਟ ’ਤੇ ਦੇਵੇ ਤੇ ਕਿਸਾਨ ਪਰਾਲੀਆਂ ਨੂੰ ਫੂਕਣ ਵਰਗਾ ਸਿਆਪਾ ਹੀ ਨਾ ਸਹੇੜੇ। ਬੇਸ਼ੱਕ ਕੁਝ ਪ੍ਰਾਈਵੇਟ ਲੋਕਾਂ ਨੇ ਪਰਾਲੀ ਦੀਆਂ ਗੱਠਾਂ ਬਣਾ ਕੇ ਵੇਚਣ ਦਾ ਜੁਗਾੜ ਕਰ ਲਿਆ ਹੈ, ਪਰ ਅਜਿਹੇ ਬੇਲਰਾਂ ਦੀ ਗਿਣਤੀ ਘੱਟ ਹੋਣ ਕਾਰਨ ਸਾਰੇ ਕਿਸਾਨਾਂ ਦੇ ਖੇਤ ਸਮੇਂ ਸਿਰ ਖਾਲੀ ਹੋਣ ’ਚ ਵੱਡੀ ਦਿਕੱਤ ਖੜ੍ਹੀ ਹੋਣ ਲੱਗੀ ਹੈ ਤੇ ਨਾ ਹੀ ਇਸ ਵਾਰ ਮਹਿਕਮੇ ਦੇ ਬੇਲਰ ਖੇਤਾਂ ’ਚ ਚੱਲਣ ਲੱਗੇ ਹਨ। ਖੇਤੀ ਅਧਿਕਾਰੀਆਂ ਦੇ ਖੇਤਾਂ ਤੋਂ ਦੂਰ ਹੋਣ ਕਾਰਨ ਹਰ ਰੋਜ਼ ਸੈਂਕੜੇ ਏਕੜ ਝੋਨੇ ਦੀ ਪਰਾਲੀ ਲਾਂਹ ਡੱਬੀ ’ਤੇ ਤੀਲੀ ਘਸਾਈ ਜਾਂਦੀ ਹੈ।
ਉਧਰ, ਅੱਜ ਪਿੰਡ ਰੱਲਾ ਵਿੱਚ 35 ਕਿੱਲੇ ਝੋਨੇ ਦੀ ਪਰਾਲੀ ਸਾੜ ਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕੇਤਾ (ਡਕੌਂਦਾ) ਦੇ ਆਗੂ ਮਹਿੰਦਰ ਸਿੰਘ ਭੈਣੀਬਾਘਾ, ਬੱਲਾ ਸਿੰਘ ਰੱਲਾ ਨੇ ਕਿਹਾ ਕਿ ਸਰਕਾਰ ਵਿਰੁੱਧ ਇਹ ਪਰਾਲੀ ਸਾੜਨ ਦਾ ਪ੍ਰਦਰਸ਼ਨ ਹਮੇਸ਼ਾ ਜਾਰੀ ਰਹੇਗਾ। ਇਸੇ ਦੌਰਾਨ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਪਹਿਲਾਂ ਨਾਲੋਂ ਹੁਣ ਬਹੁਤ ਘੱਟ ਖੇਤਾਂ ’ਚ ਪਰਾਲੀ ਨੂੰ ਅੱਗ ਲਾਈ ਗਈ ਹੈ, ਜਦੋਂਕਿ ਕਿਸਾਨ ਹੁਣ ਸਿਆਣਾ ਹੋ ਗਿਆ ਤੇ ਉਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਾਲੀ ਨਾ ਫੂਕਣ ਦੀ ਮੁਹਿੰਮ ’ਚ ਵੀ ਮੋਹਰੀ ਹੋ ਕੇ ਭਾਗ ਲੈ ਰਿਹਾ ਹੈ।