ਕਾਂਗਰਸ ਸਣੇ 21 ਪਾਰਟੀਆਂ ਵੱਲੋਂ ਮੁਲਕ ਭਰ ’ਚ ਪ੍ਰਦਰਸ਼ਨ

ਪੈਟਰੋਲ ਅਤੇ ਡੀਜ਼ਲ ਦੀਆਂ ਅਸਮਾਨੀਂ ਚੜ੍ਹ ਰਹੀਆਂ ਕੀਮਤਾਂ ਦੇ ਵਿਰੋਧ ’ਚ ਅੱਜ ਕਾਂਗਰਸ ਸਮੇਤ 21 ਪਾਰਟੀਆਂ ਨੇ ਪ੍ਰਦਰਸ਼ਨ ਕਰਦਿਆਂ ਸਰਕਾਰ ’ਤੇ ਜ਼ੋਰ ਪਾਇਆ ਕਿ ਪੈਟਰੋਲੀਅਮ ਵਸਤਾਂ ਨੂੰ ਜੀਐਸਟੀ (ਗੁੱਡਜ਼ ਐਂਡ ਸਰਵਿਸਿਜ਼ ਟੈਕਸ) ਦੇ ਘੇਰੇ ’ਚ ਲਿਆਂਦਾ ਜਾਵੇ। ਕੁਝ ਥਾਵਾਂ ’ਤੇ ਹਿੰਸਕ ਪ੍ਰਦਰਸ਼ਨਾਂ ਨੂੰ ਛੱਡ ਕੇ ਬੰਦ ਸ਼ਾਂਤੀਪੂਰਨ ਰਿਹਾ। ਉਂਜ ਬਿਹਾਰ, ਕੇਰਲਾ, ਕਰਨਾਟਕ, ਅਸਾਮ ਅਤੇ ਉੜੀਸਾ ’ਚ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਅਤੇ ਜਨਜੀਵਨ ਲੀਹ ਤੋਂ ਉਤਰ ਗਿਆ। ਸੂਬਿਆਂ ਦੀਆਂ ਰਾਜਧਾਨੀਆਂ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ ਜਬਰੀ ਬੰਦ ਕਰਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਕਈ ਕਾਂਗਰਸ ਕਾਰਕੁਨਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ। ਰਾਜਧਾਨੀ ਦਿੱਲੀ ’ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਹੇਠ ਰਾਮਲੀਲਾ ਮੈਦਾਨ ’ਚ ਰੈਲੀ ਕੀਤੀ ਗਈ ਜਿਸ ’ਚ ਸੋਨੀਆ ਗਾਂਧੀ, ਮਨਮੋਹਨ ਸਿੰਘ, ਗੁਲਾਮ ਨਬੀ ਆਜ਼ਾਦ, ਅਹਿਮਦ ਪਟੇਲ, ਐਨਸੀਪੀ ਸੁਪਰੀਮੋ ਸ਼ਰਦ ਪਵਾਰ, ਜਨਦਾ ਦਲ (ਯੂ) ਦੇ ਬਾਗੀ ਆਗੂ ਸ਼ਰਦ ਯਾਦਵ, ਆਮ ਆਦਮੀ ਪਾਰਟੀ ਦੇ ਸੰਜੇ ਸਿੰਘ, ਤ੍ਰਿਣਮੂਲ ਕਾਂਗਰਸ ਦੇ ਸੁਖੇਂਦੂ ਸ਼ੇਖਰ ਰੌਇ ਅਤੇ ਹੋਰ ਪਾਰਟੀਆਂ ਦੇ ਆਗੂ ਹਾਜ਼ਰ ਸਨ। ਬੰਦ ਨੂੰ 21 ਪਾਰਟੀਆਂ ਨੇ ਹਮਾਇਤ ਦਿੱਤੀ ਜਿਨ੍ਹਾਂ ’ਚ ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ, ਰਾਸ਼ਟਰੀ ਲੋਕ ਦਲ, ਰਾਸ਼ਟਰੀ ਜਨਤਾ ਦਲ, ਸੀਪੀਆਈ, ਸੀਪੀਐਮ, ਏਆਈਡੀਯੂਐਫ, ਨੈਸ਼ਨਲ ਕਾਨਫਰੰਸ, ਜੇਐਮਐਮ, ਜੇਵੀਐਮ, ਡੀਐਮਕੇ, ਟੀਡੀਪੀ, ਆਰਐਸਪੀ ਅਤੇ ਹੋਰ ਪਾਰਟੀਆਂ ਸ਼ਾਮਲ ਸਨ। ਕਾਂਗਰਸ ਵਰਕਰਾਂ ਨੇ ਕਈ ਪੈਟਰੋਲ ਪੰਪਾਂ ’ਤੇ ਧਰਨੇ ਦੇ ਕੇ ਤੇਲ ਕੀਮਤਾਂ ’ਚ ਵਾਧੇ ਦਾ ਵਿਰੋਧ ਕੀਤਾ। ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਵਧਦੀਆਂ ਤੇਲ ਕੀਮਤਾਂ ਅਤੇ ਰਾਫਾਲ ਲੜਾਕੂ ਜੈੱਟਾਂ ਦੇ ਸੌਦੇ ਬਾਰੇ ਪ੍ਰਧਾਨ ਮੰਤਰੀ ਦੀ ਖਾਮੋਸ਼ੀ ’ਤੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਮੁਲਕ ’ਚ ਨਫ਼ਰਤ ਫੈਲਾ ਕੇ ਲੋਕਾਂ ’ਚ ਵੰਡੀਆਂ ਪਾਈਆਂ ਜਾ ਰਹੀਆਂ ਹਨ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਸਾਰੀਆਂ ਵਿਰੋਧੀ ਧਿਰਾਂ ਨੂੰ ਮਤਭੇਦ ਭੁਲਾ ਕੇ ਖੁਦਮੁਖਤਿਆਰੀ ਅਤੇ ਜਮਹੂਰੀਅਤ ਨੂੰ ਬਚਾਉਣ ਲਈ ਇਕਜੁੱਟ ਹੋਣਾ ਚਾਹੀਦਾ ਹੈ। ਸੀਪੀਐਮ ਆਗੂ ਸੀਤਾਰਾਮ ਯੇਚੁਰੀ ਨੇ ਸੰਸਦ ਮਾਰਗ ਪੁਲੀਸ ਸਟੇਸ਼ਨ ’ਤੇ ਗ੍ਰਿਫ਼ਤਾਰੀ ਦਿੱਤੀ। ਬਿਹਾਰ ’ਚ ਭੰਨ-ਤੋੜ ਤੇ ਅੱਗਜ਼ਨੀ ਹੋਈ ਅਤੇ ਰੇਲ ਤੇ ਸੜਕ ਆਵਾਜਾਈ ’ਚ ਵਿਘਨ ਪਾਇਆ ਗਿਆ। ਪੁਰਾਣੇ ਪਟਨਾ ਸ਼ਹਿਰ ’ਚ ਰੇਲ ਪਟੜੀਆਂ ’ਤੇ ਸੜਦੇ ਟਾਇਰ ਸੁੱਟੇ ਗਏ ਤਾਂ ਜੋ ਰੇਲਾਂ ਨਾ ਚਲ ਸਕਣ। ਜਹਾਨਾਬਾਦ ’ਚ ਇਕ ਐਂਬੂਲੈਂਸ ਦੇ ਧਰਨੇ ਦੌਰਾਨ ਫਸ ਜਾਣ ਕਰਕੇ ਦੋ ਵਰ੍ਹਿਆਂ ਦੀ ਬੱਚੀ ਦੀ ਮੌਤ ਹੋ ਗਈ। ਭਾਜਪਾ ਨੇ ਦੋਸ਼ ਲਾਇਆ ਕਿ ਐਂਬੂਲੈਂਸ ਨੂੰ ਪ੍ਰਦਰਸ਼ਨਕਾਰੀਆਂ ਨੇ ਰੋਕਿਆ ਜਦਕਿ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਜਿਹਾ ਕੁਝ ਨਹੀਂ ਹੋਇਆ। ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ’ਚ ਪ੍ਰਦਰਸ਼ਨਕਾਰੀਆਂ ਨੇ ਸਕੂਲ ਬੱਸਾਂ ਨੂੰ ਨਿਸ਼ਾਨਾ ਬਣਾਇਆ। ਮਹਾਰਾਸ਼ਟਰ, ਮੱਧ ਪ੍ਰਦੇਸ਼, ਛੱਤੀਸਗੜ੍ਹ, ਗੁਜਰਾਤ ਅਤੇ ਕਈ ਹੋਰ ਥਾਵਾਂ ’ਤੇ ਸਕੂਲ, ਕਾਲਜ ਅਤੇ ਕਾਰੋਬਾਰੀ ਅਦਾਰੇ ਬੰਦ ਰਹੇ। ਕਈ ਥਾਵਾਂ ’ਤੇ ਪੈਟਰੋਲ ਪੰਪ ਵੀ ਬੰਦ ਰੱਖੇ ਗਏ। ਉੜੀਸਾ ’ਚ ਕਾਂਗਰਸ ਵੱਲੋਂ ਰੇਲ ਪਟੜੀਆਂ ’ਤੇ ਪ੍ਰਦਰਸ਼ਨ ਕਾਰਨ 10 ਗੱਡੀਆਂ ਨੂੰ ਰੱਦ ਕਰਨਾ ਪਿਆ।