ਕਾਂਗਰਸ ਵੱਲੋਂ ਲੋਕ ਸਭਾ ਚੋਣਾਂ ਲਈ ਕਮਰਕੱਸੇ

ਕਾਂਗਰਸ ਦੀ ਚੋਣ ਮਨੋਰਥ ਪੱਤਰ ਕਮੇਟੀ (ਏਆਈਸੀਸੀ) ਦੇ ਮੈਂਬਰਾਂ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਅੱਜ ਚੇਨਈ ਵਿੱਚ ਮੀਟਿੰਗ ਕੀਤੀ। ਮਹਾਰਾਸ਼ਟਰ ਤੋਂ ਸੰਸਦ ਮੈਂਬਰ ਰਜਨੀ ਪਾਟਿਲ ਤੇ ਤਾਮਿਲਨਾਡੂ ਕਾਂਗਰਸ ਕਮੇਟੀ (ਟੀਐਨਸੀਸੀ) ਦੇ ਪ੍ਰਧਾਨ ਐਸ. ਤਿਰੂਨਾਵੂਕਰਾਸਰ ਨੇ ਵੀ ਮੀਟਿੰਗ ਵਿੱਚ ਹਿੱਸਾ ਲਿਆ। ਇਸ ਦੌਰਾਨ ਕਈ ਮਸਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਵਿੱਤ ਮੰਤਰੀ ਦੇ ਮੀਡੀਆ ਬੁਲਾਰੇ ਨੇ ਦੱਸਿਆ ਕਿ ਇਹ ਕਮੇਟੀ ਰੱਖਿਆ, ਸਾਬਕਾ ਫੌਜੀਆਂ, ਖੇਤੀਬਾੜੀ ਅਤੇ ਸੀਨੀਅਰ ਸਿਟੀਜ਼ਨਾਂ ਸਬੰਧੀ ਮਸਲਿਆਂ ’ਤੇ ਸੰਜੀਦਗੀ ਨਾਲ ਚਰਚਾ ਕਰੇਗੀ। ਅੱਜ ਦੀ ਮੀਟਿੰਗ ਵਿੱਚ ਖੇਤੀਬਾੜੀ ਤੇ ਫ਼ਸਲਾਂ ਦੇ ਢੁਕਵੇਂ ਮੰਡੀਕਰਨ ਨਾਲ ਸਬੰਧਤ ਮਸਲਿਆਂ ਉਤੇ ਚਰਚਾ ਕੀਤੀ ਗਈ। ਬੁਲਾਰੇ ਨੇ ਦੱਸਿਆ ਕਿ 10 ਅਕਤੂਬਰ ਨੂੰ ਕਮੇਟੀ ਦੀ ਮੀਟਿੰਗ ਹੈਦਰਾਬਾਦ(ਤਿਲੰਗਾਨਾ) ਵਿੱਚ ਹੋਵੇਗੀ। ਇਸ ਮੀਟਿੰਗ ਵਿੱਚ ਖੇਤੀਬਾੜੀ ਸਬੰਧੀ ਮਸਲੇ ਵਿਚਾਰੇ ਜਾਣਗੇ। ਕਮੇਟੀ ਦੀ 11 ਅਕਤੂਬਰ ਨੂੰ ਪੁਣੇ (ਮਹਾਰਾਸ਼ਟਰ) ਅਤੇ 12 ਅਕਤੂਬਰ ਨੂੰ ਬੰਗਲੌਰ (ਕਰਨਾਟਕ) ਵਿੱਚ ਮੀਟਿੰਗ ਹੋਵੇਗੀ। ਇਥੇ ਸਾਬਕਾ ਫੌਜੀਆਂ ਅਤੇ ਸੀਨੀਅਰ ਸਿਟੀਜ਼ਨਜ਼ ਦੀਆਂ ਮੰਗਾਂ ਅਤੇ ਸਮੱਸਿਆਵਾਂ ’ਤੇ ਚਰਚਾ ਕੀਤੀ ਜਾਵੇਗੀ। ਗ਼ੌਰਤਲਬ ਹੈ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪਿਛਲੇ ਦਿਨੀਂ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਖੇਤੀਬਾੜੀ, ਸਾਬਕਾ ਫ਼ੌਜੀਆਂ, ਰੱਖਿਆ ਅਤੇ ਸੀਨੀਅਰ ਸਿਟੀਜ਼ਨਜ਼ ਦੇ ਮਸਲਿਆਂ ਬਾਰੇ ਵੱਖ ਵੱਖ ਵਰਗਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਸੀ।