ਕਨੂਪ੍ਰਿਆ ਨੇ ਡਰੈੱਸ ਕੋਡ ਸਬੰਧੀ ਨੋਟਿਸ ਹਟਵਾਇਆ

ਪੰਜਾਬ ਯੂਨੀਵਰਸਿਟੀ ਦੇ ਲੜਕੀਆਂ ਦੇ ਹੋਸਟਲਾਂ ਦੀ ਕੈਂਟੀਨ ਅਤੇ ਮੈੱਸ ਵਿੱਚ ਦਾਖਲ ਹੋਣ ਵੇਲੇ ਡਰੈੱਸ ਕੋਡ ਨੂੰ ਲੈ ਕੇ ਉਠੇ ਵਿਵਾਦ ਬਾਰੇ ਪੀਯੂ ਕੈਂਪਸ ਸਟੂਡੈਂਟਸ ਕੌਂਸਲ ਦੀ ਪ੍ਰਧਾਨ ਅਤੇ ਐੱਸਐੱਫਐੱਸ ਦੀ ਆਗ ਕਨੂਪ੍ਰਿਆ ਨੇ ਹੋਸਟਲ ਨੰਬਰ ਇੱਕ ਵਿੱਚ ਵਿਦਿਆਰਥਾਂ ਨਾਲ ਮੀਟਿੰਗ ਕੀਤੀ ਅਤੇ ਬੋਰਡ ਉੱਤੇ ਡਰੈੱਸ ਕੋਡ ਸਬੰਧੀ ਲੱਗੇ ਨੋਟਿਸ ਨੂੰ ਉਤਰਵਾ ਦਿੱਤਾ। ਕੌਂਸਲ ਪ੍ਰਧਾਨ ਨੇ ਕਿਹਾ ਕਿ ਅਜਿਹੇ ਨਿਯਮ ਪੀਯੂ ਪ੍ਰਸ਼ਾਸਨ ਦੀ ਪਿਛਾਂਹਖਿੱਚੂ ਮਾਨਸਿਕਤਾ ਨੂੰ ਉਜਾਗਰ ਕਰਦੇ ਹਨ। ਉਨ੍ਹਾਂ ਕਿਹਾ ਕਿ ਹੋਸਟਲ ਵਿਦਿਆਰਥਣਾਂ ਵਾਸਤੇ ਦੂਸਰੇ ਘਰ ਵਾਂਗ ਹੁੰਦਾ ਹੈ ਅਤੇ ਆਪਣੇ ਹੀ ਘਰ ਵਿੱਚ ਦਾਖਲ ਹੋਣ ਲਈ ਡਰੈੱਸ ਕੋਡ ਨੂੰ ਅਪਣਾਉਣਾ ਬਹੁਤ ਹੀ ਅਪਮਾਨਜਨਕ ਹੈ। ਉਨ੍ਹਾਂ ਕਿਹਾ ਕਿ ਪੀਯੂ ਕੈਂਪਸ ਵਿੱਚ ਅਜਿਹੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕਨੂਪ੍ਰਿਆ ਨੇ ਕਿਹਾ ਕਿ ਉਹ ਲੜਕੀਆਂ ਨਾਲ ਹੋ ਰਹੇ ਵਿਤਕਰੇ ਖ਼ਿਲਾਫ਼ ਹਮੇਸ਼ ਲੜਦੀ ਰਹੀ ਹੈ ਅਤੇ ਡਰੈੱਸ ਕੋਡ ਵਰਗੇ ਫਰਮਾਨ ਕੈਂਪਸ ਵਿੱਚ ਨਹੀਂ ਚੱਲਣ ਦੇਵੇਗੀ। ਜੇਕਰ ਡਰੈੱਸ ਕੋਡ ਸਬੰਧੀ ਰੂਲ ਪ੍ਰੋਸਪੈਕਟਸ ਵਿੱਚ ਦਰਜ ਕੀਤਾ ਗਿਆ ਹੈ ਤਾਂ ਉਹ ਇਸ ਨੂੰ ਵੀ ਚੁਣੌਤੀ ਦੇਵੇਗੀ। ਕਨੂਪ੍ਰਿਆ ਨੇ ਵਿਦਿਆਰਥਣਾਂ ਨੂੰ ਕਿਹਾ ਕਿ ਜੇਕਰ ਕੈਂਪਸ ਵਿੱਚ ਉਨ੍ਹਾਂ ਨਾਲ ਅਪਮਾਨਜਨਕ ਵਤੀਰਾ ਕੀਤਾ ਜਾਂਦਾ ਹੈ ਤਾਂ ਇਸ ਦਾ ਨੋਟਿਸ ਵਿਦਿਆਰਥੀ ਕੌਂਸਲ ਦੇ ਧਿਆਨ ਵਿੱਚ ਲਿਆਂਦਾ ਜਾਵੇ।