ਕਰਨਾਟਕ ਦੇ ਮੁੱਖ ਮੰਤਰੀ ਨੂੰ ਭ੍ਰਿਸ਼ਟਾਚਾਰ ਕੇਸ ’ਚ ਰਾਹਤ

ਵਿਸ਼ੇਸ਼ ਅਦਾਲਤ ਨੇ ਕਰਨਾਟਕ ਦੇ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਨੂੰ ਭ੍ਰਿਸ਼ਟਾਚਾਰ ਦੇ ਕੇਸ ’ਚੋਂ ਰਾਹਤ ਦੇ ਦਿੱਤੀ ਹੈ। ਉਨ੍ਹਾਂ ’ਤੇ ਦੋਸ਼ ਲੱਗੇ ਸਨ ਕਿ ਰਿਸ਼ਵਤ ਲੈ ਕੇ ਸ਼ਹਿਰ ਦੇ ਬਾਹਰਵਾਰ ਸਰਕਾਰੀ ਜ਼ਮੀਨ ਨੂੰ ਉਨ੍ਹਾਂ ਛੁਡਵਾਇਆ ਸੀ। ਮੁੱਖ ਮੰਤਰੀ ਦੇ ਵਕੀਲ ਐਚ ਪਾਸ਼ਾ ਨੇ ਦੱਸਿਆ ਕਿ ਵਿਸ਼ੇਸ਼ ਲੋਕ ਆਯੁਕਤ ਅਦਾਲਤ ਦੇ ਜੱਜ ਨੇ ਸ੍ਰੀ ਕੁਮਾਰਸਵਾਮੀ ਦਾ ਨਾਮ ਇਸ ਮਾਮਲੇ ’ਚੋਂ ਹਟਾਉਣ ਦੀ ਇਜਾਜ਼ਤ ਦੇ ਦਿੱਤੀ। ਸਬੂਤਾਂ ਦੀ ਘਾਟ ਕਾਰਨ ਚਾਰ ਮੁਲਜ਼ਮਾਂ ’ਚੋਂ ਸੇਵਾਮੁਕਤ ਆਈਏਐਸ ਅਫ਼ਸਰ ਕੇ ਜੋਤਿਰਾਮਲਿੰਗਮ ਅਤੇ ਦੋ ਅਧਿਕਾਰੀਆਂ ਸ੍ਰੀਰਾਮ ਤੇ ਰਵੀਪ੍ਰਕਾਸ਼ ਨੂੰ ਵੀ ਬਰੀ ਕਰ ਦਿੱਤਾ ਗਿਆ। ਇਹ ਮਾਮਲਾ 2006-07 ਦਾ ਹੈ ਅਤੇ ਉਸ ਸਮੇਂ ਜਨਤਾ ਦਲ-ਐਸ-ਭਾਜਪਾ ਗਠਜੋੜ ਦੀ ਸਰਕਾਰ ਸੀ ਤੇ ਕੁਮਾਰਸਵਾਮੀ ਮੁੱਖ ਮੰਤਰੀ ਸਨ। ਸਾਬਕਾ ਮੰਤਰੀ ਸੀ ਚੇਨਿੰਗੱਪਾ ਨੂੰ ਛੱਡ ਕੇ ਬਾਕੀ ਤਿੰਨ ਸਹਿ ਮੁਲਜ਼ਮਾਂ ਅਤੇ ਕੁਮਾਰਸਵਾਮੀ ਨੇ ਕੇਸ ’ਚੋਂ ਨਾਮ ਹਟਾਉਣ ਲਈ ਅਰਜ਼ੀ ਦਿੱਤੀ ਸੀ। -ਪੀਟੀਆਈ