ਕਰਨਾਟਕ ਵਿਚ ਬੱਸ ਨਹਿਰ ’ਚ ਡਿੱਗੀ; 30 ਮੌਤਾਂ

ਕਰਨਾਟਕ ਦੇ ਮਾਂਡਿਆ ਜ਼ਿਲੇ ਵਿਚ ਇਕ ਪ੍ਰਾਈਵੇਟ ਬੱਸ ਨਹਿਰ ਵਿਚ ਡਿੱਗਣ ਕਾਰਨ ਘੱਟੋ ਘੱਟ 30 ਜਣੇ ਮਾਰੇ ਗਏ। ਬੱਸ ਵਿਚ ਜ਼ਿਆਦਾਤਰ ਸਕੂਲੀ ਬੱਚੇ ਸਵਾਰ ਸਨ। ਪੁਲੀਸ ਨੇ ਦੱਸਿਆ ਕਿ ਬੱਸ ਪਾਂਡਵਪੁਰਾ ਤਾਲੁਕਾ ਦੇ ਕਨਕਾਨਾਮਰਾਡੀ ਵਿਖੇ ਵੀਸੀ ਨਹਿਰ ਵਿਚ ਪੂਰੀ ਤਰ੍ਹਾਂ ਡੁੱਬ ਗਈ ਤੇ ਹੁਣ ਤੱਕ 23 ਲਾਸ਼ਾਂ ਕੱਢ ਲਈਆਂ ਗਈਆਂ ਸਨ। ਪੁਲੀਸ ਨੂੰ ਹਾਦਸੇ ਵਾਲੀ ਜਗ੍ਹਾ ਵੱਲ ਜਾ ਰਹੇ ਲੋਕਾਂ ਨੂੰ ਕਾਬੂ ਕਰਨ ਵਿਚ ਬੜੀ ਮੁਸ਼ਕਲ ਪੇਸ਼ ਆਈ। ਕਈ ਲੋਕਾਂ ਨੇ ਦੱਸਿਆ ਕਿ ਪੁਲੀਸ ਦੇ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਤਿੰਨ ਵਿਅਕਤੀਆਂ ਨੂੰ ਜਿੰਦਾ ਬਾਹਰ ਕੱਢ ਲਿਆ ਸੀ। ਮੁੱਖ ਮੰਤਰੀ ਐਚਡੀ ਕੁਮਾਰਸਵਾਮੀ ਆਪਣੇ ਸਾਰੇ ਰੁਝੇਵੇਂ ਛੱਡ ਕੇ ਘਟਨਾ ਸਥਾਨ ’ਤੇ ਪਹੁੰਚ ਗਏ ਸਨ। ਪੁਲੀਸ ਅਫ਼ਸਰਾਂ ਨੇ ਦੱਸਿਆ ਕਿ ਬੱਸ ਬੰਗਲੌਰ ਤੋਂ 105 ਕਿਲੋਮੀਟਰ ਦੂਰ ਦੱਖਣ ਵੱਲ ਸਥਿਤ ਕਨਗਨਾਮਰਾੜੀ ਵਿਚ ਵੀਸੀ ਨਹਿਰ ਦੀ ਪਟੜੀ ’ਤੇ ਜਾ ਰਹੀ ਸੀ ਤੇ ਬੇਕਾਬੂ ਹੋ ਕੇ ਨਹਿਰ ਵਿਚ ਜਾ ਡਿੱਗੀ। ਬੱਸ ਪੂਰੀ ਤਰ੍ਹਾਂ ਡੁੱਬ ਗਈ ਸੀ ਤੇ ਜ਼ਿਆਦਾਤਰ ਮੁਸਾਫ਼ਰਾਂ ਦੀ ਥਾਏਂ ਮੌਤ ਹੋ ਗਈ ਸੀ। ਮਰਨ ਵਾਲਿਆਂ ਵਿਚ 8 ਪੁਰਸ਼, 13 ਔਰਤਾਂ ਤੇ 9 ਬੱਚੇ ਸ਼ਾਮਲ ਹਨ।