ਕਾਂਗਰਸ ਨੇ ਅਯੁੱਧਿਆ ਮਾਮਲੇ ਦੀ ਸੁਣਵਾਈ ਕਰ ਰਹੇ ਜੱਜਾਂ ਨੂੰ ਧਮਕੀਆਂ ਦਿੱਤੀਆਂ: ਮੋਦੀ

ਕੇਸ ਦੀ ਸੁਣਵਾਈ ਲੋਕ ਸਭਾ ਚੋਣਾਂ ਤਕ ਰੋਕਣ ਲਈ ਦਬਾਅ ਪਾਉਣ ਦਾ ਦੋਸ਼;

ਜਾਤ ਆਧਾਰਿਤ ਸਿਆਸਤ ਕਰਨ ਲਈ ਕਾਂਗਰਸ ਨੂੰ ਕੋਸਿਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਾਂਗਰਸ ’ਤੇ ਦੋਸ਼ ਲਾਇਆ ਕਿ ਉਸ ਨੇ ਅਯੁੱਧਿਆ ਕੇਸਾਂ ਦੀ ਸੁਣਵਾਈ ਕਰ ਰਹੇ ਸੁਪਰੀਮ ਕੋਰਟ ਦੇ ਜੱਜਾਂ ’ਤੇ ਮਹਾਂਦੋਸ਼ ਚਲਾਉਣ ਦੀ ਧਮਕੀ ਦਿੱਤੀ ਸੀ। ਕਿਸੇ ਦਾ ਨਾਮ ਲਏ ਬਿਨਾਂ ਸ੍ਰੀ ਮੋਦੀ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਦੇ ਰਾਜ ਸਭਾ ਮੈਂਬਰਾਂ, ਜੋ ਵਕੀਲ ਵੀ ਹਨ, ਨੇ ਸੁਪਰੀਮ ਕੋਰਟ ਦੇ ਜੱਜਾਂ ’ਤੇ ਅਯੁੱਧਿਆ ਮਾਮਲੇ ’ਚ ਸੁਣਵਾਈ 2019 ਦੀਆਂ ਲੋਕ ਸਭਾ ਚੋਣਾਂ ਤਕ ਬਕਾਇਆ ਰੱਖਣ ਲਈ ਦਬਾਅ ਬਣਾਇਆ। ਅਲਵਰ ਜ਼ਿਲ੍ਹੇ ’ਚ ਸਿਆਸੀ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਨੂੰ ਲੋਕਤੰਤਰ ਅਤੇ ਨਿਆਂਪਾਲਿਕਾ ’ਤੇ ਕੋਈ ਭਰੋਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਸੁਪਰੀਮ ਕੋਰਟ ਦੇ ਜੱਜ ਕੇਸਾਂ ਦੀ ਸੁਣਵਾਈ ਦਾ ਸਮਾਂ ਉਨ੍ਹਾਂ (ਕਾਂਗਰਸ) ਦੇ ਸਿਆਸੀ ਮੰਤਵਾਂ ਅਨੁਸਾਰ ਨਿਰਧਾਰਿਤ ਨਹੀਂ ਕਰਦੇ ਤਾਂ ਉਹ ਮਹਾਂਦੋਸ਼ ਦੇ ਨਾਮ ’ਤੇ ਜੱਜਾਂ ਨੂੰ ਡਰਾਉਂਦੇ ਹਨ। ਉਨ੍ਹਾਂ ਬੁੱਧੀਜੀਵਆਂ ਨੂੰ ਬੇਨਤੀ ਕੀਤੀ ਕਿ ਉਹ ਮੁਲਕ ਦੇ ਹਿੱਤ ’ਚ ਕਾਂਗਰਸ ਦੀ ਖ਼ਤਰਨਾਕ ਖੇਡ ਨੂੰ ਸਮਝਣ। ਉਨ੍ਹਾਂ ਕਿਹਾ,‘‘ਅਸੀਂ ਜਮਹੂਰੀਅਤ ਦੇ ਮੰਦਰ ’ਚ ‘ਕਾਲੇ ਕਾਰਨਾਮੇ’ ਨਹੀਂ ਹੋਣ ਦੇਵਾਂਗੇ।’’ ਸ੍ਰੀ ਮੋਦੀ ਨੇ ਕਿਹਾ ਕਿ ਵਿਰੋਧੀ ਪਾਰਟੀ ਕੋਲ ਵਿਕਾਸ ਬਾਰੇ ਗੱਲਬਾਤ ਦਾ ਕੋਈ ਹੌਸਲਾ ਨਹੀਂ ਹੈ। ਉਨ੍ਹਾਂ ਇਕੱਠ ਤੋਂ ਪੁੱਛਿਆ,‘‘ਕੀ ਤੁਸੀਂ ਮੋਦੀ ਦੀ ਜਾਤ ਦੇ ਆਧਾਰ ’ਤੇ ਵੋਟ ਪਾਉਗੇ? ਕੀ ਮੋਦੀ ਦੇ ਜਨਮ ਸਥਾਨ ਦੇ ਆਧਾਰ ’ਤੇ ਰਾਜਸਥਾਨ ਦੇ ਭਵਿੱਖ ਦਾ ਫ਼ੈਸਲਾ ਹੋਵੇਗਾ?’’ ਸੰਵਿਧਾਨ ਨਿਰਮਾਤਾ ਡਾਕਟਰ ਬੀ ਆਰ ਅੰਬੇਡਕਰ ਨੂੰ ਦੇਰੀ ਨਾਲ ਭਾਰਤ ਰਤਨ ਦੇਣ ਲਈ ਕਾਂਗਰਸ ’ਤੇ ਨਿਸ਼ਾਨਾ ਲਾਉਂਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਮੁਲਕ ਨੂੰ ਵੰਡ ਕੇ ਰੱਖਿਆ। ਉਨ੍ਹਾਂ ਲਈ ਦਲਿਤ ਸਿਰਫ਼ ਵੋਟ ਬੈਂਕ ਹਨ ਜਦਕਿ ਭਾਜਪਾ ਕਦਰਾਂ ਕੀਮਤਾਂ ਦੀ ਗੱਲ ਕਰਦੀ ਹੈ।