ਕਰਤਾਰਪੁਰ ਲਾਂਘਾ: ਸਿੱਧੂ ਵੱਲੋਂ ਸੁਸ਼ਮਾ ਨਾਲ ਮੁਲਾਕਾਤ

ਹਰਸਿਮਰਤ ਬਾਦਲ ਵੱਲੋਂ ਸਿੱਧੂ ਦੀ ‘ਝਾੜਝੰਬ’ ਹੋਣ ਦਾ ਦਾਅਵਾ

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਕਰਤਾਰਪੁਰ ਲਾਂਘਾ ਖੋਲ੍ਹਣ ਸਬੰਧੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕੇਂਦਰੀ ਵਿਦੇਸ਼ ਮੰਤਰੀ ਨੂੰ ਇਸ ਸਬੰਧੀ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਅੱਗੇ ਵਧਾਉਣ ਲਈ ਕਿਹਾ। ਇਸ ਦੇ ਉਲਟ ਕੇਂਦਰੀ ਮੰਤਰੀ ਤੇ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਨੇ ਦਾਅਵਾ ਕੀਤਾ ਕਿ ਵਿਦੇਸ਼ ਮੰਤਰੀ ਨੇ ਕਰਤਾਰਪੁਰ ਲਾਂਘੇ ਦੇ ਮਾਮਲੇ ਨੂੰ ‘ਉਲਝਾਉਣ’ ਲਈ ਸ੍ਰੀ ਸਿੱਧੂ ਨੂੰ ‘ਫਟਕਾਰ’ ਲਗਾਈ ਹੈ। ਹਰਸਿਮਰਤ ਬਾਦਲ ਨੇ ਦੋਸ਼ ਲਾਇਆ ਕਿ ਨਵਜੋਤ ਸਿੱਧੂ ਨੇ ਪਾਕਿ ਪ੍ਰਧਾਨ ਮੰਤਰੀ ਦੇ ਤਾਜਪੋਸ਼ੀ ਸਮਾਗਮ ਵਿੱਚ ਜਾਣ ਦੀ ਮਿਲੀ ਇਜਾਜ਼ਤ ਦਾ ‘ਗਲਤ ਫਾਇਦਾ’ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪਾਕਿ ਫ਼ੌਜ ਮੁਖੀ ਨੂੰ ਗਲਵਕੜੀ ਪਾ ਕੇ ਕੈਬਨਿਟ ਮੰਤਰੀ ਨੇ ਫ਼ੌਜੀ ਜਵਾਨਾਂ ਦਾ ਅਪਮਾਨ ਕੀਤਾ ਹੈ ਤੇ ਇਸੇ ਲਈ ਉਨ੍ਹਾਂ ਦੀ ਵਿਦੇਸ਼ ਮੰਤਰੀ ਨੇ ‘ਝਾੜਝੰਬ’ ਕੀਤੀ ਹੈ।