ਕਾਂਗਰਸੀਆਂ ਨੇ ਖੁਦ ਸਿੱਖ ਕਤਲੇਆਮ ਦੀ ਗੱਲ ਮੰਨੀ: ਫੂਲਕਾ

ਆਮ ਆਦਮੀ ਪਾਰਟੀ ਦੇ ਵਿਧਾਇਕ ਤੇ 1984 ਦੇ ਸਿੱਖ ਕਤਲੇਆਮ ਦੇ ਮਾਮਲਿਆਂ ਦੀ ਸਾਲਾਂ ਤੋਂ ਕਾਨੂੰਨੀ ਲੜਾਈ ਲੜਦੇ ਆ ਰਹੇ ਐੱਚਐੱਸ ਫੂਲਕਾ ਨੇ ਕਿਹਾ ਕਿ ਸਿੱਖਾਂ ਦੇ ਕਤਲੇਆਮ ਦੇ ਦੋ ਦਿਨਾਂ ਬਾਅਦ ਹੀ ਕਈ ਕਾਂਗਰਸੀ ਵਰਕਰਾਂ ਨੇ ਖੁਲਾਸੇ ਕੀਤੇ ਸਨ ਕਿ ਪਾਰਟੀ ਦੇ ਵੱਡੇ ਆਗੂਆਂ ਦੀ ਅਗਵਾਈ ਹੇਠ ਸਿੱਖਾਂ ਦੇ ਕਤਲ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ 1984 ਵਿੱਚ ਦਿੱਲੀ ਦੇ ਤਰਲੋਕਪੁਰੀ ’ਚ 400, ਕਲਿਆਣਪੁਰੀ ਵਿੱਚ 200, ਸੁਲਤਾਨਪੁਰੀ ਵਿੱਚ 350 ਅਤੇ ਪਾਲਮ ਵਿੱਚ 340 ਸਿੱਖ ਕਤਲ ਕੀਤੇ ਗਏ ਸੀ। ਉਨ੍ਹਾਂ ਦੱਸਿਆ ਕਿ ਉਸ ਵੇਲੇ ਕਤਲੇਆਮ ਤੋਂ ਦੋ ਦਿਨ ਬਾਅਦ ਹੀ ਇਨ੍ਹਾਂ ਖੇਤਰਾਂ ਦੇ ਸੈਂਕੜੇ ਕਾਂਗਰਸੀਆਂ ਨੇ ਪਾਰਟੀ ਦੇ ਵੱਡੇ ਆਗੂਆਂ ਦੇ ਨਾਂ ਲੈ ਕੇ ਕਿਹਾ ਸੀ ਕਿ ਉਨ੍ਹਾਂ ਦੀ ਅਗਵਾਈ ਹੇਠ ਕਤਲੇਆਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਜੱਗ ਜ਼ਾਹਿਰ ਹੈ ਕਿ 1984 ਦੇ ਸਿੱਖ ਕਤਲੇਆਮ ਕਾਂਗਰਸ ਨੇ ਕਰਵਾਏ ਸਨ।