ਕਈ ਪਿੰਡਾਂ ਵਿੱਚ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ

ਪਿੰਡ ਬਿਜਲੀਪੁਰ ਵਿੱਚ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ ਹੈ, ਜਿਸ ਵਿਚ ਨਵਜੋਤ ਕੌਰ ਨੂੰ ਸਰਪੰਚ, ਰੁਪਿੰਦਰ ਸਿੰਘ, ਬਲਰਾਜ ਸਿੰਘ ਰਾਜੂ, ਦਲਜੀਤ ਕੌਰ, ਬਹਾਦਰ ਸਿੰਘ ਅਤੇ ਮਨਦੀਪ ਕੌਰ ਨੂੰ ਬਤੌਰ ਮੈਂਬਰ ਪੰਚਾਇਤ ਚੁਣਿਆ ਗਿਆ ਹੈ। ਚੁਣੀ ਗਈ ਨਵੀਂ ਪੰਚਾਇਤ ਨੇ ਸੌਂਪੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿਵਾਇਆ ਤੇ ਸਮੁੱਚੇ ਪਿੰਡ ਵਾਸੀਆਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਹਾਜ਼ਰ ਮੋਹਤਬਰਾਂ ’ਚ ਜਤਿੰਦਰ ਸਿੰਘ ਬਿਜਲੀਪੁਰ, ਸੁਖਵਿੰਦਰ ਸਿੰਘ ਫੌਜੀ, ਸੁਖਵੀਰ ਸਿੰਘ ਬੰਟੀ, ਅਮਨਦੀਪ ਸਿੰਘ ਲਿੱਟ, ਰਵਿੰਦਰ ਸਿੰਘ ਲਿੱਟ, ਟਹਿਲ ਸਿੰਘ ਚੀਮਾ, ਜਸਪਾਲ ਸਿੰਘ, ਕੁਲਜਿੰਦਰ ਸਿੰਘ, ਭਜਨ ਸਿੰਘ, ਮੋਹਣ ਸਿੰਘ ਅਤੇ ਜਸਵੀਰ ਸਿੰਘ ਆਦਿ ਸ਼ਾਮਲ ਸਨ।
ਇਸੇ ਦੌਰਾਨ ਜਿੱਥੇ ਪੰਜਾਬ ਦੇ ਬਾਕੀ ਪਿੰਡਾਂ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਸਿਆਸੀ ਜੰਗ ਸ਼ੁਰੂ ਹੋ ਚੁੱਕੀ ਹੈ, ਉੱਥੇ ਪਿੰਡ ਊਰਨਾ ਦੇ ਲੋਕਾਂ ਨੇ ਆਪਣੀ ਸੂਝ-ਬੂਝ ਤੇ ਸਿਆਣਪ ਦਾ ਪ੍ਰਮਾਣ ਦਿੰਦਿਆਂ ਲਗਾਤਾਰ ਛੇਵੀਂ ਵਾਰ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕਰ ਲਈ ਹੈ। ਜਾਣਕਾਰੀ ਅਨੁਸਾਰ ਲੰਘੇ ਕਾਰਜਕਾਲ ਦੌਰਾਨ ਸਰਬਸੰਮਤੀ ਨਾਲ ਸਰਪੰਚੀ ਕਰਨ ਵਾਲ਼ੇ ਯੂਥ ਆਗੂ ਗੁਰਦੀਪ ਸਿੰਘ ਊਰਨਾ ਦੀ ਧਰਮਪਤਨੀ ਅਜੀਤਪਾਲ ਨੂੰ ਹੁਣ ਪਿੰਡ ਦੇ ਵਿਕਾਸ ਕਾਰਜਾਂ ਦੀ ਵਾਗਡੋਰ ਸੰਭਾਲ ਦਿੱਤੀ ਹੈ। ਗੱਲਬਾਤ ਦੌਰਾਨ ਸਾਬਕਾ ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਨੂੰ ਇਸ ਗੱਲ ਦਾ ਮਾਣ ਹੈ ਕਿ ਪਿੰਡ ਵਿੱਚ 25 ਸਾਲਾਂ ਤੋਂ ਸਰਬਸੰਮਤੀ ਨਾਲ ਸਰਪੰਚ ਦੀ ਚੋਣ ਹੁੰਦੀ ਆ ਰਹੀ ਹੈ, ਜਿਸ ਕਾਰਨ ਪਿੰਡ ਲੜਾਈ-ਝਗੜਿਆਂ ਤੋਂ ਮੁਕਤ ਰਹਿੰਦਾ ਹੈ ਅਤੇ ਵਿਕਾਸ ਕਾਰਜਾਂ ਵਿੱਚ ਸਭ ਤੋਂ ਅੱਗੇ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਬਾਕੀ
ਪੰਚਾਇਤ ਵਿੱਚ ਹਰਦੀਪ ਕੌਰ, ਮਨਜੀਤ ਕੌਰ, ਗੁਰਦੇਵ ਸਿੰਘ, ਹਰਬੰਸ ਕੌਰ ਅਤੇ ਲਖਵਿੰਦਰ ਸਿੰਘ ਨੂੰ ਸਰਬਸੰਮਤੀ ਨਾਲ ਬਤੌਰ ਮੈਂਬਰ ਪੰਚਾਇਤ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੇ ਸਹਿਯੋਗ ਅਤੇ ਭਾਈਵਾਲਤਾ ਲਈ ਉਹ ਸਦਾ ਰਿਣੀ ਰਹਿਣਗੇ ਜਿਨ੍ਹਾਂ ਦੀ ਬਦੌਲਤ ਪਿੰਡ ਊਰਨਾ ਇਲਾਕੇ ਵਿੱਚ ਰੋਲ ਮਾਡਲ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ। ਇਸੇ ਦੌਰਾਨ ਪਿੰਡ ਬਾਲਿਉਂ ਵਿਖੇ ਪੰਚਾਇਤ ਦੀ ਚੋਣ ਸਰਬਸੰਮਤੀ ਨਾਲ ਹੋਈ। ਜਾਣਕਾਰੀ ਅਨੁਸਾਰ ਪਿੰਡ ਵਿੱਚ ਸਰਬਸੰਮਤੀ ਨਾਲ ਕਿਰਨਦੀਪ ਸਿੰਘ ਨੂੰ ਸਰਪੰਚ ਚੁਣ ਲਿਆ ਗਿਆ। ਇਸੇ ਤਰ੍ਹਾਂ ਹਰਭਗਤ ਸਿੰਘ, ਮੋਹਣ ਸਿੰਘ, ਜਸਵੀਰ ਸਿੰਘ ਜੱਸੀ, ਕਸ਼ਮੀਰਾ ਸਿੰਘ, ਜਸਪਾਲ ਕੌਰ, ਮਨਦੀਪ ਕੌਰ, ਊਸ਼ਾਰਿੰਦਰ ਕੌਰ ਨੂੰ ਮੈਂਬਰ ਪੰਚਾਇਤ ਵਜੋਂ ਸਰਬਸੰਮਤੀ ਨਾਲ ਚੁਣਿਆ ਗਿਆ। ਜਸਵੀਰ ਸਿੰਘ ਜੱਸੀ ਨੇ ਦੱਸਿਆ ਕਿ ਪਿੰਡ ਵਿੱਚ ਪਿਛਲੇ 20 ਸਾਲਾਂ ਤੋਂ ਪੰਚਾਇਤ ਦੀ ਚੋਣ ਸਰਬਸੰਮਤੀ ਨਾਲ ਚੁਣੀ ਜਾ ਰਹੀ ਹੈ।