ਕਥਾ : ਮਹਾਨ ਸ਼ਹੀਦ ਭਾਈ ਸੰਗਤ ਸਿੰਘ ਜੀ ਦੀ

ਕੇਹਰ ਸ਼ਰੀਫ਼

ਸਿਦਕ ਨੂੰ ਪਾਲਣ ਅਤੇ ਸ਼ਹਾਦਤ ਦਾ ਚਾਅ ਕਰਨ ਵਾਲੇ ਸਿੱਖ ਇਤਿਹਾਸ ਦੀ ਲਾਸਾਨੀ ਸ਼ਹਾਦਤ ਸਬੰਧੀ ਵਿਚਾਰਦਿਆਂ ਹੈਰਾਨੀ ਹੁੰਦੀ ਹੈ  ਕਿ ਕਿਵੇਂ ਸੂਰਮੇ ਆਪਣੇ ਗੁਰੂ ਖਾਤਰ ਜਾਂ ਗੁਰੂ ਦੀ ਥਾਵੇਂ ਸਿਰ ਵਾਰ ਜਾਂਦੇ ਹਨ। ਪਰ ਇਹ ਜਜ਼ਬਾ ਕੋਈ ਦਿਨਾਂ ਮਹੀਨਿਆਂ ਵਿੱਚ ਪੈਦਾ ਨਹੀਂ ਹੁੰਦਾ ਇਸ ਵਿੱਚ ਪਰਿਵਾਰਕ ਵਿਰਸੇ ਦਾ ਵੀ ਬਹੁਤ ਮਹੱਤਵ ਹੁੰਦਾ ਹੈ ਕਿ ਪੀੜ੍ਹੀ ਦਰ ਪੀੜ੍ਹੀ ਸ਼ਰਧਾ, ਪ੍ਰਤੀਬੱਧਤਾ ਅਤੇ ਸੂਰਬੀਰਤਾ ਪਲ਼ਦੀ ਹੈ। ਕੁਰਬਾਨੀਆਂ ਦੇ ਇਤਿਹਾਸ ਨੂੰ ਵਿਚਾਰਦਿਆਂ ਇਕ ਅਜਿਹੀ ਲਾਸਾਨੀ ਕੁਰਬਾਨੀ ਦਾ ਵਿਸਥਾਰ ਹੈ ਮਹਾਨ ਸ਼ਹੀਦ ਭਾਈ ਸੰਗਤ ਸਿੰਘ ਜੀ ਦਾ ਜੀਵਨ ਅਤੇ ਨਿਭਾਏ ਗਏ ਸਿਦਕ, ਸਿਰੜ ਦੀ ਵਾਰ ਵਾਰ ਚੇਤੇ ਕਰਨ ਵਾਲੀ ਕਥਾ। ਜੋ ਸਦੀਆਂ ਤੱਕ ਆਪਣੇ ਸੱਚੇ ਮਕਸਦ ਵਾਸਤੇ ਲੜਨ ਵਾਲਿਆਂ ਦੀ ਅਗਵਾਈ ਕਰਦੀ ਰਹੇਗੀ। ਜੋ ਸੱਚ ਖਾਤਰ ਹਨੇਰਿਆਂ ਦੇ ਖਿਲਾਫ ਲੜਨ ਦਾ ਜਜ਼ਬਾ ਬਣੀ ਰਹੇਗੀ।
ਸਿੱਖ ਇਤਿਹਾਸ ਦੇ ਸੂਰਮੇ ਸ਼ਹੀਦ ਭਾਈ ਸੰਗਤ ਸਿੰਘ ਜੀ ਦੀ ਜਿਨ੍ਹਾਂ ਨੂੰ ਸੰਗਤ ਸਿੰਘ ਬੰਗੇਸਰ ਕਰਕੇ ਵੀ ਇਤਿਹਾਸ ਵਿੱਚ ਯਾਦ ਕੀਤਾ ਜਾਂਦਾ ਹੈ। ਪਹਿਲਾਂ ਭਾਈ ਸੰਗਤ ਸਿੰਘ ਜੀ ਦੇ ਪਿਛੋਕੜ ਵੱਲ ਨਿਗਾਹ ਮਾਰਨੀ ਚਾਹੀਦੀ ਹੈ ਕਿ ਕਿਸੇ ਦੇ ਰੋਮ ਰੋਮ ਵਿੱਚ ਭੈਅ ਮੁਕਤ ਸੂਰਬੀਰਤਾ ਕਿਵੇਂ ਰਚਦੀ ਹੈ। ਕਿਵੇਂ ਕੁਰਬਾਨੀ ਦਾ ਜਜ਼ਬਾ ਪੈਦਾ ਹੁੰਦਾ ਹੈ, ਕਿ ਇਨਸਾਨ ਸਾਹਮਣੇ ਦਿਸਦੀ ਮੌਤ ਦੇਖ ਕੇ ਬਚਣ ਦੀ ਬਜਾਏ ਮਾਣ ਭਰੀ ਖੁਸ਼ੀ ਨਾਲ ਜਾਨ ਵਾਰਨ ਲਈ ਤਿਆਰ ਹੋ ਜਾਂਦਾ ਹੈ। ਯਾਦ ਰਹੇ ਅਜਿਹੇ ਸੂਰਮੇ ਹੀ ਇਤਿਹਾਸ ਦੇ ਥੰਮ ਬਣਦੇ ਹਨ। ਆਉਣ ਵਾਲੀਆਂ ਪੀੜ੍ਹੀਆਂ ਅਜਿਹੇ ਸੂਰਮਿਆਂ ਨੂੰ ਯਾਦ ਹੀ ਨਹੀਂ ਰੱਖਦੀਆਂ ਸਗੋਂ ਉਨ੍ਹਾਂ ਨੂੰ ਆਪਣਾ ਪ੍ਰੇਰਨਾ ਸ੍ਰੋਤ ਵੀ ਮੰਨਦੀਆਂ ਹਨ ਤਾਂ ਕਿ ਆਪਣੇ ਜੁਝਾਰੂ ਵਿਰਸੇ ਨੂੰ ਜੀਊਂਦਾ ਰੱਖਿਆ ਜਾ ਸਕੇ ਅਤੇ ਅੱਗੇ ਤੋਰਿਆ ਜਾ ਸਕੇ।
ਇਤਿਹਾਸ ਵਿੱਚ ਭਾਈ ਸੰਗਤ ਸਿੰਘ ਜੀ ਦੇ ਪਰਿਵਾਰ ਦਾ ਗੁਰੂ ਘਰ ਵੱਲ ਸ਼ਰਧਾ ਭਰਪੂਰ ਸਨੇਹ ਬਹੁਤ ਪਹਿਲਾਂ ਜੁੜ ਜਾਂਦਾ ਹੈ।  ਜਦੋਂ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ ‘ਗੁਰੂ ਕਾ ਚੱਕ’ ਭਾਵ ਅਮ੍ਰਿਤਸਰ ਵਸਾਇਆ ਤਾਂ ਗੁਰੂ ਸੇਵਾ ਅਤੇ ਗੂਰੂ ਦਰਸ਼ਣਾਂ ਵਾਸਤੇ ਬਹੁਤ ਸਾਰੀਆਂ ਸੰਗਤਾਂ ਦੂਰ ਦੁਰਾਡੇ ਤੋਂ ਵੀ ਆਇਆ ਕਰਦੀਆਂ ਸਨ। ਗੁਰੂ ਦੀ ਮਹਿਮਾਂ ਸੁਣ ਕੇ ਗਰੀਬ ਪਰਿਵਾਰ ਵੀ ਇਸ ਪਾਸੇ ਵੱਲ ਤੁਰਨ ਲੱਗ ਪਏ ਸਨ। ਇਨ੍ਹਾਂ ਗਰੀਬ ਪਰਿਵਾਰਾਂ ਵਿੱਚ ਕੱਪੜਾ ਬੁਣਨ ਦਾ ਕੰਮ ਕਰਨ ਵਾਲੇ ਕਿਰਤੀ ਭਾਈ ਜਰਨੈਲ ਦਾ ਪਰਿਵਾਰ ਵੀ ਸੀ। ਗੁਰੂ ਰਾਮ ਦਾਸ ਜੀ ਨੇ ਆਪਣੀ ਸੰਗਤ ਵਿੱਚੋਂ ਜਾਤ ਪਾਤ ਨੂੰ ਸਦਾ ਲਈ ਖਤਮ ਕਰਨ ਵਾਸਤੇ ਇਕ ਦਿਨ ਧਾਰਮਿਕ ਦੀਵਾਨ ਤੋਂ ਬਾਅਦ ਭਾਈ ਜਰਨੈਲ ਜੀ ਤੇ ਉਨ੍ਹਾਂ ਨਾਲ ਆਈ ਸੰਗਤ ਦੀ ਸੇਵਾ ਭਾਵਨਾ ਤੋਂ ਅਤਿ ਪਰਸੰਨ ਹੋ ਕੇ ਆਪਣੇ ਕੋਲ ਬੁਲਾ ਕੇ ‘ਸਿਰੋਪਾਉ’ ਦੀ ਦੀ ਬਖਸ਼ਿਸ਼ ਕਰਦਿਆਂ ਸੰਗਤਾਂ ਨੂੰ ਹੁਕਮ ਕੀਤਾ ਕਿ ਇਹ ਸਿੱਖ ਮੇਰੇ ਨਾਮ ਨਾਲ ਰਾਮਦਾਸੀਏ ਕਰਕੇ ਜਾਣੇ ਜਾਣ। ਰਾਮਦਾਸੀਏ ਦਾ ਲਕਬ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਕਰਕੇ ਪ੍ਰਾਪਤ ਹੋਇਆ। ਇੱਥੇ ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ ਵਲੋਂ ਸਿੱਖ ਧਰਮ ਦੇ ਆਰੰਭ ਵੇਲੇ ਤੋਂ ਹੀ ਸਮਾਜਿਕ ਬੁਰਾਈਆਂ ਦਾ ਡਟ ਕੇ ਵਿਰੋਧ ਕੀਤਾ ਗਿਆ ਜਦੋਂ ਕਿ ਸਮਾਜ ਵਿਰੋਧੀ ਅੰਸਰਾਂ ਵਲੋਂ ਕਿਸੇ ਧਰਮ ਦੇ ਨਾਂ ਹੇਠ ਸਮਾਜ ਨੂੰ ਵਰਣਾਂ ਵਿੱਚ ਵੰਡਿਆ ਹੋਇਆ ਸੀ ਤਾਂ ਬਾਬੇ ਨਾਨਕ ਨੇ ਕਿਹਾ ਸੀ ‘ਚਾਰਿ ਵਰਨਿ ਇਕੁ ਵਰਨਿ ਕਰਾਇਆ’ ਕਿ ਜਾਤਪਾਤ ਦਾ ਭੇਦ ਭਾਵ ਮਿਟਾ ਕੇ ਪੰਗਤ ਤੇ ਸੰਗਤ ਵਿੱਚ ‘ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ’ ਦਾ ਸਿਧਾਂਤ ਪ੍ਰਚਾਰਿਆ ਸੀ। ‘ਏਕ ਪਿਤਾ ਏਕਸ ਕੇ ਹਮ ਬਾਰਿਕ’। ਜੇ ਇਸ ਤੋਂ ਵੀ ਪਿੱਛੇ ਜਾਣਾ ਹੋਵੇ ਤਾਂ ਭਗਤੀ ਲਹਿਰ ਦੇ ਸਮੇਂ ਵੱਲ ਨਿਗਾਹ ਮਾਰ ਲੈਣੀ ਚਾਹੀਦੀ ਹੈ ਕਿ ਭਗਤੀ ਲਹਿਰ ਦਾ ਮੁੱਖ ਮਕਸਦ ਵੀ ਪਾਈਆਂ ਵੰਡੀਆਂ ਨੂੰ ਨਕਾਰਨਾ ਅਤੇ ਮਨੁੱਖਾਂ ਦੀ ਬਰਾਬਰੀ ਦਾ ਪ੍ਰਚਾਰ ਕਰਨਾ ਹੀ ਸੀ। ਭਗਤੀ ਲਹਿਰ ਦੇ ਇਸ ਬੁਨਿਆਦੀ ਫਲਸਫੇ ਨੂੰ ਅੱਜ ਵੀ ਮਨੁੱਖੀ ਅਧਿਕਾਰਾਂ ਦੀਆਂ ਲਹਿਰਾਂ ਕਰਕੇ ਜਾਣਿਆ ਜਾਂਦਾ ਹੈ। ਦਰਅਸਲ, ਸਿਧਾਂਤਕ ਪੱਖੋਂ ਭਗਤੀ ਲਹਿਰ ਹੀ ਸਿੱਖ ਧਰਮ ਦੀ ਬੁਨਿਅਦ ਆਖੀ ਜਾ ਸਕਦੀ ਹੈ।
ਇੱਥੇ ਇਕ ਹੋਰ ਨੁਕਤੇ ਬਾਰੇ ਵਿਚਾਰ ਕਰਨੀ ਬਹੁਤ ਜਰੂਰੀ ਹੈ ਜਿਸ ਬਾਰੇ ਗੁਰੂ ਨਾਮ ਲੇਵਾ ਸੰਗਤਾਂ ਨੂੰ ਅਤੇ ਧਾਰਮਿਕ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਖਾਸ ਤੌਰ ਤੇ ਸੋਚਣਾ ਬਣਦਾ ਹੈ, ਸਿਰੋਪਾਉ ਭਾਵ ਸਿਰੋਪਾ ਬਾਰੇ। ਗੁਰੂ ਸਾਹਿਬ ਵੇਲੇ ਧਾਰਮਿਕ ਪੱਧਰ ਤੇ ਸੇਵਾ ਭਾਵ ਵਾਲੇ ਲੋਕਾਂ ਨੂੰ ਹੀ ਸਿਰੋਪਾਉ / ਸਿਰੋਪਾ ਦੀ ਬਖਸ਼ਿਸ਼ ਕੀਤੀ ਜਾਂਦੀ ਸੀ – ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿਚ ਅਤੇ ਗੁਰੂ ਘਰ ਦੇ ਗ੍ਰੰਥੀ (ਗੁਰੂ ਘਰ ਦਾ ਵਜ਼ੀਰ) ਵਲੋਂ। ਅੱਜ ਜੋ ਹਾਲ ਸਿਰੋਪਾ ਦਾ ਹੋਇਆ ਪਿਆ ਹੈ ਜਾ ਹੋਈ ਜਾ ਰਿਹਾ ਹੈ ਕਿ ਜਿਸ ਦੇ ਘਰ ਚਾਰ ਵੋਟਾਂ ਹਨ ਉਸ ਨੂੰ ਉਸ ਦੇ ਘਰ ਜਾ ਕੇ ਦੇ ਦਿੱਤਾ ਜਾਂਦਾ ਹੈ ਜੋ ਸਰਾਸਰ ਗਲਤ ਹੈ। ਗੁਰੂ ਵਾਲੀ ਭਾਵਨਾ ਦੇ ਵੀ ਉਲਟ ਹੈ। ਇਹ ਕਾਰਜ ਬੰਦੇ-ਕੁਬੰਦੇ ਦੀ ਪਛਾਣ ਕੀਤੇ ਬਿਨਾਂ ਹੀ ਕੀਤਾ ਜਾ ਰਿਹਾ ਹੈ। ਇਸ ਬਾਰੇ ਡੂੰਘਾਈ ਨਾਲ ਸੋਚਣ ਦੀ ਲੋੜ ਹੈ।
ਜਦੋਂ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਧਾਰਨ ਕਰਨ ਤੋਂ ਬਾਅਦ ਸਿੱਖ ਸੰਗਤਾਂ ਵੱਲ ਇਕ ਗਸ਼ਤੀ ਹੁਕਮਨਾਮਾ ਘੱਲਿਆ ਕਿ ਸਿੱਖ ਸੇਵਕ ਹੋਰ ਤੋਹਫਿਆਂ ਦੀ ਥਾਵੇਂ ਸ਼ਸਤਰ ਤੇ ਘੋੜੇ ਆਦਿ ਲੈ ਕੇ ਆਉਣ। ਨਾਲ ਹੀ ਹੋ ਰਹੇ ਜੁਲਮ ਦੇ ਖਿਲਾਫ ਹਥਿਆਰਬੰਦ ਹੋਣ ਦਾ ਸੱਦਾ ਦਿੱਤਾ। ਸਾਧਨਾ ਵਾਲੇ ਬਹੁਤ ਸਾਰੇ ਲੋਕ ਘੋੜੇ ਬਗੈਰਾ ਲੈ ਕੇ ਵੀ ਆਏ। ਦੁਆਬੇ ਤੇ ਮਾਲਵੇ ਦੇ ਸੂਰਬੀਰ ਯੋਧਿਆਂ ਨੇ ਆਪਣੀਆਂ ਸੇਵਾਵਾਂ ਪੇਸ਼ ਕਰਦਿਆਂ ਕਿਹਾ ਸੀ ਕਿ “ਸੱਚੇ ਪਾਤਸ਼ਾਹ, ਅਸੀਂ ਗਰੀਬ ਲੋਕ ਹਾਂ, ਸਾਡੇ ਕੋਲ ਤੁਹਾਨੂੰ ਭੇਟ ਕਰਨ ਲਈ ਕੁੱਝ ਵੀ ਨਹੀਂ, ਅਸੀਂ ਕੇਵਲ ਆਪਣੀਆਂ ਜਾਨਾਂ ਹੀ ਵਾਰ ਸਕਦੇ ਹਾਂ ਤੇ ਸਾਨੂੰ ਆਪਣੀ ਫੌਜ ਵਿੱਚ ਰੱਖ ਲਵੋ।” ਗੁਰਬਿਲਾਸ ਪਾਤਸ਼ਾਹੀ ਛੇਵੀਂ ਦੇ ਪੰਨਾ 153 ਤੇ ਮੈਕਾਲਿਫ ਇਸ ਬਾਰੇ ਲਿਖਦੇ ਹਨ :
‘ਹਮ ਅਨਾਥ ਸਿਰ ਭੇਟ ਕੀਨੇ , ਦਯਾ ਕਰਯੋ ਕਹਿ ਦੀਨੇ’
ਗੁਰੂ ਸਾਹਿਬਾਂ ਦੇ ਦਰਸ਼ਣਾਂ ਨੂੰ ਆਉਣ ਵਾਲੀਆਂ ਸੰਗਤਾਂ ਵਿੱਚ ਜਲੰਧਰ ਦੇ ਲਾਗਲੇ ਪਿੰਡ ਜੰਡੂ ਸਿੰਘਾ ਦੇ ਭਾਈ ਬੁੱਧਾ ਜੀ ਅਤੇ ਭਾਈ ਸੁੱਧਾ ਜੀ ਅਤੇ ਸਪਰੌੜ ਖੇੜੀ ਦੇ ਭਾਈ ਭਾਨੂੰ ਜੀ ਵੀ ਸ਼ਾਮਲ ਸਨ। ਇਹ ਭਾਈ ਭਾਨੂ ਜੀ, ਭਾਈ ਸੰਗਤ ਸਿੰਘ ਜੀ ਦੇ ਦਾਦਾ ਜੀ ਸਨ। ਭਾਈ ਭਾਨੂੰ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਵਲੋਂ ਲੜੀਆਂ ਚੌਹਾਂ ਜੰਗਾਂ ਵਿੱਚ ਹੀ ਆਪਣੀ ਬਹਾਦਰੀ ਦੇ ਜੌਹਰ ਵਿਖਾਏ ਸਨ। ਇਸ ਅਮੀਰ ਪਰਿਵਾਰਕ ਵਿਰਸੇ ਦੇ ਮਾਲਕ ਸਨ ਭਾਈ ਸੰਗਤ ਸਿੰਘ ਜੀ।
ਜਦੋਂ ਭਾਈ ਮੱਖਣ ਸ਼ਾਹ ਲੁਬਾਣਾ ਨੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਨੂੰ ਬਾਬਾ ਬਕਾਲਾ ਵਿਖੇ ਲੱਭ ਲਿਆ ਤਾਂ ਸਭ ਤੋਂ ਪਹਿਲਾਂ ਭਾਈ ਰਣੀਆਂ ਜੀ ਗੁਰੂ ਦਰਸ਼ਣਾਂ ਵਾਸਤੇ ਬਾਬਾ ਬਕਾਲਾ ਵਿਖੇ ਪਹੁੰਚੇ। ਬਚਪਨ ਤੋਂ ਹੀ ਸੇਵਾ ਦੀ ਚੇਟਕ ਲੱਗਣ ਕਰਕੇ ਗੁਰੂ ਸੇਵਾ ਵਿੱਚ ਜੁਟ ਗਏ। ਗੁਰੂ ਸਾਹਿਬ ਦੇ ਹੁਕਮ ਅਨੁਸਾਰ ਭਾਈ ਰਣੀਆਂ ਜੀ ਨੂੰ ਕੁੱਝ ਦਿਨਾਂ ਵਾਸਤੇ ਉਨ੍ਹਾਂ ਦੇ ਪਿੰਡ ਜਾਣ ਲਈ ਕਹਿ ਦਿੱਤਾ ਗਿਆ ਅਤੇ ਫੇਰ ਮਾਖੋਵਾਲ ਵਿਖੇ ਇਕ ਹੋਰ ਨਵਾਂ ਨਗਰ ਵਸਾਉਣ ਦਾ ਦੱਸਕੇ ਉੱਥੇ ਪਹੁੰਚਣ ਲਈ ਹਦਾਇਤ ਕੀਤੀ। ਗੁਰੂ ਪਿਆਰ ‘ਚ ਰੰਗੇ ਇਹ ਭਾਈ ਰਣੀਆਂ ਜੀ ਹੀ ਭਾਈ ਸੰਗਤ ਸਿੰਘ ਦੇ ਪਿਤਾ ਜੀ ਸਨ।
ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਕਹਿਲੂਰ ਦੇ ਰਾਜੇ ਕੋਲੋਂ ਪਿੰਡ ਮਾਖੋਵਾਲ ਦੀ ਜ਼ਮੀਨ ਖਰੀਦ ਕੇ ਇੱਥੇ ਨਵਾਂ ਨਗਰ ਵਸਾਇਆ ਤਾਂ ਇਸ ਨਵੇਂ ਵਸਾਏ ਨਗਰ ਦਾ ਨਾਂ ਆਪਣੀ ਮਾਤਾ ਜੀ ਦੇ ਨਾਂ ‘ਤੇ ‘ਚੱਕ ਨਾਨਕੀ’ ਰੱਖਿਆ ਜੋ ਬਾਅਦ ਵਿੱਚ ਆਨੰਦਪੁਰ ਸਾਹਿਬ ਬਣ ਗਿਆ। ਇਸ ਨਗਰ ਵਸਾਉਣ ਦੀ ਨੀਂਹ ਦਾ ਟੱਕ 19 ਜੂਨ 1665 ਨੂੰ ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਨੇ ਲਾਇਆ ਸੀ। ਉਸ ਸਮੇਂ ਭਾਈ ਸੰਗਤ ਸਿੰਘ ਜੀ ਦੇ ਮਾਤਾ ਪਿਤਾ ਭਾਈ ਰਣੀਆਂ ਜੀ ਤੇ ਬੀਬੀ ਅਮਰੋ ਜੀ ਨੇ ਗੁਰੂ ਘਰ ਦੇ ਸੇਵਾਦਾਰ ਜਾਂ ਟਹਿਲੀਏ ਵਜੋਂ ਆਪਣਾ ਜੀਵਨ ਅਰਪਣ ਕੀਤਾ ਸੀ। ਇੱਥੋਂ ਹੀ ਸਿੱਖੀ ਦੇ ਪ੍ਰਚਾਰ ਲਈ ਗੁਰੂ ਤੇਗ ਬਹਾਦਰ ਚੱਲੇ ਸਨ। ਸੰਗਤਾਂ ਵਿੱਚ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਮਾਮਾ ਕ੍ਰਿਪਾਲ ਚੰਦ ਅਤੇ ਹੋਰ ਕਈਆਂ ਦੇ ਨਾਲ ਬੀਬੀ ਅਮਰੋ ਜੀ ਤੇ ਭਾਈ ਰਣੀਆਂ ਜੀ ਵੀ ਨਾਲ ਗਏ ਸਨ। ਪ੍ਰਚਾਰ ਵਜੋਂ ਮਾਲਵੇ ਦੇ ਬਾਂਗਰ ਇਲਾਕੇ ਤੇ ਮਥਰਾ, ਕੁਰਕਸ਼ੇਤਰ, ਅਗਰਾ, ਕਾਨਪੁਰ, ਇਲਾਹਾਬਾਦ ਆਦਿਕ ਅਨੇਕਾਂ ਥਾਵਾਂ ‘ਤੇ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਬਿਹਾਰ ਦੇ ਪਟਨਾ ਵਿਖੇ ਪਹੁੰਚੇ ਸਨ। ਸੰਗਤਾਂ ਨੂੰ ਮੁੱਖ ਤੌਰ ਤੇ ਬੀਬੀ ਅਮਰੋ ਜੀ ਅਤੇ ਭਾਈ ਰਣੀਆਂ ਜੀ ਨੂੰ ਆਪਣੇ ਪਰਿਵਾਰ ਦੀ ਦੇਖ ਭਾਲ ਦੀ ਜੁੰਮੇਵਾਰੀ ਸੌਂਪ ਕੇ ਨੌਵੇਂ ਗੁਰੂ ਸਿੱਖੀ ਦੇ ਪ੍ਰਚਾਰ ਖਾਤਰ ਅਸਾਮ ਅਤੇ ਢਾਕੇ ਵੱਲ ਗਏ ਸਨ। ਪਟਨਾ ਵਿਖੇ 22 ਦਸੰਬਰ 1666 ਨੂੰ ਬਾਲ ਗੋਬਿੰਦ ਰਾਏ ਦਾ ਜਨਮ ਹੋਇਆ ਸੀ। ਇਸ ਤੋਂ ਚਾਰ ਮਹੀਨੇ ਬਾਅਦ ਬੀਬੀ ਅਮਰੋ ਜੀ ਦੀ ਕੁੱਖੋਂ ਭਾਈ ਰਣੀਆਂ ਜੀ ਦੇ ਘਰ ਬੱਚੇ ਦਾ ਜਨਮ ਹੋਇਆ ਜਿਸ ਦਾ ਨਾਂ ਸੰਗਤਾ ਰੱਖਿਆ ਗਿਆ। ਬਾਲ ਸੰਗਤਾ ਦੀ ਸ਼ਕਲ ਬਾਲ ਗੋਬਿੰਦ ਰਾਏ ਨਾਲ ਬਹੁਤ ਹੀ ਮਿਲਦੀ ਸੀ। ਇਸ ਬਾਰੇ ਵੀ ਕਾਫੀ ਦੰਦ ਕਥਾਵਾਂ ਹਨ ਕਿ ਇਕ ਵਾਰ ਜਦੋਂ ਬਾਲ ਉਮਰੇ ਬਾਲ ਗੋਬਿੰਦ ਰਾਏ ਤੇ ਭਾਈ ਸੰਗਤਾ ਜੀ ਰਾਣੀ ਮੈਣੀ ਦੇ ਘਰ ਗਏ ਤਾਂ ਭੁਲੇਖਾ ਪਾਉਣ ਵਾਸਤੇ ਬਾਲ ਗੋਬਿੰਦ ਰਾਏ ਨੇ ਭਾਈ ਸੰਗਤੇ ਨੂੰ ਅੱਗੇ ਕਰ ਦਿੱਤਾ, ਇਸ ਤਰਾਂ੍ਹ ਰਾਣੀ ਪੂਰੀ ਪਹਿਚਾਣ ਤਾਂ ਨਾ ਕਰ ਸਕੀ ਪਰ ਦੋਵਾਂ ਨੂੰ ਪਿਆਰ ਦਿੰਦਿਆਂ ਕਹਿਣ ਲੱਗੀ ਕਿ ‘ਤੁਸੀਂ ਦੋਵੇਂ ਹੀ ਮੇਰੇ ਪਿਆਰੇ ਪੁੱਤਰ ਹੋ’। ਦੋਹਾਂ ਦੀ ਸ਼ਕਲ ਬਹੁਤੀ ਮਿਲਦੀ ਹੋਣ ਕਰਕੇ ਅਜਿਹਾ ਵਾਪਰਨਾ ਦੱਸਿਆ ਗਿਆ ਹੈ।
ਦਸਵੇਂ ਗੁਰੂ ਸਾਹਿਬ ਤੇ ਭਾਈ ਸੰਗਤ ਸਿੰਘ ਦਾ ਬਚਪਨ ਇਕੱਠਾ ਹੀ ਬੀਤਿਆ। ਜਦੋਂ ਅਸੀਂ ਬਾਅਦ ਦੇ ਸਮੇਂ ਦੀਆਂ ਲੜਾਈਆਂ ਬਾਰੇ ਸੁਣਦੇ/ਪੜ੍ਹਦੇ ਹਾਂ ਤਾਂ ਇਹ ਵੀ ਦੇਖਦੇ ਹਾਂ ਕਿ ਇਹ ਕੁੱਝ ਤਾਂ ਬਹੁਤ ਪਹਿਲਾਂ ਤੋਂ ਹੀ ਸ਼ੁਰੂ ਹੋ ਗਿਆ ਸੀ। ਬਚਪਨ ਵਿੱਚ ਹੀ ਫਰਜ਼ੀ ਜੰਗ ਦੀ ਖੇਡ ਖੇਡਣ ਸਮੇਂ ਬਾਲ ਗੋਬਿੰਦ ਰਾਏ ਖੇਡਣ ਵਾਸਤੇ ਦੋ ਟੋਲੀਆਂ ਬਣਾਉਂਦੇ ਇਕ ਦੇ ਆਪ ਆਗੂ ਬਣਦੇ ਤੇ ਦੂਜੀ ਟੋਲੀ ਦੀ ਅਗਵਾਈ ਭਾਈ ਸੰਗਤਾ ਜੀ ਕਰਦੇ। ਇਸ ਤਰ੍ਹਾਂ ਇਹ ਅਭਿਆਸ ਬਚਪਨ ਤੋਂ ਹੀ ਸ਼ੁਰੂ ਹੋ ਗਿਆ ਸੀ। ਇਸ ਸਮੇਂ ਹੀ ਆਪਸੀ ਸਾਂਝ ਬਣੀ ਜੋ ਸਾਰੀ ਉਮਰ ਰਹੀ। ਭਾਈ ਸੰਗਤ ਸਿੰਘ ਜੀ ਗੁਰੂ ਦੇ ਵਿਸ਼ਵਾਸ ਪਾਤਰ ਰਹੇ। ਇਹ ਵੀ ਪੜ੍ਹਨ ਵਿੱਚ ਆਉਂਦਾ ਹੈ ਕਿ ਭਾਈ ਸੰਗਤ ਸਿੰਘ ਹੋਰਾਂ ਨੇ ਗੁਰੂ ਸਾਹਿਬ ਨਾਲ ਸ਼ਸਤਰ ਵਿੱਦਿਆ, ਤਲਵਾਰਬਾਜ਼ੀ, ਨੇਜਾਬਾਜ਼ੀ, ਘੋੜਸਵਾਰੀ ਆਦਿ ਵਿਚ ਵੀ ਨਿਪੁੰਨਤਾ ਪ੍ਰਾਪਤ ਕੀਤੀ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕਿ ਗੁਰੂ ਸਾਹਿਬ ਕੋਲ ਆਮ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਵੀ ਆਉਂਦੇ ਸਨ। ਇਕ ਦਿਨ ਦਰਬਾਰ ਵਿੱਚ ਰੋਂਦਾ ਹੋਇਆ ਇਕ ਬ੍ਰਾਹਮਣ ਆਇਆ ਤੇ ਫਰਿਆਦ ਕੀਤੀ ਕਿ ਉਸ ਦੀ ਘਰ ਵਾਲੀ ਨੂੰ ਇਕ ਪਠਾਣ ਉਸਤੋਂ ਖੋਹ ਕੇ ਰੋਪੜ ਵਾਲੇ ਪਾਸੇ ਲੈ ਗਿਆ ਹੈ ਉਸ ਦੀ ਮੱਦਦ ਕੀਤੀ ਜਾਵੇ। ਉਹ ਗੁਰੂ ਦੇ ਦਰਬਾਰ ਵਿੱਚ ਇਹ ਹੀ ਆਸ ਲੈ ਕੇ ਆਇਆ ਹੈ। ਗੁਰੂ ਸਾਹਿਬ ਨੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਸੰਗਤ ਸਿੰਘ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ। ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਸੰਗਤ ਸਿੰਘ ਜੀ ਘੋੜਿਆਂ ਤੇ ਅਸਵਾਰ ਹੋ ਕੇ ਪਠਾਣ ਦੀ ਪੈੜ ਨੱਪਦੇ ਹੋਏ ਉਸਦੇ ਮਗਰ ਹੋ ਤੁਰੇ, ਪਠਾਣ ਅਜੇ ਆਪਣੇ ਘਰ ਪਹੁੰਚਿਆ ਹੀ ਸੀ ਤੇ ਧੱਕੇ ਨਾਲ ਖੋਹ ਕੇ ਲਿਆਂਦੀ ਬ੍ਰਾਹਮਣੀ ਬੈਠੀ ਰੋ ਰਹੀ ਸੀ ਉਦੋਂ ਤੱਕ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਭਾਈ ਸੰਗਤ ਸਿੰਘ ਜੀ ਉੱਥੇ ਪਹੁੰਚ ਗਏ। ਪਹਿਲਾਂ ਤਾਂ ਪਠਾਣ ਦੀ ਚੰਗੀ ਸੁਧਾਈ ਕੀਤੀ ਗਈ ਜਦੋਂ ਭਾਈ ਸੰਗਤ ਸਿੰਘ ਉਸ ਪਾਪੀ ‘ਤੇ ਤਲਵਾਰ ਦਾ ਵਾਰ ਕਰਨ ਲੱਗੇ ਤਾਂ ਪਠਾਣ ਦੇ ਘਰ ਵਾਲੀ ਦਾ ਤਰਲਾ ਮੰਨ ਕੇ ਉਸ ਨੂੰ ਮਾਫ ਕਰ ਦਿੱਤਾ ਗਿਆ। ਉਸ ਬੀਬੀ ਨੂੰ ਨਾਲ ਲਿਆ ਕੇ ਬ੍ਰਾਹਮਣ ਦੇ ਹਵਾਲੇ ਕਰ ਦਿੱਤਾ ਗਿਆ।
ਇਸੇ ਤਰ੍ਹਾਂ ਜਦੋਂ ਆਨੰਦਪੁਰ ਦੇ ਕਿਲਾ ਅਨੰਦਗੜ੍ਹ ਨੂੰ ਮੁਗਲ ਫੌਜਾਂ ਨੇ ਘੇਰਾ ਪਾਇਆ ਹੋਇਆ ਸੀ ਤੇ ਘੇਰਾ ਇੰਨਾ ਤੰਗ ਕਰ ਦਿੱਤਾ ਗਿਆ ਕਿ ਬਾਹਰੋਂ ਰਸਦ ਪਾਣੀ ਅੰਦਰ ਆਉਣਾ ਵੀ ਬਹੁਤ ਔਖਾ ਕਰ ਦਿੱਤਾ ਗਿਆ। ਮੁਗਲ ਕਈ ਵਾਰ ਰਾਤ ਵੇਲੇ ਹਮਲਾ ਕਰਕੇ ਰਸਦ ਲੁੱਟ ਵੀ ਲੈਂਦੇ। ਹਾਲਤ ਇਥੋਂ ਤੱਕ ਮਾੜੇ ਹੋ ਗਏ ਸਨ ਕਿ ਕਈ ਵਾਰ ਪਾਣੀ ਲੈਣ ਗਏ ਚਾਰ ਵਿੱਚੋਂ ਦੋ ਹੀ ਵਾਪਸ ਮੁੜਦੇ ਸਨ। ਉਸ ਵੇਲੇ ਕਿਲੇ ਦੀ ਰਾਖੀ ਵਾਸਤੇ ਉਡਣ ਦਸਤੇ ਬਣਾਏ ਗਏ। ਇਕ ਦਸਤੇ ਦੀ ਅਗਵਾਈ ਭਾਈ ਸੰਗਤ ਸਿੰਘ ਨੂੰ ਸੌਂਪੀ ਗਈ। ਇਸ ਤਰ੍ਹਾਂ ਦੀ ਜੁੰਮੇਵਾਰੀ ਪਰਖੇ ਹੋਏ ਵਿਅਕਤੀਆਂ ਨੂੰ ਹੀ ਸੌਂਪੀ ਜਾਂਦੀ ਸੀ।
1699 ਦੀ ਵਿਸਾਖੀ ਨੂੰ ਜਦੋਂ ਦਸਵੇਂ ਗੁਰੂ ਸ੍ਰੀ ਗੁਰੂ ਗੋਬੰਦ ਸਿੰਘ ਜੀ ਨੇ ਖਾਲਸੇ ਦੀ ਸਾਜਣਾ ਕੀਤੀ ਤਾਂ ਇਸ ਦਿਨ ਹੀ ਦਸਵੇਂ ਗੁਰੂ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ ਅਤੇ ਸੰਗਤਾ ਵੀ ਅਮ੍ਰਿਤਪਾਨ ਕਰਕੇ ਭਾਈ ਸੰਗਤ ਸਿੰਘ ਬਣੇ। ਭਾਈ ਸੰਗਤ ਸਿੰਘ ਦੇ ਨਾਲ ਹੋਰ ਅਮ੍ਰਿਤ ਛਕਣ ਵਾਲੇ ਉਨ੍ਹਾਂ ਦੇ ਮਾਤਾ ਪਿਤਾ ਅਤੇ ਚਾਚਾ ਭਾਈ ਜੋਧਾ ਜੀ, ਸਾਥੀ ਭਾਈ ਮਦਨ ਸਿੰਘ, ਭਾਈ ਕਾਠਾ ਤੇ ਭਾਈ ਰਾਮ ਸਿੰਘ ਸਨ। ਇਸ ਤੋਂ ਬਾਅਦ ਗੁਰੂ ਜੀ ਦੇ ਹੁਕਮ ਅਨੁਸਾਰ ਭਾਈ ਸੰਗਤ ਸਿੰਘ ਜੀ ਮਾਲਵੇ ਖੇਤਰ ਦੇ ਪਿੰਡਾਂ ਵਿੱਚ ਸਿੱਖੀ ਦੇ ਪ੍ਰਚਾਰ ਹਿੱਤ ਗਏ ਤੇ ਲੋਕਾਂ ਨੂੰ ਸਿੱਖੀ ਨਾਲ ਜੋੜਿਆ।
20 ਦਸੰਬਰ 1704 ਨੂੰ ਰਾਤ ਦੇ ਪਹਿਲੇ ਪਹਿਰ ਸਿੱਖਾਂ ਨੇ ਮਾਤਾ ਗੁਜਰੀ ਜੀ ਰਾਹੀਂ ਜੋਰ ਪਵਾ ਕੇ ਦਸ਼ਮੇਸ਼ ਪਿਤਾ ਨੂੰ ਆਨੰਦਪੁਰ ਛੱਡਣ ਵਾਸਤੇ ਰਾਜ਼ੀ ਕਰ ਲਿਆ। ਅੱਗੋਂ ਸਰਸਾ ਦੀ ਨਦੀ ਠਾਠਾਂ ਮਾਰ ਰਹੀ ਹੈ। ਵੈਰੀ ਕੁਰਾਨ ਦੀਆਂ ਕਸਮਾਂ ਤੋੜ ਕੇ ਹਮਲਾਵਰ ਹੋ ਕੇ ਆ ਪਏ। ਇੱਥੇ ਭਿਆਨਕ ਜੰਗ ਹੋਈ ਬਹੁਤ ਸਾਰੇ ਸਿੰਘ ਸ਼ਹੀਦੀਆਂ ਪਾ ਗਏ। ਪਰਿਵਾਰ ਦੇ ਵਿਛੋੜੇ ਪੈ ਗਏ। ਗੁਰੂ ਸਾਹਿਬ ਨੇ ਚਾਲੀ ਸਿੰਘਾਂ ਨਾਲ ਚਮਕੌਰ ਸਾਹਿਬ ਜਾਣ ਦਾ ਫੈਸਲਾ ਕਰ ਲਿਆ। 21 ਦਸੰਦਰ ਦੀ ਰਾਤ ਨੂੰ ਜਦੋਂ ਗੁਰੂ ਸਾਹਿਬ ਚਮਕੌਰ ਪਹੁੰਚੇ ਤਾਂ ਮੁਗਲਾਂ ਨੂੰ ਖਬਰ ਹੋ ਗਈ ਸੀ। ਇਸ ਕਰਕੇ ਛੇਤੀ ਹੀ ਨਾਹਰ ਖਾਂ ਤੇ ਖੁਆਜਾ ਜਫ਼ਰ ਬੇਗ ਦੀ ਅਗਵਾਈ ਵਿੱਚ ਭਾਰੀ ਗਿਣਤੀ ਵਿੱਚ ਮੁਗਲ ਫੌਜ ਪਹੁੰਚ ਗਈ। ਚਾਪਰੇ ਹੋਏ ਨਾਹਰ ਖਾਂ ਨੇ ਮੁੜ ਮੁੜ ਹਮਲੇ ਕੀਤੇ। ਪਰ ਆਖਰ ਗੁਰੂ ਸਾਹਿਬ ਦੇ ਇਕ ਤੀਰ ਨਾਲ ਉਹ ਮਾਰਿਆ ਗਿਆ ਤੇ ਜਫਰ ਬੇਗ ਲੁਕ-ਲੁਕਾ ਕੇ ਆਪਣੀ ਜਾਨ ਬਚਾ ਗਿਆ। ਇਸ ਭਾਰੀ ਫੌਜ ਤੇ ਦੂਜੇ ਪਾਸੇ 40 ਸਿੰਘਾਂ ਦੇ ਹਵਾਲੇ ਨਾਲ ਜਫ਼ਰਨਾਮਾ ਦੇ ਬੰਦ 41 ਵਿੱਚ ਲਿਖਿਆ ਮਿਲਦਾ ਹੈ :

ਹਮ ਆਖਿਰ ਚਿ ਮਰਦੀਕੁਨਦ ਕਾਰਜ਼ਾਰ
ਕਿ ਬਰ ਚਿਹਲ ਤਨ ਆਯਦਸ਼ ਬੇਸ਼ੁਮਾਰ

ਆਖਰ ਜੰਗ ਵਿੱਚ ਮਰਦਾਨਗੀ ਵੀ ਕੀ ਕਰ ਸਕਦੀ ਹੈ ਜੇ ਚਾਲੀ ਆਦਮੀਆਂ ਉੱਤੇ ਬੇਸ਼ੁਮਾਰ ਫੌਜ ਟੁੱਟ ਪਈ ਹੋਵੇ।
ਇਥੇ ਹੋਈ ਜੰਗ ਵਿੱਚ ਪਹਿਲਾਂ ਵੱਡੇ ਸਾਹਿਬਜਾਦਿਆਂ ਦੀਆਂ ਸ਼ਹੀਦੀਆਂ ਹੋਈਆਂ । ਇਸ ਬਾਰੇ ਮਿਰਜ਼ਾ ਅਬਦੁੱਲ ਗਨੀ ਖਾਨ ਗੁਰੂ ਸਾਹਿਬ ਵਲੋਂ ਲਿਖਦਾ ਹੈ ਕਿ :

ਬੇਟੋਂ ਕੇ ਕਤਲ ਹੋਨੇ ਕੀ ਪਹੁੰਚੀ ਯੂੰਹੀ ਖਬਰ 
ਸ਼ੁਕਰੇ   ਅੱਲਾ   ਕੀਆ   ਉਠਾ   ਕੇ   ਸਰ
ਮੁਝ ਪਰ ਸੇ ਆਜ ਤੇਰੀ ਅਮਾਨਤ ਅਦਾ ਹੂਈ
ਬੇਟੋਂ ਕੀ ਜਾਂ,  ਧਰਮ ਕੀ ਖਾਤਿਰ ਅਦਾ ਹੂਈ

ਇਸੇ ਤਰ੍ਹਾਂ ਜੇ ਅੱਲਾ ਯਾਰ ਖਾਂ ਜੋਗੀ ਦਾ ਲਿਖਿਆ ਪੜ੍ਹੀਏ ਤਾਂ ਉਹ ਲਿਖਦਾ ਹੈ :

ਜਿਸ ਖਿੱਤੇ ਮੇਂ ਹਮ ਕਹਿਤੇ ਥੇ ਅੱਲਾ ਯਹ ਵੋਹੀ ਹੈ
ਕੁੱਲ ਲੁਟਾ ਕੇ ਜਿਸ  ਜਗਾ ਸੇ ਜਾਨਾ ਯਹ ਵੋਹੀ ਹੈ
ਜਿਸ ਜਗਾ  ਪੇ ਹੈ ਬੱਚੋਂ ਕੋ  ਕਟਾਨਾ ਯਹ ਵੋਹੀ ਹੈ
ਮੱਟੀ ਕਹਿ  ਦੇਤੀ  ਹੈ ਕਿ ਠਿਕਾਨਾ ਯਹ  ਵੋਹੀ ਹੈ।

ਇਸ ਸਥਿਤੀ ਵਿੱਚ ਸ਼ਹੀਦ ਪਿਉ ਦਾ ਪੁੱਤਰ ਤੇ ਸ਼ਹੀਦ ਪੁੱਤਰਾਂ ਦਾ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਆਪ ਨੂੰ ਕੱਲ੍ਹ ਜੰਗ ਵਿੱਚ ਸ਼ਹੀਦ ਹੋਣ ਵਾਸਤੇ ਤਿਆਰ ਕਰ ਰਹੇ ਹਨ। ਇਸੇ ਨੂੰ ਦੇਖਕੇ ਉੱਥੇ ਬਚਦੇ ਸਿੰਘਾਂ ਨੇ ਸੋਚਿਆ ਕਿ ਇਸ ਸਮੇਂ ਪੰਥ ਨੂੰ ਗੁਰੂ ਸਾਹਿਬ ਦੀ ਲੋੜ ਹੈ। 1699 ਦੀ ਵਿਸਾਖੀ ਸਮੇਂ ਖਾਲਸਾ ਪੰਥ ਦੀ ਸਾਜਣਾ ਵੇਲੇ ਖਾਲਸੇ ਨੂੰ ਬਖਸ਼ੀ ਵਡਿਆਈ ਅਧੀਨ ਆਪੇ ਗੁਰ ਚੇਲਾ ਬਣਨ ਵਾਲੇ ਗੁਰੂ ਸਾਹਿਬ ਨੂੰ ਕਿਹਾ ਗਿਆ ਕਿ ਉਹ ਚਮਕੌਰ ਦੀ ਗੜ੍ਹੀ ਛੱਡ ਜਾਣ। ਇਹ ਬਹੁਤ ਜੋਖ਼ਮ ਭਰਿਆ ਕੰਮ ਸੀ, ਗੁਰੂ ਸਾਹਿਬ ਨੇ ਖਾਲਸੇ ਦੇ ਹੁਕਮ ਅੱਗੇ ਸੀਸ ਨਿਵਾਇਆ ਤੇ ਹੁਕਮ ਮੰਨਿਆਂ। ਫੇਰ ਗੁਰੂ ਸਾਹਿਬ ਨੇ ਆਪਣੇ ਬਚਪਨ ਦੇ ਬੇਲੀ, ਜੋ ਉਨ੍ਹਾਂ ਦੇ ਹਮਸ਼ਕਲ  ਤੇ ਹਮ ਉਮਰ ਵੀ ਸਨ ਜੋ ਹਰ ਵਕਤ ਨਿਮਾਣੇ ਸਿੱਖ ਵਜੋਂ ਵਿਚਰਦੇ ਸਨ ਤੇ ਗੁਰੂ ਸਾਹਿਬ ਦੀਆਂ ਨਜ਼ਰਾਂ ਵਿੱਚ ਜੰਗਜੂ ਸਿਪਾਹੀ ਵੀ ਸਨ। ਜੋ ਗੁਰੂ ਸਾਹਿਬ ਵਲੋਂ ਹਰ ਇਮਤਿਹਾਨ ਵਿੱਚ ਪੂਰੇ ਉਤਰਦੇ ਰਹੇ ਸਨ ਨੂੰ ਆਪਣੇ ਪਿਆਰੇ ਸਿੱਖ ਦਾ ਮਾਣ ਦਿੰਦੇ ਹੋਏ ਆਪਣੀ ਛਾਤੀ ਨਾਲ ਲਾਇਆ ਤੇ ਆਪਣੀ ਹੀਰਿਆਂ ਜੜੀ ਕਲਗੀ (ਜਿਸ ਨੂੰ ਜਿਗਾ ਕਲਗੀ ਵੀ ਲਿਖਿਆ ਤੇ ਕਿਹਾ ਜਾਂਦਾ ਹੈ) ਭਾਈ ਸੰਗਤ ਸਿੰਘ ਦੇ ਸਿਰ ਤੇ ਸਜਾਈ ਅਤੇ ਆਪਣੇ ਸ਼ਸਤਰ- ਬਸਤਰ ਉਨ੍ਹਾਂ ਨੂੰ ਬਖਸ਼ਿਸ਼ ਕੀਤੇ ਅਤੇ ਤਕੜੇ ਰਹਿਣ ਦੀ ਥਾਪਣਾ ਦਿੰਦੇ ਹੋਏ ਕਿਹਾ ਕਿ ਭਾਈ ਸੰਗਤ ਸਿੰਘ ਤੁਸੀਂ ਮੇਰੇ ਮਗਰੋਂ ਮੇਰੀ ਪੌਸ਼ਾਕ ਵਿੱਚ, ਕਲਗੀ ਸਣੇ ਮੇਰੇ ਮੋਰਚੇ ਵਾਲੇ ਆਸਣ ਤੇ ਬੈਠਣਾ ਹੈ ਅਤੇ ਦਿਨ ਚੜ੍ਹਨ ‘ਤੇ ਜਦੋਂ ਮੁਗਲ ਫੌਜੀ ਗੜ੍ਹੀ ਉੱਤੇ ਹਮਲਾ ਕਰਨ ਤਾਂ ਵੈਰੀ ਦਾ ਡਟ ਕੇ ਮੁਕਾਬਲਾ ਕਰਨਾ ਹੈ। ਜੀਊਂਦੇ ਜੀਅ ਵੈਰੀ ਦੇ ਹੱਥ ਨਹੀਂ ਲੱਗਣਾਂ ਤੇ ਮੈਦਾਨ-ਏ-ਜੰਗ ਵਿੱਚ ਵੈਰੀ ਨਾਲ ਜੂਝਦਿਆਂ ਹੋਇਆਂ ਸ਼ਹਾਦਤ ਪ੍ਰਾਪਤ ਕਰਨੀ ਹੈ।
ਇਸ ਸਮੇਂ ਭਾਈ ਸੰਗਤ ਸਿੰਘ ਜੀ ਵਲੋਂ ਗੁਰੂ ਸਾਹਿਬ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਝਾਕਣਾ ਅਤੇ ਬਿਨ ਬੋਲੇ ਜਾਨ ਵਾਰਨ ਦਾ ਵਾਅਦਾ ਕਰਨਾ – ਕੀ ਮੰਜ਼ਰ ਹੋਵੇਗਾ ਉਸ ਵੇਲੇ, ਉਨ੍ਹਾਂ ਚਮਤਕਾਰੀ ਪਲਾਂ ਨੂੰ ਸਿਰਫ ਕਿਆਸਿਆ ਹੀ ਜਾ ਸਕਦਾ ਹੈ, ਫੜਨਾ ਔਖਾ ਹੈ।। ਸਾਡੇ ਰਾਗੀ-ਢਾਢ੍ਹੀ ਤੇ ਸਿੱਖ ਪ੍ਰਚਾਰਕ ਜਦੋਂ ਸੰਗਤਾਂ ਨਾਲ ਅਜਿਹੇ ਸਮੇਂ ਨੂੰ ਬਿਆਨ ਕਰਦੇ ਹਨ ਤਾਂ ਲਗਦਾ ਹੀ ਨਹੀਂ ਕਿ ਉਹ ਆਪਣੇ ਵਿਖਿਆਨ ਵਿਚ ਉਨ੍ਹਾਂ ਪਲਾਂ ਨੂੰ ਫੜਨ ਦੇ ਯੋਗ ਹਨ ਜੋ ਸੁਣ ਰਹੀਆਂ ਸੰਗਤਾਂ ਦੇ ਮਨਾਂ ਵਿਚ ਵਿਯੋਗ, ਬੈਰਾਗ ਤੇ ਰੋਹ ਦਾ ਜਾਗ ਲਾ ਸਕਣ ਦੇ ਯੋਗ ਹੋਣ। ਐਹੋ ਜਹੇ ਨਿਰਣਾਇਕ ਪਲ ਇਤਿਹਾਸ ਦੇ ਸਾਰਥੀ ਹੁੰਦੇ ਹਨ। ਹਨੇਰਿਆਂ ਵਿਚ ਚਾਨਣ ਦਾ ਬੀਜ ਬੀਜਣ ਵਾਲੀ, ਸੂਰਬੀਰਤਾ ਭਰੀ ਜੋਸ਼ੀਲੀ ਤੇ ਅਣਥੱਕ ਨਵੀਂ ਲੀਹ ਬਣ ਜਾਂਦੇ ਹਨ  ਅਜਿਹੇ ਪਲ ਜੋ ਇਸ ਵਿਰਸੇ ਦੇ ਵਾਰਸਾਂ ਨੂੰ ਥਕਾਨ ਰਹਿਤ ਸੋਚ ਦੀ ਰੌਸ਼ਨਾਈ ਬਖਸ਼ਦੇ ਹਨ। ਇਸ ਸਬੰਧੀ ਗੁਰਬਿਲਾਸ ਪਾਤਸ਼ਾਹੀ ਦਸਵੀ ਵਿੱਚ ਭਾਈ ਕੋਇਰ ਸਿੰਘ ਲਿਖਦੇ ਹਨ :

ਜੋਤਿ ਦਈ  ਤਿਹ ਕੋ ਅਪਨੀ ਪੁਨਿ  ਕਲਗੀ ਅੋ ਜਿਗਾ ਸੁਖਦਾਨੀ 
ਸੰਗਤ ਸਿੰਘ ਹੈ ਨਾਮ ਜਿਸੈ ਕਛੁ ਤਾ ਬਪੁ ਹੈ ਕਰਿ ਸ੍ਰੀ ਗੁਰਸਾਨੀ

ਜੰਗ ਸਬੰਧੀ ਗੁਰੂ ਸਾਹਿਬ ਦੇ ਵਿਚਾਰ ਜ਼ਫ਼ਰਨਾਮੇ ਦੇ ਬੰਦ 22 ਵਿੱਚ ਇਸ ਤਰ੍ਹਾਂ ਦਰਜ ਹਨ :

ਚੂੰ ਕਰ ਅਜ਼ ਹਮਹ ਹੀਲਤੇ  ਦਰ ਗੁਜਸ਼ਤ
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ

“ਜਦੋਂ ਕਿਸੇ ਕੰਮ ਲਈ ਸਾਰੇ ਉਪਾਅ ਖਤਮ ਹੋ ਜਾਣ ਤਦ ਤਲਵਾਰ ਨੂੰ ਹੱਥ ਵਿੱਚ ਧਾਰਨ ਕਰਨਾ ਜਾਇਜ਼ ਹੈ”।

ਕਈ ਵਾਰ ਇਤਿਹਾਸ ਨੂੰ ਠੀਕ ਢੰਗ ਨਾਲ ਨਾ ਲਿਖਣ ਵਾਲੇ ਕੁੱਝ ਗੱਲਾਂ ਗਲਤ ਲਿਖ ਜਾਂਦੇ ਹਨ ਜਿਨ੍ਹਾਂ ਦੀ ਸੁਧਾਈ ਕਰਦਿਆਂ ਵਕਤ ਲੱਗ ਜਾਂਦਾ ਹੈ। ਇਸੇ ਤਰ੍ਹਾਂ ਦੀ ਇਕ ਉਕਾਈ ਕਈ ਵਾਰ ਕੀਤੀ ਜਾਂਦੀ ਹੈ ਉਹ ਹੈ ਕਿ ਜਦੋਂ ਗੁਰੂ ਸਾਹਿਬ ਚਮਕੌਰ ਦੀ ਗੜ੍ਹੀ ਨੂੰ ਛੱਡਦੇ ਹਨ ਤਾਂ ਉਹ ਕਲਗੀ ਕਿਸ ਨੂੰ ਪਹਿਨਾਉਂਦੇ ਹਨ। ਇਸ ਬਾਰੇ ਸਾਫ ਕਹਿਣਾ ਬਣਦਾ ਹੈ ਕਿ ਉਹ ਸੂਰਮਾ, ਯੋਧਾ ਤੇ ਗੁਰੂ ਘਰ ਦਾ ਅਨਿਨ ਵਿਸ਼ਵਾਸਪਾਤਰ ਭਾਈ ਸੰਗਤ ਸਿੰਘ ਹੀ ਸਨ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਇਸ ਯੋਗ ਸਮਝਿਆ। ਇਹ ਸੂਰਮਾਂ ਭਾਈ ਸੰਗਤ ਸਿੰਘ ਹੀ ਸੀ ਜਿਨ੍ਹਾਂ ਗੁਰੂ ਦੇ ਥਾਂ ਸੱਚ ਦੀ ਜਿੱਤ ਵਾਸਤੇ ਆਪ ਆਪਣਾ ਸੀਸ ਵਾਰਿਆ। ਇੱਥੇ ਇਕ ਗੱਲ ਕਹਿਣੀ ਹੋਰ ਬਣਦੀ ਹੈ ਕਿ 1699 ਦੀ ਵਿਸਾਖੀ ਨੂੰ ਆਨੰਦਪੁਰ ਸਾਹਿਬ ਵਿਖੇ ਖਾਲਸਾ ਦੀ ਸਾਜਣਾ ਸਮੇਂ ਗੁਰੂ ਸਾਹਿਬ ਨੇ ਵਾਰੋ ਵਾਰੀ ਪੰਜ ਸਿਰ ਮੰਗੇ ਸਨ ਉਸ ਵੇਲੇ ਕਿਸੇ ਨੂੰ ਨਹੀਂ ਸੀ ਪਤਾ ਕਿ ਅੱਗੇ ਕੀ ਵਾਪਰਨ ਵਾਲਾ ਹੈ, ਪਰ ਜਦੋਂ ਗੁਰੂ ਸਾਹਿਬ ਨੂੰ ਖਾਲਸੇ ਨੇ ਪੰਥ ਦੀ ਅਗਵਾਈ ਕਰਦੇ ਰਹਿਣ ਵਾਸਤੇ ਚਮਕੌਰ ਦੀ ਕੱਚੀ ਗੜ੍ਹੀ ਵਿੱਚੋਂ ਚਲੇ ਜਾਣ ਵਾਸਤੇ ਕਿਹਾ ਤਾਂ ਇਹ ਪੱਕਾ ਸੀ ਕਿ ਗੁਰੂ ਸਾਹਿਬ ਦੇ ਇਥੋਂ ਚਲੇ ਜਾਣ ਤੋਂ ਬਾਅਦ ਜੋ ਵੀ ਇੱਥੇ ਰਹਿਣਗੇ ਉਨ੍ਹਾਂ ਦੀ ਸ਼ਹਾਦਤ ਲਾਜ਼ਮੀ ਹੈ। ਕਈ ਵਾਰ ਪਹਿਲਾਂ ਲਿਖਿਆ ਵੀ ਇਤਿਹਾਸ ਬਣ ਜਾਂਦਾ ਹੈ। ਮਿਸਾਲ ਵਜੋਂ – ਗੁਰੂ ਸਾਹਿਬ, ਭਾਈ ਸੰਗਤ ਸਿੰਘ ਨੂੰ ਜਿਗਾ ਕਲਗੀ ਤੇ ਆਪਣੇ ਵਸਤਰ ਪਹਿਨਾਉਂਦਿਆ ਆਪਣਾ ਕਿਹਾ ਹੀ ਸੱਚ ਕਰ ਰਹੇ ਸਨ ਕਿ :

ਖਾਲਸਾ ਮੇਰੋ ਰੂਪ ਹੈ ਖਾਸ ਖਾਲਸਾ ਮੇਂ ਹੀ ਕਰੋਂ ਨਿਵਾਸ

ਜਦੋਂ ਗੁਰੂ ਸਾਹਿਬ ਦੋ ਸਿੰਘਾਂ ਸਮੇਤ ਰਾਤ ਦੇ ਹਨੇਰੇ ਵਿੱਚ ਚਮਕੌਰ ਦੀ ਗੜ੍ਹੀ ਨੂੰ ਛੱਡਕੇ ਗਏ ਤਾਂ ਕਿਹਾ ਜਾਂਦਾ ਹੈ ਕਿ ਭਾਈ ਕੀਤਾ ਸਿੰਘ ਤੇ ਭਾਈ ਸੰਗਤ ਸਿੰਘ ਨੇ ਨਗਾਰਾ ਵੀ ਬਜਾਇਆ। ਮੁਗਲਾਂ ਦੀ ਫੌਜ ਵਿੱਚ ਇਸ ਗੱਲ ਦੀ ਚਰਚਾ ਹੋਣ ਲੱਗੀ ਕਿ ਕੋਈ ਗੜ੍ਹੀ ਵਿਚੋਂ ਗਿਆ ਹੈ ਇਸ ਕਰਕੇ ਰਾਤ ਦੇ ਹਨੇਰੇ ਵਿੱਚ ਉਨ੍ਹਾਂ ਪੈੜ ਨੱਪਣ ਦਾ ਜਤਨ ਕੀਤਾ ਪਰ ਸਫਲ ਨਾ ਹੋ ਸਕੇ। ਵਜ਼ੀਰ ਖਾਨ ਨੇ ਇਹ ਸੁਣਕੇ ਆਪਣੇ ਸੈਨਿਕਾਂ ਨੂੰ ਘੂਰਨਾ ਸ਼ੁਰੂ ਕਰ ਦਿੱਤਾ। ਪਰ ਜਦੋਂ ਸਵੇਰ ਦੇ ਸੂਰਜ ਦੀਆਂ ਕਿਰਨਾਂ ਨਿਕਲੀਆਂ ਤਾਂ ਮੁਗਲਾਂ ਨੇ ਉੱਚੀ ਮਮਟੀ (ਗੁੰਬਦ) ਉੱਤੇ ਬੈਠੇ ਗੁਰੂ ਸਾਹਿਬ ਨੂੰ ਦੇਖਿਆ। ਜਦੋਂ ਵਜ਼ੀਰ ਖਾਨ ਨੂੰ ਦੱਸਿਆ ਗਿਆ ਤਾਂ ਉਸ ਨੇ ਆਪ ਦੇਖਿਆ ਕਿ ਕਲਗੀ ਵੀ ਉਹੀ ਤੇ ਪੌਸ਼ਾਕ ਵੀ ਉਹੀ। ਦਰਅਸਲ ਗੁਰੂ ਸਾਹਿਬ ਵਲੋਂ ਬਖਸ਼ੇ ਬਸਤਰ ਅਤੇ ਕਲਗੀ ਸਜਾਈ ਬੈਠਾਂ ਇਹ ਨਿਰਭੈ ਯੋਧਾ ਭਾਈ ਸੰਗਤ ਸਿੰਘ ਸੀ। ਇਹ ਭਾਈ ਸੰਗਤ ਸਿੰਘ ਜੀ ਦੀ ਸ਼ਹਾਦਤ ਤੋਂ ਕੱਝ ਘੜੀਆਂ ਪਹਿਲਾਂ ਦਾ ਚਮਕਾਰਾ ਸੀ।
ਇਸ ਬਾਰੇ ਇਤਿਹਾਸ ਲਿਖਣ ਵਾਲੇ ਜਾਤ ਅਭਿਮਾਨੀਆਂ ਨੇ ਕਈ ਥਾਵੀਂ ਗਲਤ ਬਿਆਨੀ ਵੀ ਕੀਤੀ ਤੇ ਜਿਗਾ ਕਲਗੀ ਸਬੰਧੀ ਭੁਲੇਖੇ ਪਾਉਣ ਦਾ ਜਤਨ ਕੀਤਾ ਉਸ ਗਲਤ ਬਿਆਨੀ ਬਾਰੇ ਹੇਠ ਲਿਖਿਆ ਜਰੂਰ ਪੜ੍ਹ ਲੈਣਾ ਚਾਹੀਦਾ ਹੈ।
ਇਸ ਸਬੰਧੀ ਹੋਰ ਕਾਫੀ ਸਾਰੇ ਸਬੂਤ ਹਨ ਕਿ ਗੁਰੂ ਸਾਹਿਬ ਵਲੋਂ ਕਲਗੀ ਤੇ ਸ਼ਸਤਰ-ਬਸਤਰ ਸਭ ਹੀ ਕਿਸੇ ਹੋਰ ਨੂੰ ਨਹੀਂ ਸਗੋਂ ਭਾਈ ਸੰਗਤ ਸਿੰਘ ਨੂੰ ਦਿੱਤੇ ਅਤੇ ਪਹਿਨਾਏ ਗਏ :

0  ਭਾਈ ਕਾਹਨ ਸਿੰਘ ਨਾਭਾ ਭਾਈ ਸੁੱਖਾ ਸਿੰਘ ਦੇ ਹਵਾਲੇ ਨਾਲ ਮਹਾਨ ਕੋਸ਼ ਵਿੱਚ ਲਿਖਦੇ ਹਨ  ਕਿ ‘ਚਮਕੌਰ ਦੇ ਮਕਾਮ ‘ਤੇ
ਦਸ਼ਮੇਸ਼ ਜੀ ਨੇ ਖਾਲਸੇ ਨੂੰ ਗੁਰਤਾ ਦੇਣ ਵੇਲੇ ਭਾਈ ਸੰਗਤ ਸਿੰਘ ਬੰਗਸੀ ਨੂੰ ਜਿਗਾ ਕਲਗੀ ਬਖਸ਼ੀ।’
0  ਭਾਈ ਤੇਜਾ ਸਿੰਘ ਸੋਢੀ ‘ਤਵਾਰੀਖ ਗੁਰੂ ਖਾਲਸਾ’ ਦੇ ਪੰਨਾ 503 ਉੱਤੇ ਗੁਰੂ ਸਾਹਿਬ ਵਲੋਂ ਭਾਈ ਸੰਗਤ ਸਿੰਘ ਜੀ ਨੂੰ
ਕਲਗੀ ਅਤੇ ਬਸਤਰ ਦੇ ਕੇ ਆਪਣਾ ਰੂਪ ਬਖਸ਼ ਦੇਣ ਬਾਰੇ ਲਿਖਦੇ ਹਨ।
0  ਗਿਆਨੀ ਗਿਆਨ ਸਿੰਘ ‘ਤਵਾਰੀਖ ਗੁਰੂ ਖਾਲਸਾ’ ਦੇ ਪੰਨਾ 1016 ਤੇ ਲਿਖਦੇ ਹਨ ਕਿ ‘ਭਾਈ ਸੰਗਤ ਸਿੰਘ ਜੋ ਹੂ-ਬ-ਹੂ
ਗੁਰੂ ਜੀ ਦੇ ਸਰੂਪ ਵਾਲਾ ਸੀ ਨੂੰ ਆਪਣੀ ਜਗ੍ਹਾ ਤੇ ਬਿਠਾ ਕੇ ਆਪਣਾ ਸਾਰਾ ਪੁਸ਼ਾਕਾ, ਜਿਗਾ ਕਲਗੀ ਸਮੇਤ ਪਹਿਨਾ ਦਿੱਤਾ
ਫੇਰ ਅਰਦਾਸਾ ਸੋਧਿਆ ਅਤੇ ਕਿਹਾ ਕਿ ਮੈਂ ਅੱਜ ਤੋਂ ਖਾਲਸੇ ਨੂੰ ਗੁਰਿਆਈ ਬਖਸ਼ ਦਿੱਤੀ।
0  ਸੋਹਣ ਸਿੰਘ ਸੀਤਲ ਗੁਰ ਇਤਿਹਾਸ ਦਸ ਪਾਤਸ਼ਾਹੀਆਂ ਪੰਨਾ 349 ‘ਤੇ ਭਾਈ ਸੰਗਤ ਸਿੰਘ ਜੀ ਦੇ ਸੀਸ ‘ਤੇ ਕਲਗੀ ਸਜਾ
ਕੇ ਆਪਣਾ ਪੌਸ਼ਾਕਾ ਪਹਿਨਾ ਦੇਣ ਬਾਰੇ ਲਿਖਦੇ ਹਨ।
0  ਪ੍ਰਿ: ਸਤਬੀਰ ਸਿੰਘ ਸਿੱਖ ਇਤਿਹਾਸ ਭਾਗ ਪਹਿਲਾ ਦੇ ਪੰਨਾ 349 ਉੱਤੇ ਲਿਖਦੇ ਹਨ ‘ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਦਾ
ਹੁਕਮ ਮੰਨ ਕੇ ਗੜ੍ਹੀ ਛੱਡਣਾ ਪਰਵਾਨ ਕਰ ਲਿਆ ਅਤੇ ਭਾਈ ਸੰਗਤ ਸਿੰਘ ਨੂੰ ਕਲਗੀ ਦੇ ਕੇ ਗੜ੍ਹੀ ਛੱਡਣ ਦੀ ਤਿਆਰੀ
ਕਰ ਲਈ।’
0  ਪ੍ਰੋ: ਹਰਿੰਦਰ ਸਿੰਘ ਮਹਿਬੂਬ ਸਹਿਜ ਰਚਿਓ ਖਾਲਸਾ ਦੇ ਪੰਨਾ 410 ‘ਤੇ ਕਲਗੀ ਭਾਈ ਸੰਗਤ ਸਿੰਘ ਦੇ ਸਿਰ ਉੱਤੇ
ਸਜਾਉਣ ਦੀ ਗੱਲ ਦਰਜ ਕਰਦੇ ਹਨ।
0  ਡਾ: ਅਨੂਪ ਸਿੰਘ ‘ਦਾਰਸ਼ਨਿਕ ਯੋਧਾ ਗੁਰੂ ਗੋਬਿੰਦ ਸਿੰਘ’  ਦੇ ਪੰਨਾ 196 ਤੇ ਲਿਖਦੇ ਹਨ ਕਿ ਭਾਈ ਸੰਗਤ ਸਿੰਘ ਦੀ
ਸ਼ਕਲ ਸੂਰਤ ਤੇ ਕੱਦ-ਕਾਠ ਗੁਰੂ ਜੀ ਨਾਲ ਮਿਲਦਾ ਜੁਲਦਾ ਸੀ ਇਸ ਵਾਸਤੇ ਉਸਨੂੰ ਕਲਗੀ ਸਜਾਈ ਤੇ ਗੜ੍ਹੀ ਵਿਚਲੇ
ਸਿੰਘਾਂ ਨੂੰ ਆਦੇਸ਼ ਦਿੱਤਾ ਕਿ ਸਾਡੇ ਨਿਕਲਣ ਸਮੇਂ ਨਗਾਰਾ ਵਜਾਉਂਦੇ ਰਹਿਣਾ  ਤੇ ਦੁਸ਼ਮਣ ਵਲੋਂ ਕੀਤੇ ਜਾਂਦੇ ਵਾਰਾਂ ਦਾ ਮੂੰਹ
ਤੋੜ ਜਵਾਬ ਦਿੰਦੇ ਰਹਿਣਾ ਤਾਂ ਜੋ ਦੁਸ਼ਮਣ ਨੂੰ ਗੜ੍ਹੀ ਵਿੱਚ ਬਹੁਤੇ ਸਿੰਘ ਹੋਣ ਦਾ ਭੁਲੇਖਾ ਬਣਿਆ ਰਹੇ।
0  ਗਿਆਨੀ ਗੁਰਚਰਨ ਸਿੰਘ ਨੇ ‘ਜੀਵਨ ਕਥਾ ਗੁਰੂ ਗੋਬਿੰਦ ਸਿੰਘ’  ਵਿੱਚ ਲਿਖਿਆ ਹੈ ਕਿ ਗੁਰੂ ਸਾਹਿਬ ਨੇ ਆਪਣੀ ਜਿਗਾ
ਕਲਗੀ ਤੇ ਬਸਤਰ ਭਾਈ ਸੰਗਤ ਸਿੰਘ ਨੂੰ ਪਹਿਨਾ ਦਿੱਤੇ।
0  ਡਾ: ਗੰਡਾ ਸਿੰਘ ਜੀ ਦੀ ਲਿਖਤ ਅਨੁਸਾਰ 23 ਦਸੰਬਰ 1704 ਨੂੰ ਸਵੇਰੇ ਜਦੋਂ ਮੁਗਲ ਫੌਜਾਂ ਨੇ ਚਮਕੌਰ ਦੀ ਗੜ੍ਹੀ ਨੂੰ ਘੇਰਾ
ਪਾਇਆ ਤਾਂ ਬਾਬਾ ਸੰਗਤ ਸਿੰਘ ਦੇ ਗੁਰੂ ਸਾਹਿਬ ਵਾਲੀ ਪਹਿਨੀ ਹੋਈ ਪੌਸ਼ਾਕ ਤੇ ਕਲਗੀ ਤੋਂ ਭੁਲੇਖਾ ਖਾ ਗਏ । ਬਾਬਾ
ਸੰਗਤ ਸਿੰਘ ਜੀ ਅੰਤ  ਸਮੇਂ ਤੱਕ ਗੁਰੂ ਫਤਹਿ ਦੇ ਜੈਕਾਰੇ ਗਜਾਉਂਦੇ ਰਹੇ।
ਸਵੇਰੇ ਮੁਗਲਾਂ ਦੀ ਸਲਾਹ ਹੋਈ ਸੀ ਕਿ ਸਿੱਖਾਂ ਦੇ ਗੁਰੂ ਨੂੰ ਜੀਊਂਦੇ ਫੜਿਆ ਜਾਵੇ। ਸਿੰਘ ਸਾਰੇ ਹੀ ਭੁੱਖਣ ਭਾਣੇ। ਆਖਰ ਮੁਗਲਾਂ ਨੇ ਹਮਲਾ ਕੀਤਾ ਤੇ ਲੜਾਈ ਹੱਥੋ-ਹੱਥੀ ਹੋਈ। ਭਾਈ ਸੰਗਤ ਸਿੰਘ ਜੀ ਵੈਰੀਆਂ ਵਿੱਚ ਘਿਰੇ ਹੋਣ ਦੇ ਬਾਵਜੂਦ ਵੈਰੀਆਂ ਦੇ ਆਹੂ ਲਾਹੁੰਦੇ ਰਹੇ। ਆਖਰ ਬਹੁਤ ਹੀ ਜ਼ਖ਼ਮੀ ਹਾਲਤ ਵਿੱਚ ਧਰਤੀ ‘ਤੇ ਡਿਗ ਪਏ। ਮੁਗਲ ਇਹ ਹੀ ਸੋਚਦੇ ਰਹੇ ਕਿ ਇਹ ਗੁਰੂ ਹੀ ਹੈ। ਇੱਕ ਪਠਾਣ ਨੇ ਕਾਹਲੀ ਨਾਲ ਅੱਗੇ ਵਧ ਕੇ ਸਿਰ ਧੜ ਨਾਲੋਂ ਜੁਦਾ ਕਰ ਦਿੱਤਾ। ਇਸ ਸਮੇਂ ਬਾਰੇ ਭਾਈ ਕੁਇਰ ਸਿੰਘ ਲਿਖਦੇ ਹਨ :

ਕਲਗੀ  ਜਿਗਾ  ਔਰ ਯਹ  ਹੋਈ,  ਗੋਬਿੰਦ  ਇਹੈ  ਹੈ  ਸੋਈ
ਮਾਰ ਮੀਸ਼ ਸ਼ਮਸ਼ੀਰ ਪਠਾਨਾਂ, ਸੀਸ ਰਹਿਤ ਕਲਗੀ ਲੀ ਮਾਨਾ।

ਭਾਈ ਸੰਗਤ ਸਿੰਘ ਜੀ ਦੀ ਸ਼ਹੀਦੀ ਉਪਰੰਤ ਮੁਗਲਾਂ ਅਤੇ ਪਹਾੜੀ ਰਾਜਿਆਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਮਾਰੇ ਜਾਣ ਦੀ ਖਬਰ ਫੈਲਾਈ ਗਈ। ਪਰ ਅਗਲੇ ਹੀ ਦਿਨ ਚਮਕੌਰ ਦੀ ਗੜ੍ਹੀ ਵਿਚੋਂ ਭਾਈ ਸੰਗਤ ਸਿੰਘ ਜੀ ਦਾ ਸੀਸ ਲਿਆ ਕੇ ਸੂਬਾ ਸਰਹੰਦ ਦੀ ਕਚਿਹਰੀ ਵਿੱਚ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਨੂੰ ਵੀ ਦਿਖਾਇਆ ਗਿਆ। ਛੋਟੇ ਸਾਹਿਜ਼ਾਦਿਆਂ ਨੇ ਗੁਰੂ ਪਿਤਾ ਦਾ ਸੀਸ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਸੀਸ ਸਾਡੇ ਗੁਰੂ ਪਿਤਾ ਦਾ ਨਹੀਂ ਸਗੋਂ ਇਹ ਸੀਸ ਤਾਂ ਗੁਰੂ ਪਿਆਰੇ ਭਾਈ ਸੰਗਤ ਸਿੰਘ ਜੀ ਦਾ ਹੈ। ਇਸ ਤੋਂ ਬਾਅਦ ਸਾਹਿਬਜਾਦਿਆਂ ਨੂੰ ਬਚਪਨ ਵਿੱਚ ਖਿਡਾਉਣ ਵਾਲੀ ਬੀਬੀ ਜੈਨਾ ਨੂੰ ਬੁਲਾ ਕੇ ਪੁੱਛਿਆ ਗਿਆ ਤਾਂ ਬੀਬੀ ਜੈਨਾ ਨੇ ਵੀ ਇਸ ਨੂੰ ਭਾਈ ਸੰਗਤ ਸਿੰਘ ਦਾ ਸੀਸ ਕਿਹਾ। ਪਰ ਮੁਗਲਾਂ ਨੂੰ ਜਿਵੇਂ ਇਤਬਾਰ ਹੀ ਨਾ ਆ ਰਿਹਾ ਹੋਵੇ ਇਸ ਦੇ ਉਪਰੰਤ ਗੁਰੂ ਸਾਹਿਬ ਨੂੰ ਬਚਪਨ ਵਿੱਚ ਫਾਰਸੀ ਦੀ ਸਿੱਖਿਆ ਦੇਣ (ਇੱਥੇ ਯਾਦ ਰਹੇ ਕਿ ਫਾਰਸੀ ਦਾ ਸਬਕ ਲੈਣ ਵੇਲੇ ਕਦੇ ਕਦੇ ਭਾਈ ਸੰਗਤ ਸਿੰਘ ਵੀ ਬਾਲ ਗੋਬਿੰਦ ਦੇ ਨਾਲ ਹੀ ਹੁੰਦੇ ਸਨ) ਵਾਲੇ ਕਾਜ਼ੀ ਨੂਰਦੀਨ ਨੂੰ ਸੱਦਿਆ ਗਿਆ। ਉਨ੍ਹਾਂ ਨੇ ਵੀ ਕਚਿਹਰੀ ਵਿੱਚ ਕਿਹਾ ਕਿ ਇਹ ਸੀਸ ਤਾਂ ਭਾਈ ਸੰਗਤ ਸਿੰਘ ਦਾ ਹੈ ਗੁਰੂ ਸਾਹਿਬ ਦਾ ਨਹੀਂ।
ਇਸ ਤਰ੍ਹਾਂ ਭਾਈ ਸੰਗਤ ਸਿੰਘ ਜੀ ਨੇ ਗੁਰਸਿੱਖੀ ਦੇ ਅਸੂਲਾਂ ‘ਤੇ ਚੱਲਦਿਆਂ ਗੁਰੂ ਸਾਹਿਬ ਦੇ ਬੋਲ ਪੁਗਾਉਂਦਿਆਂ ਸ਼ਹਾਦਤ ਦਾ ਜਾਮ ਪੀਤਾ। ਇੱਥੇ ਹੀ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਨਾਲ ਹੀ 37 ਸਿੰਘ ਹੋਰ ਸ਼ਹੀਦ ਹੋਏ ਜਿਨ੍ਹਾਂ ਵਿੱਚ 1699 ਦੀ ਵਿਸਾਖੀ ਵਿੱਚ ਸਾਜੇ ਪਹਿਲੇ ਪੰਜ ਪਿਆਰਿਆਂ ਵਿਚੋਂ ਤਿੰਨ ਭਾਈ ਮੋਹਕਮ ਸਿੰਘ, ਭਾਈ ਹਿੰਮਤ ਸਿੰਘ ਅਤੇ ਭਾਈ ਸਾਹਿਬ ਸਿੰਘ ਨੇ ਵੀ ਇਸੇ ਚਮਕੌਰ ਦੀ ਗੜ੍ਹੀ ਵਿੱਚ ਸ਼ਹਾਦਤ ਦਾ ਜਾਮ ਪੀਤਾ।
ਭਾਈ ਜੀਵਨ ਸਿੰਘ ਜੀ ਦੀ ਜੀਵਨ ਕਥਾ ਇਕ ਸੱਚੇ ਸੁੱਚੇ ਸਿਦਕਵਾਨ ਸਿੱਖ ਦੀ ਜੀਵਨ ਕਥਾ ਹੈ। ਆਪ ਗੁਰੂ ਗੋਬਿੰਦ ਸਿੰਘ ਜੀ ਦੇ ਆਗਿਆਕਾਰੀ ਤੇ ਪੂਰੇ ਵਿਸ਼ਵਾਸ ਦੇ ਪਾਤਰ ਸਨ।  ਸਿੱਖ ਸੰਗਤਾਂ ਪ੍ਰਤੀ ਆਪ ਦਾ ਅਥਾਹ ਪਿਆਰ ਸੀ।
ਸਿੱਖ ਇਤਿਹਾਸ ਵਿੱਚ ਜਿੱਥੇ ਵੀ ਸਿਦਕਦਿਲੀ ਵਾਲੇ ਸੂਰਮਿਆਂ ਦੀ ਤੇ ਗੁਰੂ ਸਾਹਿਬ ਦੇ ਵਫਾਦਾਰ ਕੁਰਬਾਨੀ ਵਾਲੇ ਬਹਾਦਰ ਯੋਧਿਆਂ ਦੀ ਗੱਲ ਚੱਲੇਗੀ ਉੱਥੇ ਹਮੇਸ਼ਾ ਹੀ ਭਾਈ ਸੰਗਤ ਸਿੰਘ ਜੀ ਦਾ ਨਾਮ ਮੋਹਰਲੀਆਂ ਕਤਾਰਾਂ ਵਿੱਚ ਲਿਆ ਜਾਵੇਗਾ। ਆਪਾ ਵਾਰਨ ਵਾਲਾ ਸੂਰਮਤਾਈ ਭਰਿਆ ਅਜਿਹਾ ਇਤਿਹਾਸ ਹੀ ਭਵਿੱਖ ਨੂੰ ਰੁਸ਼ਨਾਉਣ ਦਾ ਕਾਰਜ ਕਰਦਾ ਹੈ।
ਆਖਰ ਵਿੱਚ ਇਹ ਦੱਸਣਾ ਵੀ ਬਣਦਾ ਹੈ ਕਿ ਜਿੱਥੇ ਚਮਕੌਰ ਦੀ ਗੜ੍ਹੀ ਵਾਲੀ ਘਮਸਾਣ ਦੀ ਜੰਗ ਹੋਈ ਸੀ ਉੱਥੇ ਹੁਣ ਗੁਰਦੁਆਰਾ ਗੜ੍ਹੀ ਸਾਹਿਬ ਸਥਿੱਤ ਹੈ।

Email : [email protected]