ਕਾਂਗਰਸੀ ਆਗੂ ਨੇ ਚੋਰਾਂ ’ਤੇ ਗੋਲੀ ਚਲਾਈ; ਇਕ ਹਲਾਕ

ਸਰਹਿੰਦ ਰੋਡ ’ਤੇ ਸਥਿਤ ਘੁੰਮਣ ਨਗਰ ਵਿਚ ਰਹਿੰਦੇ ਕਾਂਗਰਸੀ ਆਗੂ ਅਤੇ ਪਿੰਡ ਭਟੇੜੀ ਦੇ ਸਾਬਕਾ ਸਰਪੰਚ ਲਾਭ ਸਿੰਘ ਭਟੇੜੀ ਨੇ ਸ਼ਨਿਚਰਵਾਰ ਸੁਵੱਖਤੇ ਆਪਣੇ ਘਰ ਚੋਰ ਦਾਖ਼ਲ ਹੋਣ ’ਤੇ ਬਚਾਅ ਖ਼ਾਤਰ ਗੋਲੀ ਚਲਾ ਦਿੱਤੀ ਜਿਸ ਕਾਰਨ ਇਕ ਜਣਾ ਮਾਰਿਆ ਗਿਆ ਪਰ ਦੋ ਜਣੇ ਬਚ ਕੇ ਫ਼ਰਾਰ ਹੋ ਗਏ। ਸ੍ਰੀ ਭਟੇੜੀ ਮੁਤਾਬਕ ਸ਼ਨਿਚਰਵਾਰ ਸਵੇਰੇ ਕਰੀਬ ਪੌਣੇ ਚਾਰ ਵਜੇ ਤਿੰਨ ਜਣੇ ਕੰਧ ਟੱਪ ਕੇ ਉਨ੍ਹਾਂ ਦੇ ਘਰ ਵਿਚ ਦਾਖ਼ਲ ਹੋਏ। ਉਨ੍ਹਾਂ ਨੇ ਮੂੰਹ ’ਤੇ ਕੱਪੜਾ ਬੰਨ੍ਹਿਆ ਹੋਇਆ ਸੀ ਪਰ ਉਨ੍ਹਾਂ ਦੇ ਆਉਣ ਦੀ ਭਿਣਕ ਸੀਸੀਟੀਵੀ ਕੈਮਰਿਆਂ ਤੋਂ ਵੀ ਲੱਗ ਗਈ ਸੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਜਦ ਇਕ ਜਣਾ ਤਾਕੀ ਦੀ ਭੰਨ੍ਹ ਤੋੜ ਕਰ ਰਿਹਾ ਸੀ ਤਾਂ ਲਾਭ ਸਿੰਘ ਦੀ ਪਤਨੀ ਦੀ ਅੱਖ ਖੁੱਲ੍ਹ ਗਈ। ਇਸ ਤੋਂ ਬਾਅਦ ਲਾਭ ਸਿੰਘ ਆਪਣੀ ਬਾਰ੍ਹਾਂ ਬੋਰ ਦੀ ਲਾਇਸੈਂਸੀ ਰਾਈਫ਼ਲ ਲੈ ਕੇ ਘਰ ਦੇ ਚੁਬਾਰੇ ’ਤੇ ਚੜ੍ਹ ਗਿਆ। ਲਾਭ ਸਿੰਘ ਨੇ ਕਿਹਾ ਕਿ ਉਨ੍ਹਾਂ ਚੋਰਾਂ ਨੂੰ ਚਿਤਾਵਨੀ ਵੀ ਦਿੱਤੀ ਪਰ ਉਨ੍ਹਾਂ ਵਿੱਚੋਂ ਇਕ ਨੇ ਉਲਟਾ ਉਨ੍ਹਾਂ ਨੂੰ ਹੀ ਧਮਕੀ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਗੋਲੀ ਚਲਾ ਦਿੱਤੀ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਅਨਾਜ ਮੰਡੀ ਦੇ ਐੱਸਐਚਓ ਹੈਰੀ ਬੋਪਾਰਾਏ ਟੀਮ ਸਮੇਤ ਮੌਕੇ ’ਤੇ ਪੁੱਜੇ। ਇਸ ਤੋਂ ਬਾਅਦ ਹੋਰ ਪੁਲੀਸ ਅਧਿਕਾਰੀਆਂ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ। ਮ੍ਰਿਤਕ ਦੀ ਹਾਲੇ ਸ਼ਨਾਖ਼ਤ ਨਹੀਂ ਹੋ ਸਕੀ ਤੇ ਲਾਸ਼ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਰੱਖਿਆ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਦਵਿੰਦਰ ਸਿੰਘ ਨੇ ਕਿਹਾ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਡੀਐੱਸਪੀ (ਜ਼ਿਲ੍ਹਾ) ਸੁਖਮਿੰਦਰ ਚੌਹਾਨ ਨੇ ਦੱਸਿਆ ਕਿ ਮ੍ਰਿਤਕ 25 ਕੁ ਸਾਲ ਦਾ ਹੈ ਤੇ ਸਿਰੋਂ ਮੋਨਾ ਹੈ ਤੇ ਕੱਦ ਕਰੀਬ 5 ਫੁੱਟ 7 ਇੰਚ ਹੈ। ਉਸ ਦੀ ਬਾਂਹ ’ਤੇ ਸੁਰਮੇ ਨਾਲ ‘ਅਨਿਲ ਕਾਕੇਸ ਅਤੇ ਅੰਜਲੀ’ ਉਕਰਿਆ ਹੋਇਆ ਹੈ। ਲਾਸ਼ ਨੂੰ ਸ਼ਨਾਖ਼ਤ ਲਈ 72 ਘੰਟਿਆਂ ਤੱਕ ਰੱਖਿਆ ਜਾਵੇਗਾ ਤੇ ਮਗਰੋਂ ਲਾਵਾਰਿਸ ਕਰਾਰ ਦੇ ਕੇ ਸਸਕਾਰ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਚੋਰ ਕਾਂਗਰਸੀ ਆਗੂ ਦੇ ਘਰ ਦੇ ਨਾਲ ਗਾਇਕਾ ਸਤਵਿੰਦਰ ਬਿੱਟੀ ਦੀ ਖ਼ਾਲੀ ਪਈ ਕੋਠੀ ਵਿੱਚੋਂ ਦਾਖ਼ਲ ਹੋਏ ਸਨ ਤੇ ਗੋਲੀ ਲੱਗਣ ਤੋਂ ਬਾਅਦ ਲਾਸ਼ ਵੀ ਇਸੇ ਕੋਠੀ ਦੇ ਅੰਦਰਲੇ ਪਾਸੇ ਡਿੱਗ ਗਈ।