ਕਣਕ ਦੀ ਬਿਜਾਈ ਕਰ ਰਹੇ ਕਿਸਾਨ ਦੀ ਟਰੈਕਟਰ ਹੇਠ ਆਉਣ ਕਾਰਨ ਮੌਤ

ਪਿੰਡ ਸੱਦਾ ਸਿੰਘ ਵਾਲਾ ਦੇ ਕਿਸਾਨ ਪਰਿਵਾਰ ਲਈ ਖੇਤਾਂ ’ਚ ਪਰਾਲੀ ਸਾੜਨ ’ਤੇ ਪਾਬੰਦੀ ਦਾ ਆਦੇਸ਼ ਕਹਿਰ ਬਣ ਕੇ ਆਇਆ ਹੈ। ਪਰਾਲੀ ਸਾੜੇ ਬਿਨਾਂ ਰੋਟਾਵੇਟਰ ਨਾਲ ਕਣਕ ਦੀ ਬਿਜਾਈ ਕਰਦੇ ਸਮੇਂ ਕਿਸਾਨ ਦੀ ਟਰੈਕਟਰ ਹੇਠ ਆਉਣ ਨਾਲ ਮੌਤ ਹੋ ਗਈ। ਇਸ ਹਾਦਸੇ ਦੌਰਾਨ ਕਿਸਾਨ ਉਪਰੋਂ ਰੋਟਾਵੇਟਰ ਲੰਘਣ ਕਾਰਨ ਉਸ ਦਾ ਸ਼ਰੀਰ ਬੁਰੀ ਤਰ੍ਹਾਂ ਕੱਟਿਆ ਗਿਆ।
ਥਾਣਾ ਸਦਰ ਮੁਖੀ ਇੰਸਪੈਕਟਰ ਜੇਜੇ ਅਟਵਾਲ ਤੇ ਏਐਂੱਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਦੀ ਪਤਨੀ ਦੇ ਬਿਆਨ ਉੱਤੇ ਧਾਰਾ 174 ਸੀਆਰਪੀਸੀ ਤਹਿਤ ਪੋਸਟਮਾਰਟਮ ਦੀ ਕਾਰਵਾਈ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਪਿੰਡ ਸੱਦਾ ਸਿੰਘ ਵਾਲਾ ਕਿਸਾਨ ਸੁਖਜਿੰਦਰ ਸਿੰਘ (38) ਖੇਤ ’ਚ ਪਰਾਲੀ ਬਿਨਾਂ ਸਾੜੇ ਰੋਟਾਵੇਟਰ ਨਾਲ ਕਣਕ ਦੀ ਬਿਜਾਈ ਕਰ ਰਿਹਾ ਸੀ। ਉਹ ਚਲਦੇ ਟਰੈਕਟਰ ਉੱਤੇ ਕਣਕ ਦੀ ਬਿਜਾਈ ਠੀਕ ਹੋਣ ਲਈ ਘਾਹਫੂਸ ਦੇਖਣ ਲੱਗਾ ਤਾਂ ਉਸ ਦਾ ਪੈਰ ਫ਼ਿਸਲ ਗਿਆ। ਕਿਸਾਨ ਉਪਰੋਂ ਪਹਿਲਾਂ ਟਰੈਕਟਰ ਦੇ ਪਿਛਲੇ ਟਾਇਰ ਲੰਘ ਗਏ ਅਤੇ ਬਾਅਦ ਵਿੱਚ ਰੋਟਾਵੇਟਰ ਉਸ ਦੇ ਸ਼ਰੀਰ ਤੋਂ ਲੰਘਣ ਨਾਲ ਉਸਦਾ ਸ਼ਰੀਰ ਵੀ ਬੁਰੀ ਤਰ੍ਹਾਂ ਕੱਟਿਆ ਗਿਆ ਅਤੇ ਉਸ ਦੀ ਮੌਕੇ ਉਂੱਤੇ ਹੀ ਮੌਤ ਹੋ ਗਈ। ਮ੍ਰਿਤਕ ਕਿਸਾਨ ਦੀ ਪਤਨੀ ਅਮਰਜੀਤ ਕੌਰ ਦੇ ਬਿਆਨ ਉਂੱਤੇ ਧਾਰਾ 174 ਸੀਆਰਪੀਸੀ ਤਹਿਤ ਪੋਸਟਮ ਦੀ ਕਾਰਵਾਈ ਕੀਤੀ ਗਈ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਆਗੂ ਬਲੌਰ ਸਿੰਘ ਘਾਲੀ ਨੇ ਦੁਖੀ ਕਿਸਾਨ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਰਕਾਰ ਤੋਂ ਪੀੜਤ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।