ਸਰਕਾਰ ਨੇ ਬੁੱਧਵਾਰ ਨੂੰ ਕਣਕ ਦੀ ਘੱਟੋਘੱਟ ਸਹਾਇਕ ਕੀਮਤ ਵਿੱਚ 105 ਰੁਪਏ ਫੀ ਕੁਇੰਟਲ ਦੇ ਵਾਧੇ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀਸੀਈਏ) ਦੀ ਮੀਟਿੰਗ ਵਿੱਚ ਹਾੜ੍ਹੀ ਦੇ ਸੀਜ਼ਨ ਵਿਚ ਬੀਜੀਆਂ ਜਾਂਦੀਆਂ ਫ਼ਸਲਾਂ ਦੀਆਂ ਸੋਧੀਆਂ ਕੀਮਤਾਂ ਨੂੰ ਪ੍ਰਵਾਨਗੀ ਦਿੱਤੀ। ਮੀਟਿੰਗ ਤੋਂ ਬਾਅਦ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਫ਼ੈਸਲੇ ਨਾਲ ਕਿਸਾਨਾਂ ਨੂੰ 62635 ਕਰੋੜ ਰੁਪਏ ਦਾ ਵਾਧੂ ਫਾਇਦਾ ਹੋਵੇਗਾ। ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ ਨੇ ਦੱਸਿਆ ਕਿ 2018-19 ਦੇ ਸੀਜ਼ਨ ਲਈ ਕਣਕ ਦਾ ਘੱਟੋ ਘੱਟ ਸਹਾਇਕ ਭਾਅ 105 ਰੁਪਏ ਦੇ ਵਾਧੇ ਨਾਲ 1840 ਰੁਪਏ ਫੀ ਕੁਇੰਟਲ ਹੋਵੇਗਾ। ਚਾਲੂ ਸੀਜ਼ਨ ਵਿੱਚ ਇਹ ਭਾਅ 1735 ਰੁਪਏ ਫੀ ਕੁਇੰਟਲ ਸੀ।ਸੀਸੀਈਏ ਦੇ ਫ਼ੈਸਲੇ ਮੁਤਾਬਕ ਜੌਆਂ ਦਾ ਘੱਟੋ ਘੱਟ ਸਹਾਇਕ ਮੁੱਲ 30 ਰੁਪਏ ਫ਼ੀ ਕੁਇੰਟਲ ਵਧਾ ਕੇ 1440 ਰੁਪਏ ਜਦਕਿ ਛੋਲਿਆਂ ਦਾ ਸਹਾਇਕ ਮੁੱਲ 220 ਰੁਪਏ ਫੀ ਕੁਇੰਟਲ ਵਧਾ ਕੇ 4620 ਰੁਪਏ ਹੋਵੇਗਾ। ਮਸਰਾਂ ਦਾ ਸਹਾਇਕ ਮੁੱਲ 225 ਰੁਪਏ ਫੀ ਕੁਇੰਟਲ ਵਧਾ ਕੇ 4475 ਰੁਪਏ ਜਦਕਿ ਸਰ੍ਹੋਂ ਦਾ ਸਹਾਇਕ ਮੁੱਲ 200 ਰੁਪਏ ਵਧਾ ਕੇ 4200 ਰੁਪਏ ਫੀ ਕੁਇੰਟਲ ਕਰ ਦਿੱਤਾ ਗਿਆ ਹੈ। ਕਸੁੰਭੜੇ (ਢੱਕ) ਦੀਆਂ ਪੱਤੀਆਂ ਦਾ ਸਹਾਇਕ ਮੁੱਲ 845 ਰੁਪਏ ਫੀ ਕੁਇੰਟਲ ਵਧਾ ਕੇ 4945 ਰੁਪਏ ਫੀ ਕੁਇੰਟਲ ਕੀਤਾ ਗਿਆ ਹੈ।
INDIA ਕਣਕ ਦੇ ਮੁੱਲ ਵਿੱਚ 105 ਰੁਪਏ ਦਾ ਵਾਧਾ