ਕਾਂਗਰਸੀਆਂ ਨੇ ਹਿੰਦੂਵਾਦ ਬਾਰੇ ਕਿੱਥੋਂ ਸਿੱਖਿਆ: ਮੋਦੀ

ਹਿੰਦੂਵਾਦ ਦੇ ਗਿਆਨ ਨੂੰ ਲੈ ਕੇ ਕਾਂਗਰਸ ’ਤੇ ਤਿੱਖਾ ਹੱਲਾ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਫਿਰ ‘ਨਾਮਦਾਰ-ਕਾਮਦਾਰ’ ਦਾ ਵਿਅੰਗ ਕੀਤਾ ਤੇ ਪੁੱਛਿਆ ਕਿ ਵਿਰੋਧੀ ਪਾਰਟੀ ਨੇ ਧਰਮ ਦੇ ਮਾਮਲੇ ’ਚ ਮੁਹਾਰਤ ਕਿੱਥੋਂ ਹਾਸਲ ਕੀਤੀ ਹੈ।
ਅੱਜ ਇੱਥੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘ਕਾਮਦਾਰ (ਕਾਮੇ) ਕਦੀ ਦਾਅਵਾ ਨਹੀਂ ਕਰਦੇ ਕਿ ਉਨ੍ਹਾਂ ਨੂੰ ਹਿੰਦੂਵਾਦ ਦਾ ਪੂਰਾ ਗਿਆਨ ਹੈ, ਪਰ ਨਾਮਦਾਰ (ਸ਼ਾਸਕ) ਨੂੰ ਕੁਝ ਵੀ ਬੋਲਣ ਦਾ ਅਧਿਕਾਰ ਹੁੰਦਾ ਹੈ।’ ਉਨ੍ਹਾਂ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਰਾਸ਼ਟਰਪਤੀ ਰਾਜਿੰਦਰ ਪ੍ਰਸਾਦ ਨੂੰ ਸੋਮਨਾਥ ਮੰਦਰ ਦੇ ਪਵਿੱਤਰੀਕਰਨ ਸਮਾਗਮ ’ਚ ਆਉਣ ਤੋਂ ਵੀ ਰੋਕਿਆ ਸੀ। ਇਸ ਮੰਦਰ ਨੂੰ ਵਿਦੇਸ਼ੀ ਧਾੜਵੀਆਂ ਨੇ ਤਬਾਹ ਕਰ ਦਿੱਤਾ ਸੀ ਤੇ ਸਰਦਾਰ ਵੱਲਭ ਭਾਈ ਪਟੇਲ ਨੇ ਇਸ ਦੀ ਮੁਰੰਮਤ ਕਰਵਾਈ ਸੀ। ਮੋਦੀ ਨੇ ਕਿਹਾ, ‘ਉਹ (ਨਹਿਰੂ) ਆਪਣੀ ਅਚਕਨ ’ਚ ਫੁੱਲ ਲਗਾਉਂਦੇ ਸਨ ਤੇ ਉਨ੍ਹਾਂ ਨੂੰ ਬਾਗ਼ਾਂ ਦੀ ਜਾਣਕਾਰੀ ਤਾਂ ਸੀ, ਪਰ ਉਨ੍ਹਾਂ ਨੂੰ ਕਿਸਾਨਾਂ ਤੇ ਕਿਸਾਨੀ ਬਾਰੇ ਕੁਝ ਵੀ ਪਤਾ ਨਹੀਂ ਸੀ, ਜਿਸ ਕਾਰਨ ਕਿਸਾਨਾਂ ਨੇ ਮੁਸ਼ਕਲਾਂ ਝੱਲੀਆਂ।’ –