ਐੱਸਪੀ ਦੇਸ ਰਾਜ ਭ੍ਰਿਸ਼ਟਾਚਾਰ ਕੇਸ ਵਿੱਚ ਦੋਸ਼ੀ ਕਰਾਰ

ਚੰਡੀਗੜ੍ਹ- ਇਥੋਂ ਦੀ ਅਦਾਲਤ ਨੇ ਚੰਡੀਗੜ੍ਹ ਦੇ ਐੱਸਪੀ ਦੇਸ ਰਾਜ ਨੂੰ ਇਕ ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਦੋਸ਼ੀ ਐਲਾਨ ਦਿੱਤਾ ਹੈ ਅਤੇ ਸਜ਼ਾ 10 ਅਗਸਤ ਨੂੰ ਸੁਣਾਈ ਜਾਵੇਗੀ।
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਉਸ ਵੇਲੇ ਦੇ ਸੈਕਟਰ-26 ਥਾਣੇ ਦੇ ਐੱਸਐੱਚਓ ਅਣੋਖ ਸਿੰਘ ਦੀ ਸ਼ਿਕਾਇਤ ’ਤੇ ਦੇਸ ਰਾਜ ਨੂੰ ਉਸ ਦੀ ਸੈਕਟਰ-23 ਸਥਿਤ ਸਰਕਾਰੀ ਰਿਹਾਇਸ਼ ਤੋਂ ਇਕ ਲੱਖ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ 18 ਅਕਤੂਬਰ 2012 ਦੀ ਸ਼ਾਮ ਨੂੰ ਗ੍ਰਿਫਤਾਰ ਕੀਤਾ ਸੀ। ਅਣੋਖ ਸਿੰਘ ਹੁਣ ਸੇਵਾਮੁਕਤ ਹੋ ਚੁੱਕੇ ਹਨ। ਅਦਾਲਤ ਨੇ ਅੱਜ ਐੱਸਪੀ ਦੇਸ ਰਾਜ ਨੂੰ ਦੋਸ਼ੀ ਐਲਾਨ ਦਿੱਤਾ ਹੈ।
ਇਸ ਮੌਕੇ ਅਦਾਲਤ ਵਿੱਚ ਦੇਸ ਰਾਜ ਨਾਲ ਉਨ੍ਹਾਂ ਦੀ ਪਤਨੀ ਅਤੇ ਹੋਰ ਰਿਸ਼ਤੇਦਾਰ ਮੌਜੂਦ ਸਨ। ਸਾਲ 2008 ਕੇਡਰ ਦੇ ਆਈਪੀਐੱਸ ਅਧਿਕਾਰੀ ਦੇਸ ਰਾਜ ਰਿਸ਼ਵਤ ਕਾਂਡ ਵਿੱਚ ਫੜੇ ਜਾਣ ਵੇਲੇ ਐੱਸਪੀ ਸਿਟੀ ਸਨ ਅਤੇ ਸਾਰੇ ਥਾਣਿਆਂ ਦਾ ਕੰਟਰੋਲ ਇਸ ਅਧਿਕਾਰੀ ਦੇ ਹੱਥ ਵਿੱਚ ਸੀ। ਦਰਅਸਲ ਐੱਸਐੱਚਓ ਅਣੋਖ ਸਿੰਘ ਦੇ ਖ਼ਿਲਾਫ਼ ਇਕ ਮਾਮਲੇ ਦੀ ਵਿਭਾਗੀ ਜਾਂਚ ਚੱਲ ਰਹੀ ਸੀ ਜਿਸ ਦੀ ਪੜਤਾਲ ਦੇਸ ਰਾਜ ਕਰ ਰਿਹਾ ਸੀ। ਅਣੋਖ ਸਿੰਘ ਨੇ ਉਸ ਵੇਲੇ ਸੀਬੀਆਈ ਨੂੰ ਸ਼ਿਕਾਇਤ ਦਿੱਤੀ ਸੀ ਕਿ ਦੇਸ ਰਾਜ ਇਸ ਮਾਮਲੇ ਵਿਚੋਂ ਕਲੀਨ ਚਿੱਟ ਦੇਣ ਲਈ 5 ਲੱਖ ਰੁਪਏ ਰਿਸ਼ਵਤ ਮੰਗਦਾ ਸੀ ਅਤੇ ਬਾਅਦ ਵਿੱਚ ਇਹ ਸੌਦਾ 2 ਲੱਖ ਵਿੱਚ ਹੋਇਆ ਸੀ। ਅਣੋਖ ਸਿੰਘ 18 ਅਕਤੂਬਰ 2012 ਨੂੰ ਐੱਸਪੀ ਦੇ ਘਰ ਇਕ ਲੱਖ ਰੁਪਏ ਰਿਸ਼ਵਤ ਦੇਣ ਗਿਆ ਸੀ ਅਤੇ ਸੀਬੀਆਈ ਨੇ ਪੜਤਾਲ ਕਰਨ ਉਪਰੰਤ ਦੇਸ ਰਾਜ ਨੂੰ ਅਣੋਖ ਸਿੰਘ ਕੋਲੋਂ ਇਕ ਲੱਖ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕਰ ਲਿਆ ਸੀ।
ਸੂਤਰਾਂ ਅਨੁਸਾਰ ਸੇਵਾ-ਮੁਕਤ ਇੰਸਪੈਕਟਰ ਅਣੋਖ ਸਿੰਘ ਇਸ ਐਸਪੀ ਕੋਲੋਂ ਕੇਵਲ ਰਿਸ਼ਵਤ ਮੰਗਣ ਕਾਰਨ ਹੀ ਪ੍ਰੇਸ਼ਾਨ ਨਹੀਂ ਸੀ ਸਗੋਂ ਕਈ ਵਾਰ ਉਸ ਨੂੰ ਜ਼ਲੀਲ ਕਰਨ ਕਾਰਨ ਵੀ ਦੁਖੀ ਸੀ। ਜਦੋਂ ਦੇਸ ਰਾਜ ਐੱਸਪੀ ਕੇਂਦਰੀ ਸੀ ਤਾਂ ਉਸ ਵੇਲੇ ਇੰਸਪੈਕਟਰ ਅਣੋਖ ਸਿੰਘ ਸੈਕਟਰ-11 ਥਾਣੇ ਦਾ ਐੱਸਐੱਚਓ ਸੀ। ਸੂਤਰਾਂ ਅਨੁਸਾਰ ਇਸ ਦੌਰਾਨ ਇਕ ਮੀਟਿੰਗ ਵਿੱਚ ਐੱਸਪੀ ਨੇ ਅਣੋਖ ਸਿੰਘ ਨੂੰ ਕੁਝ ਸਖਤ ਸ਼ਬਦ ਬੋਲੇ ਸਨ ਜਿਸ ਕਾਰਨ ਉਹ ਕਈ ਦਿਨ ਪ੍ਰੇਸ਼ਾਨ ਰਿਹਾ ਸੀ। ਅਣੋਖ ਸਿੰਘ ਉਸ ਵੇਲੇ ਚੰਡੀਗੜ੍ਹ ਕੇਡਰ ਦਾ ਸੀਨੀਅਰ ਇੰਸਪੈਕਟਰ ਸੀ ਅਤੇ ਉਹ ਇਸ ਮਾਹੌਲ ਤੋਂ ਪ੍ਰੇਸ਼ਾਨ ਹੋ ਗਿਆ ਸੀ।
ਜਦੋਂ ਉਪਰੋਂ ਐਸਪੀ ਨੇ ਰਿਸ਼ਵਤ ਵੀ ਮੰਗਣੀ ਸ਼ੁਰੂ ਕਰ ਦਿੱਤੀ ਤਾਂ ਉਸ ਨੂੰ ਏਡਾ ਵੱਡਾ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ। ਇਸ ਘਟਨਾ ਤੋਂ ਬਾਅਦ ਹੀ ਦਿੱਲੀ ਦੇ ਡੀਐੱਸਪੀਜ਼ ਨੂੰ ਚੰਡੀਗੜ੍ਹ ਵਿੱਚ ਨਿਯੁਕਤ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਈ ਸੀ ਅਤੇ ਚੰਡੀਗੜ੍ਹ ਕੇਡਰ ਦੇ ਅਧਿਕਾਰੀ ਹਾਸ਼ੀਏ ’ਤੇ ਕਰਨੇ ਸ਼ੁਰੂ ਕਰ ਦਿੱਤੇ ਗਏ ਸਨ। ਹੁਣ ਤਾਂ ਕੇਂਦਰੀ ਗ੍ਰਹਿ ਵਿਭਾਗ ਨੇ ਵੀ ਚੰਡੀਗੜ੍ਹ ਦੇ ਡੀਐਸਪੀਜ਼ ਨੂੰ ਦਾਨਿਪਸ ਕੇਡਰ ਵਿੱਚ ਰਲਾਉਣ ਦੀ ਤਿਆਰੀ ਵੀ ਤੇਜ਼ ਕਰ ਦਿੱਤੀ ਹੈ।