ਕਾਰ ਬਾਜ਼ਾਰ ਬਣਿਆ ਨਿਗਮ ਲਈ ਸਿਰਦਰਦੀ

ਚੰਡੀਗੜ੍ਹ ਨਗਰ ਨਿਗਮ ਲਈ ਕਾਰ ਬਾਜ਼ਾਰ ਦਾ ਮਸਲਾ ਸਿਰਦਰਦੀ ਬਣਿਆ ਹੋਇਆ ਹੈ। ਹੱਲੋਮਾਜਰਾ ਤੋਂ ਸ਼ਿਫਟ ਹੋ ਕੇ ਕਾਰ ਡੀਲਰਾਂ ਨੇ ਫਿਰ ਤੋਂ ਸੈਕਟਰ-7 ਵਿੱਚ ਡੇਰਾ ਲਗਾ ਲਿਆ ਹੈ ਜਿਸ ਨੂੰ ਲੈਕੇ ਨਿਗਮ ਅਧਿਕਾਰੀਆਂ ਲਈ ਪ੍ਰੇਸ਼ਾਨੀ ਖੜ੍ਹੀ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਸੈਕਟਰ-7 ਵਿੱਚ ਪਿਛਲੇ 20-25 ਸਾਲਾਂ ਤੋਂ ਕਾਰ ਬਾਜ਼ਾਰ ਲੱਗ ਰਿਹਾ ਸੀ ਤੇ ਸ਼ੋਅਰੂਮ ਦੇ ਮਾਲਕਾਂ ਨੇ ਨਗਰ ਨਿਗਮ ਕੋਲ ਗੁਹਾਰ ਲਗਾਈ ਸੀ ਕਿ ਕਾਰ ਬਾਜ਼ਾਰ ਕਾਰਨ ਉਨ੍ਹਾਂ ਦਾ ਕਾਰੋਬਾਰ ਠੱਪ ਹੋ ਰਿਹਾ ਹੈ। ਇਸ ਕਰਕੇ ਇੱਥੋਂ ਕਾਰ ਬਾਜ਼ਾਰ ਨੂੰ ਤਬਦੀਲ ਕੀਤਾ ਜਾਵੇ। ਕਾਰ ਬਾਜ਼ਾਰ ਸਬੰਧੀ ਹਾਈ ਕੋਰਟ ਨੇ ਵੀ ਸ਼ੋਅਰੂਮ ਵਾਲਿਆਂ ਦੇ ਹੱਕ ’ਚ ਫੈਸਲਾ ਕੀਤਾ ਸੀ ਕਿ ਇੱਥੋਂ ਕਾਰ ਬਾਜ਼ਾਰ ਸਿਫ਼ਟ ਕੀਤਾ ਜਾਵੇ। ਨਗਰ ਨਿਗਮ ਨੇ ਕਾਰ ਬਾਜ਼ਾਰ ਹੱਲੋਮਾਜਰਾ ਸਿਫ਼ਟ ਕਰ ਦਿੱਤਾ ਸੀ। ਕੁਝ ਮਹੀਨੇ ਇੱਥੇ ਕਾਰ ਬਜ਼ਾਰ ਲੱਗਾ ਪਰ ਨਗਰ ਨਿਗਮ ਵੱਲੋਂ ਪਾਣੀ, ਬਿਜਲੀ ਅਤੇ ਪਖਾਨਿਆਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਸੀ ਜਿਸ ਤੋਂ ਦੁਖੀ ਹੋਏ ਕਾਰ ਡੀਲਰਾਂ ਨੇ ਫਿਰ ਤੋਂ ਨਿਗਮ ਅਤੇ ਪ੍ਰਸਾਸ਼ਨ ਤੋਂ ਕਾਰ ਬਾਜ਼ਾਰ ਲਈ ਨਵੇਂ ਸਾਈਟ ਬਾਰੇ ਮੰਗ ਕੀਤੀ।
ਇਸੇ ਦੌਰਾਨ ਡੀਲਰਾਂ ਨੇ ਸੈਕਟਰ-7 ਨੂੰ ਕਾਰ ਬਾਜ਼ਾਰ ਲਈ ਚੰਗਾ ਦੱਸਦੇ ਹੋਏ ਉਨ੍ਹਾਂ ਨੂੰ ਪੁਰਾਣੀ ਜਗ੍ਹਾ ਮੁਹੱਈਆ ਕਰਵਾਉਣ ਬਾਰੇ ਮੰਗ ਕੀਤੀ। ਇਸ ਮੰਗ ’ਤੇ ਨਿਗਮ ਵੱਲੋਂ ਕੋਈ ਕਾਰਵਾਈ ਨਾ ਹੋਣ ਕਰ ਕੇ ਡੀਲਰਾਂ ਨੇ ਫਿਰ ਤੋਂ ਸੈਕਟਰ-7 ਦੇ ਕਾਰ ਬਾਜ਼ਾਰ ਵੱਲ ਆਪਣਾ ਰੁਖ ਕਰ ਦਿੱਤਾ। ਕਾਰ ਡੀਲਰਾਂ ਦਾ ਕਹਿਣਾ ਹੈ ਕਿ ਹੱਲੋਮਾਜਰਾ ’ਚ ਕਾਰੋਬਾਰ ਘਟਣ ਕਰ ਕੇ ਪਰਿਵਾਰਾਂ ਦਾ ਗੁਜ਼ਾਰਾ ਔਖਾ ਹੋ ਗਿਆ ਸੀ। ਨਗਰ ਨਿਗਮ ਨੇ ਕਾਰ ਡੀਲਰਾਂ ਨੂੰ ਕਾਲਕਾ-ਚੰਡੀਗੜ੍ਹ ਰੋਡ ’ਤੇ ਮਨੀਮਾਜਰਾ ਵਿੱਚ ਸ਼ਮਸ਼ਾਨਘਾਟ ਨਜ਼ਦੀਕ ਪਾਰਕਿੰਗ ’ਚ ਬਾਜ਼ਾਰ ਲਾਉਣ ਦੀ ਸਹਿਮਤੀ ਦੇ ਦਿੱਤੀ ਪਰ ਉਥੋਂ ਦੀ ਵੈਲਫੇਅਰ ਐਸੋਸੀਏਸ਼ਨ ਨੇ ਨਗਰ ਨਿਗਮ ਕੋਲ ਕਾਰ ਬਾਜ਼ਾਰ ਦੇ ਵਿਰੋਧ ’ਚ ਲਿਖਤੀ ਇਤਰਾਜ਼ ਦਿੱਤਾ।
ਕਾਰ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਗੁਲਸ਼ਨ ਕੁਮਾਰ ਦਾ ਕਹਿਣਾ ਹੈ ਕਿ ਹੱਲੋਮਾਜਰਾ ਵਿੱਚ 8 ਮਹਨਿਆਂ ’ਚ ਕਾਰੋਬਾਰ ਜ਼ੀਰੋ ਹੋ ਗਿਆ ਸੀ ਤੇ ਪ੍ਰਸਾਸ਼ਨ ਪਾਸੋਂ ਜਲਦੀ ਜਗ੍ਹਾ ਅਲਾਟ ਕਰਵਾਉਣ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਸੈਕਟਰ-7 ਵਿੱਚ ਆਪਣੇ ਦਫ਼ਤਰ ਬਣਾਏ ਹੋਏ ਹਨ ਅਤੇ ਫੋਨ ’ਤੇ ਹੀ ਡੀਲ ਕਰਦੇ ਹਨ। ਉਨ੍ਹਾਂ ਦੱਸਿਆ ਕਿ ਕਾਰ ਬਜ਼ਾਰ ਨਾਲ ਸਬੰਧਤ ਫਾਈਲ ਹੋਮ ਸੈਕਟਰੀ ਕੋਲ ਪੁੱਜ ਚੁੱਕੀ ਹੈ ਤੇ ਜਲਦ ਮਸਲਾ ਹੱਲ ਹੋਣ ਦੀ ਉਮੀਦ ਹੈ। ਇਸੇ ਦੌਰਾਨ ਨਗਰ ਨਿਗਮ ਨੇ ਵੀ ਮਾਰਕੀਟ ਵਿੱਚ ਮੁਲਾਜ਼ਮਾਂ ਦੀ ਡਿਊਟੀ ਲਗਾਈ ਹੋਈ ਹੈ ਕਿ ਜਦੋਂ ਵੀ ਕੋਈ ਕਾਰ ਡੀਲਰ ਗੱਡੀ ਦਿਖਾਉਂਦਾ ਹੈ ਤਾਂ ਉਸ ਨੂੰ ਜੁਰਮਾਨਾ ਕੀਤਾ ਜਾਏ।