ਕਾਂਗਰਸ ਅਤੇ ਨਹਿਰੂ-ਗਾਂਧੀ ਪਰਿਵਾਰ ’ਤੇ ਹਮਲਾ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਦਲਿਤ ਆਗੂ ਸੀਤਾਰਾਮ ਕੇਸਰੀ ਨੂੰ ਕਾਂਗਰਸ ਪ੍ਰਧਾਨ ਵਜੋਂ ਮਿਆਦ ਪੂਰੀ ਕਰਨ ਨਹੀਂ ਦਿੱਤੀ ਗਈ ਅਤੇ ਸੋਨੀਆ ਗਾਂਧੀ ਲਈ ਰਾਹ ਬਣਾਉਣ ਵਾਸਤੇ ਉਨ੍ਹਾਂ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਸੀ।
ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਅੰਤਿਮ ਗੇੜ ਦੇ ਪ੍ਰਚਾਰ ਦੇ ਆਖਰੀ ਦਿਨ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਪਰਿਵਾਰ ਦੀਆਂ ਚਾਰ ਪੀੜ੍ਹੀਆਂ ਨੇ ਮੁਲਕ ’ਤੇ ਰਾਜ ਕੀਤਾ ਅਤੇ ਸੱਤਾ ’ਚ ਰਹਿਣ ਕਰਕੇ ਉਨ੍ਹਾਂ ਨੂੰ ਫਾਇਦਾ ਹੋਇਆ ਪਰ ਮੁਲਕ ਨੂੰ ਉਨ੍ਹਾਂ ਦੇ ਸ਼ਾਸਨ ਨਾਲ ਕੋਈ ਲਾਭ ਨਹੀਂ ਪਹੁੰਚਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਦਿੱਲੀ ’ਚ ਰਿਮੋਟ ਕੰਟਰੋਲ ਨਾਲ ਸਰਕਾਰ ਚਲਦੀ ਸੀ ਅਤੇ ਰਿਮੋਟ ਪਰਿਵਾਰ ਦੇ ਹੱਥ ’ਚ ਸੀ ਜੋ ਭਾਜਪਾ ਤੋਂ ਡਰਦਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਨੂੰ ਕਾਂਗਰਸ ਦੀ ਅਗਵਾਈ ਹੇਠਲੀ ਤਤਕਾਲੀ ਕੇਂਦਰ ਸਰਕਾਰ ਤੋਂ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਜੰਮੂ ਕਸ਼ਮੀਰ ਦੀਆਂ ਪੰਚਾਇਤ ਚੋਣਾਂ ’ਚ ਲੋਕਾਂ ਵੱਲੋਂ ਆਪਣੇ ਹੱਕ ਦੀ ਵਰਤੋਂ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਲੋਕ ਦਹਿਸ਼ਤ ਫੈਲਾਉਣ ਵਾਲਿਆਂ ਨੂੰ ਮੂੰਹ ਤੋੜਵਾਂ ਜਵਾਬ ਦੇ ਰਹੇ ਹਨ। ਉਧਰ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਾਂਗਰਸ ਆਗੂ ਪੀ ਚਿਦੰਬਰਮ ਦੇ ਬਿਆਨ ’ਤੇ ਟਵੀਟ ਕੀਤਾ ਕਿ ਮੋਦੀ ਦੀ ਚੁਣੌਤੀ ਨੇ ਕਈਆਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ।
INDIA ਕਾਂਗਰਸ ਨੇ ਦਲਿਤ ਕੇਸਰੀ ਤੋਂ ਖੋਹੀ ਸੀ ਪ੍ਰਧਾਨਗੀ: ਮੋਦੀ