ਕਾਂਸਟੇਬਲ ਨੂੰ ਗੋਲੀ ਮਾਰਨ ਵਾਲਾ ਗੈਂਗਸਟਰ ਰੋਹਿਤ ਕੁੱਬਾ ਗ੍ਰਿਫ਼ਤਾਰ

ਲੁਧਿਆਣਾ- ਸਨਅਤੀ ਸ਼ਹਿਰ ਦੇ ਡੀਐਮਸੀ ਹਸਪਤਾਲ ਦੇ ਬਾਹਰ ਡਿਊਟੀ ’ਤੇ ਤਾਇਨਾਤ ਕਾਂਸਟੇਬਲ ਦਵਿੰਦਰ ਸਿੰਘ ਨੂੰ ਗੋਲੀ ਮਾਰਨ ਵਾਲੇ ਗੈਂਗਸਟਰ ਰੋਹਿਤ ਕੁੱਬਾ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਕੁੱਬਾ ਦੇ ਸਾਥੀ ਰਣਬੀਰ ਸਿੰਘ ਰਾਣਾ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਮੁਲਜ਼ਮ ਉਤਰਾਂਚਲ ਦੇ ਊਧਮ ਸਿੰਘ ਨਗਰ ਤੋਂ ਪੁਲੀਸ ਦੇ ਹੱਥ ਲੱਗੇ। ਮੁਲਜ਼ਮਾਂ ਦੇ ਕਬਜ਼ੇ ’ਚੋਂ 315 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਹੈ, ਜੋ ਪੁਲੀਸ ਮੁਲਾਜ਼ਮ ਨੂੰ ਗੋਲੀ ਮਾਰਨ ਤੇ ਅਗਲੇ ਦਿਨ ਐਮਾਜ਼ੋਨ ਕਰਮੀਆਂ ਦੀ ਲੁੱਟ ਲਈ ਵਰਤਿਆ ਸੀ। ਅਦਾਲਤ ਨੇ ਮੁਲਜ਼ਮਾਂ ਦਾ ਪੁਲੀਸ ਰਿਮਾਂਡ ਦਿੱਤਾ ਹੈ। ਪੁਲੀਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਦੋਵੇਂ ਵਾਰਦਾਤਾਂ ਮਗਰੋਂ ਪੁਲੀਸ ਦੀਆਂ ਟੀਮਾਂ ਰੋਹਿਤ ਕੁੱਬਾ ਦੀ ਭਾਲ ਵਿਚ ਲੱਗੀਆਂ ਹੋਈਆਂ ਹਨ। ਐਤਵਾਰ ਨੂੰ ਪੁਲੀਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਉਤਰਾਂਚਲ ਦੇ ਊਧਮ ਸਿੰਘ ਨਗਰ ਇਲਾਕੇ ’ਚ ਹੈ, ਜਿਸ ਤੋਂ ਬਾਅਦ ਪੁਲੀਸ ਨੇ ਉਸ ਨੂੰ ਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਗੈਂਗਸਟਰ ਰੋਹਿਤ ਕੁੱਬਾ ਆਪਣੇ ਦੋਸਤ ਰਣਬੀਰ ਰਾਣਾ ਨਾਲ ਡੀਐਮਸੀ ਹਸਪਤਾਲ ਆਇਆ ਸੀ। ਰਾਣਾ ਅੰਦਰ ਕਿਸੇ ਕੰਮ ਗਿਆ ਸੀ ਤਾਂ ਪਿੱਛੋਂ ਪੁਲੀਸ ਕਰਮੀ ਦਵਿੰਦਰ ਸਿੰਘ ਨੇ ਉਸ ਨੂੰ ਰੋਕ ਲਿਆ। ਇਸੇ ਦੌਰਾਨ ਉਸ ਨੇ ਗੋਲੀ ਚਲਾ ਦਿੱਤੀ ਤੇ ਫ਼ਰਾਰ ਹੋ ਗਿਆ। ਜਦੋਂ ਰਾਣਾ ਨੂੰ ਪਤਾ ਲੱਗਿਆ ਤਾਂ ਉਹ ਵੀ ਫ਼ਰਾਰ ਹੋ ਗਿਆ। ਅਗਲੇ ਦਿਨ ਇਨ੍ਹਾਂ ਨੇ ਐਮਾਜ਼ੋਨ ਕੰਪਨੀ ਦੇ ਮੁਲਾਜ਼ਮਾਂ ਤੋਂ ਲੁੱਟ ਕੀਤੀ। ਗੈਂਗਸਟਰ ਰੋਹਿਤ ਕੁੱਬਾ ਖ਼ਿਲਾਫ਼ ਜੰਮੂ ’ਚ ਵੀ ਕੇਸ ਦਰਜ ਹੋਇਆ ਸੀ।