ਐਸਮਾ’ ਲੱਗਾ ਹੋਣ ਦੇ ਬਾਵਜੂਦ ਹਰਿਆਣਾ ਰੋਡਵੇਜ਼ ਮੁਲਾਜ਼ਮਾਂ ਦਾ ਅੰਦੋਲਨ ਮਘਣ ਲੱਗਾ

ਚੰਡੀਗੜ੍ਹ, 19 ਅਕਤੂਬਰ
ਖੱਟਰ ਸਰਕਾਰ ਵਲੋਂ ਹਰਿਆਣਾ ਰੋਡਵੇਜ਼ ਮੁਲਾਜ਼ਮਾਂ ਦੀ ਹੜਤਾਲ ਨੂੰ ਨਾਕਾਮ ਕਰਨ ਲਈ ਦਮਨਕਾਰੀ ਨੀਤੀਆਂ ਅਪਣਾਉਣ ਦੇ ਬਾਵਜੂਦ ਮੁਲਾਜ਼ਮਾਂ ਨੇ ਅੰਦੋਲਨ ਨੂੰ ਹੋਰ ਭਖਾਉਂਦਿਆਂ ਅਗਲੇ ਤਿੰਨ ਦਿਨਾਂ ਲਈ ਹੜਤਾਲ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਹੈ। ਸਰਕਾਰ ਵੱਲੋਂ ਐਸਮਾ ਲਾਉਣ ਦੇ ਬਾਵਜੂਦ ਮੁਲਾਜ਼ਮਾਂ ਦਾ ਅੰਦੋਲਨ ਮਘਣ ਲੱਗਾ ਹੈ।
ਹਰਿਆਣਾ ਰੋਡਵੇਜ਼ ਕਰਮਚਾਰੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਰੋਡਵੇਜ਼ ਕਾਮਿਆਂ ਨੇ 16 ਅਕਤੂਬਰ ਨੂੰ ਹੜਤਾਲ ਸ਼ੁਰੂ ਕੀਤੀ ਸੀ ਤੇ ਅੱਜ ਹੜਤਾਲ ਦਾ ਚੌਥਾ ਦਿਨ ਹੈ। ਹੋਰਨਾਂ ਵਿਭਾਗਾਂ ਦੇ ਮੁਲਾਜ਼ਮਾਂ ਨੇ ਅੰਦੋਲਨਕਾਰੀ ਰੋਡਵੇਜ਼ ਮੁਲਾਜ਼ਮਾਂ ਦੀ ਹਮਾਇਤ ’ਚ ਨਿੱਤਰਦਿਆਂ ਸਰਕਾਰ ਵਿਰੋਧੀ ਰੈਲੀਆਂ ਤੇ ਮੀਟਿੰਗਾਂ ਵਿਚ ਹਿੱਸਾ ਲਿਆ ਤੇ ਅੰਦੋਲਨਕਾਰੀਆਂ ਦੀ ਡਟ ਕੇ ਹਮਾਇਤ ਦੇ ਵਾਅਦੇ ਕੀਤੇ। ਹਰਿਆਣਾ ਰੋਡਵੇਜ਼ ਦੀ ਫਲੀਟ ਵਿੱਚ ਚਾਰ ਹਜ਼ਾਰ ਦੇ ਕਰੀਬ ਬੱਸਾਂ ਹਨ, ਜਿਨ੍ਹਾਂ ਵਿੱਚੋਂ ਨਾਂਮਾਤਰ ਚਲ ਰਹੀਆਂ ਹਨ। ਸਰਕਾਰ ਵੱਲੋਂ ਸਕੂਲਾਂ ਤੇ ਕਾਲਜਾਂ ਦੀਆਂ ਬੱਸਾਂ ਲੈ ਕੇ ਕੰਮ ਚਲਾਇਆ ਜਾ ਰਿਹਾ ਹੈ। ਸਰਕਾਰੀ ਬੱਸਾਂ ਚਲਾਉਣ ਲਈ ਪੁਲੀਸ ਦੇ ਡਰਾਈਵਰਾਂ ਦੀ ਮਦਦ ਵੀ ਲਈ ਜਾ ਰਹੀ ਹੈ, ਪਰ ਫਿਰ ਵੀ ਕੰਮ ਨਹੀਂ ਚਲ ਰਿਹਾ। ਹੜਤਾਲ ਕਰ ਕੇ ਕੈਬ, ਟੈਕਸੀਆਂ ਅਤੇ ਪ੍ਰਾਈਵੇਟ ਬੱਸਾਂ ਵਾਲਿਆਂ ਦੀ ਚਾਂਦੀ ਹੈ।
ਝੋਨੇ ਦੀ ਕਟਾਈ ਦਾ ਸੀਜ਼ਨ ਹੋਣ ਕਰ ਕੇ ਬੱਸਾਂ ’ਚ ਮੁਸਾਫਰਾਂ ਦੀ ਗਿਣਤੀ ਘੱਟ ਹੈ, ਪਰ ਹੜਤਾਲ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਦਸਹਿਰੇ ਦਾ ਤਿਓਹਾਰ ਹੋਣ ਕਰਕੇ ਮੁਸਾਫ਼ਰਾਂ ਨੂੰ ਕੁਝ ਵੱਧ ਪ੍ਰੇਸ਼ਾਨੀ ਝੱਲਣੀ ਪਈ। ਮੁਲਾਜ਼ਮ ਆਗੂ ਧਰਮਵੀਰ ਹੁੱਡਾ ਨੇ ਕਿਹਾ ਕਿ ਸਰਕਾਰ ਨੇ ਕਈ ਮੁਲਾਜ਼ਮ ਆਗੂ ਵੱਖ ਵੱਖ ਕੇਸਾਂ ਤਹਿਤ ਜੇਲ੍ਹੀਂ ਡੱਕ ਦਿਤੇ ਹਨ ਜਦੋਂਕਿ ਪੌਣੇ ਤਿੰਨ ਸੌ ਮੁਲਾਜ਼ਮਾਂ ਦੀ ਛਾਂਟੀ ਕਰ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਮੁਲਾਜ਼ਮਾਂ ਦੇ ਹੌਸਲੇ ਪਸਤ ਕਰਨ ਵਿੱਚ ਨਕਾਮ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਇੰਨੇ ਯਤਨਾਂ ਦੇ ਬਾਵਜੂਦ ਚਾਰ ਹਜ਼ਾਰ ਬੱਸਾਂ ਵਿੱਚੋ ਢਾਈ ਸੌ ਬੱਸਾਂ ਵੀ ਚਲਾਉਣ ਵਿੱਚ ਸਫਲ ਨਹੀਂ ਹੋ ਸਕੀ। ਇਸ ਦੌਰਾਨ ਸਰਕਾਰ ਵੱਲੋਂ ਡਰਾਈਵਰਾਂ ਤੇ ਕੰਡਕਟਰਾਂ ਦੀ ਨਵੀਂ ਭਰਤੀ ਕੀਤੇ ਜਾਣ ਦੇ ਐਲਾਨ ਕਰਕੇ ਅੱਜ ਵੱਖ ਵੱਖ ਥਾਵਾਂ ਤੋਂ ਫਾਰਮ ਲੈਣ ਲਈ ਨੌਜਵਾਨਾਂ ਦੀਆਂ ਲਾਈਨਾਂ ਲੱਗੀਆਂ ਰਹੀਆਂ।