ਕਾਂਗਰਸੀ ਕੌਂਸਲਰਾਂ ਨੇ ਮੇਅਰ ਤੇ ਅਫ਼ਸਰਾਂ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ

ਤਕਰੀਬਨ ਪੰਜ ਮਹੀਨਿਆਂ ਤੋਂ ਬਾਅਦ ਹੋਈ ਨਗਰ ਨਿਗਮ ਲੁਧਿਆਣਾ ਦੀ ਜਨਰਲ ਹਾਊਸ ਦੀ ਮੀਟਿੰਗ ਵਿੱਚ ਕਾਂਗਰਸੀ ਕੌਂਸਲਰਾਂ ਨੇ ਆਪਣੀ ਹੀ ਪਾਰਟੀ ਦੇ ਮੇਅਰ ਨੂੰ ਘੇਰ ਲਿਆ। ਏਨਾ ਹੀ ਨਹੀਂ ਮੇਅਰ ਵੱਲੋਂ ਕੀਤੇ ਜਾ ਰਹੇ ਵਿਕਾਸ ਦੇ ਦਾਅਵਿਆਂ ਦੀ ਪੋਲ ਵੀ ਕਾਂਗਰਸੀ ਕੌਂਸਲਰਾਂ ਨੇ 95 ਕੌਂਸਲਰਾਂ ਤੇ ਅਫ਼ਸਰਾਂ ਦੇ ਸਾਹਮਣੇ ਖੋਲ੍ਹ ਕੇ ਰੱਖ ਦਿੱਤੀ। ਵਿਰੋਧੀਆਂ ਨੇ ਤਾਂ ਮੀਟਿੰਗ ਵਿੱਚ ਮੇਅਰ ਤੇ ਅਫ਼ਸਰਾਂ ਦੀ ਘੱਟ ਕਲਾਸ ਲਾਈ, ਪਰ ਕਾਂਗਰਸੀ ਕੌਂਸਲਰ ਮੇਅਰ ਖ਼ਿਲਾਫ਼ ਨਜ਼ਰ ਆਏ। ਹਲਕਾ ਪੂਰਬੀ ਦੇ ਕਾਂਗਰਸੀ ਕੌਂਸਲਰਾਂ ਨੇ ਮੀਟਿੰਗ ਦੌਰਾਨ ਮੇਅਰ ਤੇ ਅਫ਼ਸਰਾਂ ਖ਼ਿਲਾਫ਼ ਆਪਣੀ ਭੜਾਸ ਕੱਢੀ। ਹਾਊਸ ਦੀ ਮੀਟਿੰਗ ਵਿੱਚ ਸੀਵਰੇਜ ਜਾਮ, ਪੀਣ ਦੇ ਗੰਦੇ ਪਾਣੀ, ਨਾਜਾਇਜ਼ ਕਲੋਨੀਆਂ ਤੇ ਅਫ਼ਸਰਾਂ ਵੱਲੋਂ ਕਾਰਵਾਈ ਨਾ ਕਰਨ ਦਾ ਮੁੱਦਾ ਹਾਵੀ ਰਿਹਾ। ਦੁਪਹਿਰ ਦੋ ਵਜੇ ਸ਼ੁਰੂ ਹੋਈ ਮੀਟਿੰਗ ਰਾਤ ਅੱਠ ਵਜੇ ਤੱਕ ਜਾਰੀ ਰਹੀ, ਜਿਸ ਵਿੱਚ ਹਾਊਸ ਦੇ ਏਜੰਡੇ ਤੋਂ ਇਲਾਵਾ ਜ਼ੀਰੋ ਆਵਰ ਦਿੱਤਾ ਗਿਆ ਸੀ, ਜਿਸ ਵਿੱਚ ਵਾਰਡ ਨੰਬਰ 1 ਤੋਂ 95 ਤੱਕ ਦੇ ਕੌਂਸਲਰਾਂ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ। ਦੇਰ ਸ਼ਾਮ ਤੱਕ ਕੌਂਸਲਰ ਹਾਊਸ ਦੀ ਮੀਟਿੰਗ ਵਿੱਚ ਆਪੋ-ਆਪਣੇ ਇਲਾਕੇ ਦੀ ਸਮੱਸਿਆ ਸਬੰਧੀ ਚਰਚਾ ਕਰਦੇ ਰਹੇ। ਇਸ ਦੌਰਾਨ ਜ਼ਿਆਦਾਤਰ ਕੌਂਸਲਰ ਮੇਅਰ ਤੇ ਅਫ਼ਸਰਾਂ ਖ਼ਿਲਾਫ਼ ਆਪਣੀ ਭੜਾਸ ਕੱਢਦੇ ਰਹੇ। ਕਈ ਵਾਰ ਮੀਟਿੰਗ ਵਿੱਚ ਹੰਗਾਮੇ ਦੇ ਆਸਾਰ ਵੀ ਬਣੇ, ਪਰ ਮੇਅਰ ਨੇ ਆਪਣੀ ਸਮਝਦਾਰੀ ਨਾਲ ਉਸ ਨੂੰ ਹੱਲ ਕਰ ਲਿਆ।
ਮੀਟਿੰਗ ਦੀ ਸ਼ੁਰੂਆਤ ਪਹਿਲਾਂ ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਰੱਖੇ ਗਏ ਦੋ ਮਿੰਟ ਦੇ ਮੌਨ ਤੋਂ ਬਾਅਦ ਹੋਈ। ਇਸ ਤੋਂ ਬਾਅਦ ਮੀਟਿੰਗ ਸ਼ੁਰੂ ਕਰਦੇ ਹੀ ਸਭ ਤੋਂ ਪਹਿਲਾਂ ਮੇਅਰ ਨੇ ਇਸ ਗੱਲ ਦਾ ਐਲਾਨ ਕਰ ਦਿੱਤਾ ਕਿ ਨਗਰ ਨਿਗਮ ਕੋਲ ਹਾਲੇ ਫੰਡ ਨਹੀਂ ਹਨ ਤੇ ਫੰਡਾਂ ਦੀ ਘਾਟ ਕਾਰਨ ਕੁਝ ਕੰਮ ਰੁਕੇ ਹੋਏ ਹਨ, ਜਿਨ੍ਹਾਂ ਨੂੰ ਫੰਡ ਆਉਣ ਤੋਂ ਬਾਅਦ ਸ਼ੁਰੂ ਕੀਤਾ ਜਾਵੇਗਾ। ਫੰਡਾਂ ਦੇ ਮੁੱਦੇ ’ਤੇ ਆਪਣੇ ਹੱਥ ਖੜ੍ਹੇ ਕਰਨ ਤੋਂ ਬਾਅਦ ਮੇਅਰ ਬਲਕਾਰ ਸਿੰਘ ਸੰਧੂ ਨੇ ਮੀਟਿੰਗ ਦੀ ਕਾਰਵਾਈ ਸ਼ੁਰੂ ਕੀਤੀ। ਸਭ ਤੋਂ ਪਹਿਲਾਂ ਹਾਊਸ ਵਿੱਚ ਵਿਰੋਧੀ ਧਿਰ ਦੇ ਆਗੂ ਤੇ ਅਕਾਲੀ ਦਲ ਦੇ ਕੌਂਸਲਰ ਹਰਭਜਨ ਸਿੰਘ ਡੰਗ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ, ਜਿਨ੍ਹਾਂ ਮੰਗ ਕੀਤੀ ਕਿ ਸ਼ਹਿਰ ਵਿੱਚ ਅਵਾਰਾ ਪਸ਼ੂਆਂ ਤੋਂ ਛੁਟਕਾਰਾ ਦਿਵਾਉਣ ਲਈ ਨਗਰ ਨਿਗਮ ਕੋਈ ਕਦਮ ਚੁੱਕੇ। ਉਨ੍ਹਾਂ ਸ਼ਹਿਰ ਵਿੱਚ ਬਰਸਾਤਾਂ ਦੌਰਾਨ ਸੜਕਾਂ ’ਤੇ ਖੜ੍ਹੇ ਪਾਣੀ ’ਤੇ ਮੇਅਰ ਤੇ ਅਫ਼ਸਰਾਂ ਤੋਂ ਸਵਾਲ ਕੀਤੇ। ਉਨ੍ਹਾਂ ਮੇਅਰ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਮੇਅਰ ਤੇ ਵਿਧਾਇਕ ਜਿਸ ਵਾਰਡ ਵਿੱਚ ਉਦਘਾਟਨ ਕਰਨ ਜਾਂਦੇ ਹਨ, ਉੱਥੇ ਕੌਂਸਲਰ ਨੂੰ ਵੀ ਬੁਲਾਉਣਾ ਚਾਹੀਦਾ ਹੈ, ਪਰ ਉਹ ਹਾਰੇ ਹੋਏ ਕੌਂਸਲਰ ਉਮੀਦਵਾਰ ਨੂੰ ਬੁਲਾ ਲੈਂਦੇ ਹਨ। ਇਸ ਗੱਲ ਨੂੰ ਲੈ ਕੇ ਮੀਟਿੰਗ ਵਿੱਚ ਕਾਫ਼ੀ ਹੰਗਾਮਾ ਵੀ ਹੋਇਆ।
ਮੀਟਿੰਗ ਦੌਰਾਨ ਸਭ ਤੋਂ ਪਹਿਲਾਂ ਵਾਰਡ 3 ਦੀ ਕਾਂਗਰਸੀ ਕੌਂਸਲਰ ਪਲਵੀ ਵਿਨਾਇਕ ਨੇ ਮੀਟਿੰਗ ਵਿੱਚ ਬੋਲਣ ਦੀ ਸ਼ੁਰੂਆਤ ਕੀਤੀ, ਜਿਨ੍ਹਾਂ ਮੇਅਰ ਨੂੰ ਘੇਰ ਲਿਆ। ਉਨ੍ਹਾਂ ਕਿਹਾ ਕਿ ਅਫ਼ਸਰ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣਦੇ, ਸਫ਼ਾਈ ਸੇਵਕਾਂ ਤੇ ਸੀਵਰਮੈਨਾਂ ਲਈ ਉਹ ਪਿਛਲੇ ਲੰਬੇ ਸਮੇਂ ਤੋਂ ਮੇਅਰ ਕੋਲ ਵੀ ਜਾ ਰਹੇ ਹਨ, ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕਾਰਪੋਰੇਸ਼ਨ ਦਾ ਦਫ਼ਤਰ ਘੱਟ ਤੇ ਕੁਰੱਪਸ਼ਨ ਦਾ ਅੱਡਾ ਜ਼ਿਆਦਾ ਬਣ ਗਿਆ ਹੈ।
ਇਸ ਤੋਂ ਬਾਅਦ ਵਾਰਡ 4 ਤੋਂ ਕਾਂਗਰਸੀ ਕੌਂਸਲਰ ਸੁਖਦੇਵ ਬਾਵਾ ਨੇ ਕਿਹਾ ਕਿ ਉਨ੍ਹਾਂ ਦੇ ਵਾਰਡ ਵਿੱਚ ਕਾਕੋਵਾਲ ਰੋਡ ’ਤੇ ਦੋ ਮਹੀਨੇ ਤੋਂ ਸਟਰੀਟ ਲਾਈਟਾਂ ਬੰਦ ਹਨ। ਉਨ੍ਹਾਂ ਦੋਸ਼ ਲਗਾਏ ਕਿ ਉਨ੍ਹਾਂ ਦੇ ਵਾਰਡ ਵਿੱਚ ਨਵੀਆਂ ਬਣੀਆਂ ਸੜਕਾਂ ਦੇ ਸੀਵਰੇਜ ਦੇ ਢੱਕਣ ਵੀ ਦਬ ਗਏ ਹਨ।
ਵਾਰਡ 9 ਦੀ ਕਾਂਗਰਸੀ ਕੌਂਸਲਰ ਗੁਲਸ਼ਨ ਕੌਰ ਨੇ ਵੀ ਮੇਅਰ ਤੇ ਅਫ਼ਸਰਾਂ ਦੀ ਪੋਲ ਖੋਲ੍ਹੀ। ਉਨ੍ਹਾਂ ਦੋਸ਼ ਲਗਾਏ ਕਿ ਉਨ੍ਹਾਂ ਦੇ ਵਾਰਡ ਵਿੱਚ ਨਾਜਾਇਜ਼ ਕਲੋਨੀਆਂ ਕੱਟੀਆਂ ਜਾ ਰਹੀਆਂ ਹਨ।
ਵਾਰਡ 10 ਦੇ ਕੌਂਸਲਰ ਲਾਲੀ ਗਰੇਵਾਲ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਵਾਰਡ ਵਿੱਚ ਐੱਲਈਡੀ ਲਾਈਟਾਂ ਲੱਗੀਆਂ ਸਨ, ਜੋ ਖ਼ਰਾਬ ਹੋ ਚੁੱਕੀਆਂ ਹਨ। ਵਾਰਡ 12 ਤੋਂ ਕਾਂਗਰਸੀ ਕੌਂਸਲਰ ਨਰੇਸ਼ ਨੇ ਵੀ ਮੇਅਰ ਖ਼ਿਲਾਫ਼ ਸਫ਼ਾਈ ਦੇ ਮੁੱਦੇ ’ਤੇ ਭੜਾਸ ਕੱਢੀ। ਵਾਰਡ 13 ਦੀ ਕਾਂਗਰਸੀ ਕੌਂਸਲਰ ਮਨਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਕੋਈ ਵੀ ਸ਼ਿਕਾਇਤ ਅਫ਼ਸਰ ਸੁਣਦੇ ਨਹੀਂ ਹਨ ਤੇ ਉਨ੍ਹਾਂ ਦੇ ਇਲਾਕੇ ਵਿੱਚ ਨਾਜਾਇਜ਼ ਕਲੋਨੀਆਂ ਦੀ ਭਰਮਾਰ ਹੈ। ਵਾਰਡ 14 ਤੋਂ ਕਾਂਗਰਸੀ ਕੌਂਸਲਰ ਕੁਲਦੀਪ ਜੰਡਾ ਨੇ ਦੋਸ਼ ਲਗਾਏ ਕਿ ਉਨ੍ਹਾਂ ਦੇ ਇਲਾਕੇ ਵਿੱਚ ਕੱਪੜੇ ਰੰਗਣ ਵਾਲੀਆਂ ਕੁਝ ਨਾਜਾਇਜ਼ ਇਕਾਈਆਂ ਹਨ, ਜਿਨ੍ਹਾਂ ਦਾ ਪਾਣੀ ਬਿਨਾਂ ਟਰੀਟ ਕੀਤੇ ਹੀ ਸਿੱਧਾ ਸੀਵਰੇਜ ਵਿੱਚ ਪਾਇਆ ਜਾ ਰਿਹਾ ਹੈ।