ਕਰੁਣਾਨਿਧੀ ਨੂੰ ਲੱਖਾਂ ਲੋਕਾਂ ਵੱਲੋਂ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਦ੍ਰਾਵਿੜ ਸਿਆਸਤ ਦੇ ਪਿਤਾਮਾ ਐਮ ਕਰੁਣਾਨਿਧੀ ਨੂੰ ਅੱਜ ਲੋਕਾਂ ਦੇ ਹੜ੍ਹ ਵੱਲੋਂ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੇ ਜਾਣ ਬਾਅਦ ਮੈਰੀਨਾ ਬੀਚ ’ਤੇ ਦਫ਼ਨਾ ਦਿੱਤਾ ਗਿਆ। ਉਨ੍ਹਾਂ ਨੂੰ ਮੈਰੀਨਾ ਬੀਚ ’ਤੇ ਦਫ਼ਨਾਉਣ ਲਈ ਪਾਰਟੀ ਨੂੰ ਪਹਿਲਾਂ ਅਦਾਲਤੀ ਜੰਗ ਜਿੱਤਣੀ ਪਈ। ਸਾਹਿਤ, ਸਿਨਮਾ ਅਤੇ ਸਿਆਸਤ ’ਚ ਕਈ ਦਹਾਕਿਆਂ ਤਕ ਆਪਣੀ ਛਾਪ ਛੱਡਣ ਵਾਲੇ ਆਗੂ ਨੂੰ ਸ਼ਰਧਾਂਜਲੀਆਂ ਦੇਣ ਲਈ ਮੁਲਕ ਦੇ ਵੱਡੇ ਆਗੂ ਸ਼ਹਿਰ ’ਚ ਪੁੱਜੇ ਹੋਏ ਸਨ। ਜ਼ਿਕਰਯੋਗ ਹੈ ਕਿ 94 ਵਰ੍ਹਿਆਂ ਦੇ ਕਰੁਣਾਨਿਧੀ ਨੇ 11 ਦਿਨਾਂ ਤਕ ਜ਼ਿੰਦਗੀ ਨਾਲ ਸੰਘਰਸ਼ ਕਰਨ ਮਗਰੋਂ ਕੱਲ ਹਸਪਤਾਲ ’ਚ ਦਮ ਤੋੜਿਆ ਸੀ। ਸ੍ਰੀ ਕਰੁਣਾਨਿਧੀ ਦੇ ਅੰਤਮ ਦਰਸ਼ਨ ਕਰਨ ਵਾਲਿਆਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਕਰਨਾਟਕ ਦੇ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ, ਕੇਰਲਾ ਦੇ ਪੀ ਵਿਜਯਨ, ਤਿਲੰਗਾਨਾ ਦੇ ਕੇ ਚੰਦਰਸ਼ੇਖਰ ਰਾਓ ਅਤੇ ਆਂਧਰਾ ਪ੍ਰਦੇਸ਼ ਦੇ ਐਨ ਚੰਦਰਬਾਬੂ ਨਾਇਡੂ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਸੀਪੀਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਪ੍ਰਕਾਸ਼ ਕਰਤ, ਕੇਰਲਾ ਦੇ ਸਾਬਕਾ ਮੁੱਖ ਮੰਤਰੀ ਓਮਨ ਚਾਂਡੀ ਅਤੇ ਯੂਪੀ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਵੀ ਹਾਜ਼ਰੀ ਲਵਾਈ। ਸ੍ਰੀ ਕਰੁਣਾਨਿਧੀ ਨੂੰ ਪੂਰੇ ਫ਼ੌਜੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਉਨ੍ਹਾਂ ਦੇ ਪੁੱਤਰ ਐਮ ਕੇ ਸਟਾਲਿਨ ਨੂੰ ਪਿਤਾ ਦੇ ਸਰੀਰ ’ਤੇ ਲਪੇਟਿਆ ਗਿਆ ਕੌਮੀ ਝੰਡਾ ਸੌਂਪਿਆ ਗਿਆ। ਪਤਨੀ ਰਜਤੀ ਅਮਾਲ, ਪੁੱਤਰਾਂ ਅਤੇ ਧੀਆਂ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੇ ਸ੍ਰੀ ਕਰੁਣਾਨਿਧੀ ਦੇ ਪੈਰਾਂ ’ਚ ਫੁੱਲ ਚੜ੍ਹਾਏ। ਤਾਬੂਤ ਨੂੰ ਕਬਰ ’ਚ ਉਤਾਰਨ ਤੋਂ ਪਹਿਲਾਂ ਸਟਾਲਿਨ ਨੇ ਜਦੋਂ ਪਿਤਾ ਦੇ ਪੈਰ ਛੋਹੇ ਤਾਂ ਉਸ ਦੀਆਂ ਅੱਖਾਂ ’ਚੋਂ ਹੰਝੂ ਵਹਿ ਤੁਰੇ। ਛੋਟੀ ਧੀ ਅਤੇ ਰਾਜ ਸਭਾ ਮੈਂਬਰ ਕਨੀਮੋੜੀ ਨੇ ਪਿਤਾ ਦੇ ਸਿਰ ਅਤੇ ਗੱਲ੍ਹਾਂ ਨੂੰ ਆਖਰੀ ਵਾਰ ਪਿਆਰ ਨਾਲ ਪਲੋਸਿਆ। ਸ੍ਰੀ ਕਰੁਣਾਨਿਧੀ ਦੇ ਨਾਸਤਿਕ ਹੋਣ ਕਰਕੇ ਹਿੰਦੂ ਰਸਮਾਂ ਨਹੀਂ ਨਿਭਾਈਆਂ ਗਈਆਂ। ਉਨ੍ਹਾਂ ਦੇ ਤਾਬੂਤ ’ਤੇ ਲਿਖਿਆ ਸੀ,‘‘ਜਿਸ ਨੇ ਤਾ-ਉਮਰ ਬਿਨ੍ਹਾਂ ਆਰਾਮ ਕੀਤਿਆਂ ਸਖ਼ਤ ਮਿਹਨਤ ਕੀਤੀ, ਉਹ ਇਥੇ ਸਦਾ ਲਈ ਵਿਸ਼ਰਾਮ ਕਰ ਰਿਹਾ ਹੈ।’ ਇਸ ਤੋਂ ਪਹਿਲਾਂ ਹਾਈ ਕੋਰਟ ਦੀ ਬੈਂਚ ਨੇ ਕਿਹਾ ਸੀ ਕਿ ਮੈਰੀਨਾ ਬੀਚ ’ਤੇ ਦਫਨਾਉਣ ਲਈ ਥਾਂ ਦੇਣ ਪਿੱਛੇ ਕੋਈ ਕਾਨੂੰਨੀ ਅੜਿੱਕਾ ਨਹੀਂ ਹੈ। ‘ਪਹਿਲਾਂ ਵੀ ਸਾਰੇ ਦ੍ਰਾਵਿੜ ਆਗੂਆਂ ਨੂੰ ਮੈਰੀਨਾ ’ਚ ਦਫਨਾਇਆ ਗਿਆ ਹੈ। ਮੌਜੂਦਾ ਕੇਸ ’ਚ ਵੱਖਰਾ ਸਟੈਂਡ ਲੈਣ ਦੀ ਕੋਈ ਲੋੜ ਨਹੀਂ ਹੈ।’ ਅਦਾਲਤ ਦਾ ਫ਼ੈਸਲਾ ਜਿਵੇਂ ਹੀ ਹੱਕ ’ਚ ਆਇਆ ਤਾਂ ਡੀਐਮਕੇ ਦੇ ਹਜ਼ਾਰਾਂ ਸਮਰਥਕਾਂ ਨੇ ‘ਕਲੈਗਨਾਰ (ਕਲਾਕਾਰ) ਅਮਰ ਰਹੇ’ ਦੇ ਨਾਅਰੇ ਲਾਏ।