‘ਐਫ-ਬਾਰ’ ਕਾਂਡ: ਕਾਂਗਰਸ ਨੇ ਭਾਜਪਾ ਖ਼ਿਲਾਫ਼ ਖੋਲ੍ਹਿਆ ਮੋਰਚਾ

ਇਥੋਂ ਦੇ ਸੈਕਟਰ-26 ਸਥਿਤ ‘ਐਫ ਬਾਰ’ ਵਿਚ ਸੰਸਦ ਮੈਂਬਰ ਕਿਰਨ ਖੇਰ ਦੇ ਸਿਆਸੀ ਸਲਾਹਕਾਰ ਸਹਿਦੇਵ ਸਲਾਰੀਆ ਦੇ ਜਨਮ ਦਿਨ ਦੀ ਪਾਰਟੀ ਵਿੱਚ ਗੋਲੀਆਂ ਚਲਣ ਕਾਰਨ ਚਾਰ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਮੁੱਦਾ ਸਿਆਸੀ ਰੂਪ ਧਾਰ ਗਿਆ ਹੈ। ਗੋਲੀਬਾਰੀ ਦੀ ਇਹ ਘਟਨਾ ਦੋ ਦਿਨ ਪਹਿਲਾਂ ਵਾਪਰੀ ਸੀ। ਇਸੇ ਦੌਰਾਨ ਕਾਂਗਰਸ ਨੇ 24 ਨਵੰਬਰ ਨੂੰ ਸ਼ਹਿਰ ਵਿਚ 25 ਥਾਵਾਂ ’ਤੇ ਰੋਸ ਪ੍ਰਦਰਸ਼ਨ ਕਰਕੇ ਸ੍ਰੀ ਸਲਾਰੀਆ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਉਠਾਉਣ ਦਾ ਐਲਾਨ ਕੀਤਾ ਹੈ ਅਤੇ ਭਾਜਪਾ ਖੇਮੇ ਵਿਚ ਕਿਰਨ ਖੇਰ ਤੇ ਸਤਪਾਲ ਜੈਨ ਅਤੇ ਸੰਜੇ ਟੰਡਨ ਧੜਿਆਂ ਵਿਚ ਸਿਆਸੀ ਜੰਗ ਤੇਜ਼ ਹੋ ਗਈ ਹੈ। ਅੱਜ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ ਅਤੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੇ ਸੁਭਾਸ਼ ਚਾਵਲਾ, ਕੌਸਲਰ ਦਵਿੰਦਰ ਬਬਲਾ, ਰਵਿੰਦਰ ਕੌਰ ਗੁਜਰਾਲ ਤੇ ਸ਼ੀਲਾ ਫੂਲ ਸਿੰਘ, ਭੁਪਿੰਦਰ ਬਡਹੇੜੀ, ਐਚਐਸ ਲੱਕੀ, ਹਰਮੇਲ ਕੇਸਰੀ, ਜਤਿੰਦਰ ਭਾਟੀਆ ਤੇ ਅਜੇ ਜੋਸ਼ੀ ਸਮੇਤ ਮੀਡੀਆ ਦੇ ਰੂਬਰੂ ਹੁੰਦਿਆਂ ਦੋਸ਼ ਲਾਇਆ ਕਿ ਕਿਰਨ ਖੇਰ ਸਮੇਤ ਭਾਜਪਾ ਦੀ ਲੀਡਰਸ਼ਿਪ ਪੁਲੀਸ ਤੇ ਪ੍ਰਸ਼ਾਸਨ ਉਪਰ ਦਬਾਅ ਪਾ ਕੇ ਜਨਮ ਦਿਨ ਪਾਰਟੀ ਦੇ ਪ੍ਰਬੰਧਕ ਸਹਿਦੇਵ ਸਲਾਰੀਆ ਨੂੰ ਬਚਾਅ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਸਲਾਰੀਆ ਦਾ ਇਹ ਝੂਠ ਜੱਗ ਜ਼ਾਹਿਰ ਹੋ ਗਿਆ ਹੈ ਕਿ ਉਹ ਕੇਕ ਕੱਟ ਕੇ ਘਟਨਾ ਵਾਲੀ ਰਾਤ 19-20 ਨਵੰਬਰ ਨੂੰ ਬਾਰ ਵਿਚੋਂ ਚਲੇ ਗਏ ਸਨ ਅਤੇ ਗੋਲੀਆਂ ਬਾਅਦ ਵਿਚ ਚਲੀਆਂ ਹਨ। ਉਨ੍ਹਾਂ ਕਿਹਾ ਕਿ ਇਹ ਕਿਵੇਂ ਸੰਭਵ ਹੈ ਕਿ ਪਾਰਟੀ ਲਈ ਸੱਦਾ ਦੇਣ ਵਾਲਾ ਖ਼ੁਦ ਹੀ ਆਪਣੇ ਗੈਸਟਾਂ ਨੂੰ ਛੱਡ ਕੇ ਪਾਰਟੀ ਵਿਚੋਂ ਚਲਾ ਗਿਆ ਹੋਵੇ। ਉਨ੍ਹਾਂ ਕਿਹਾ ਕਿ ਇਹ ਵੀ ਸਾਫ ਹੋ ਚੁੱਕਾ ਹੈ ਕਿ ਸ੍ਰੀ ਸਲਾਰੀਆਂ ਨੇ ਹੀ ਬਾਰ ਦੇ ਸਟਾਫ ਨੂੰ ਹਦਾਇਤਾਂ ਦਿੱਤੀਆਂ ਸਨ ਕਿ ਉਨ੍ਹਾਂ ਦੇ ਗੈਸਟਾਂ ਦੀ ਤਲਾਸ਼ੀ ਨਾ ਲਈ ਜਾਵੇ। ਸ੍ਰੀ ਛਾਬੜਾ ਨੇ ਤਾਂ ਇਸ ਮਾਮਲੇ ਵਿਚ ਕਿਰਨ ਖੇਰ ਦਾ ਅਸਤੀਫਾ ਵੀ ਮੰਗ ਲਿਆ ਹੈ। ਸ੍ਰੀ ਬਾਂਸਲ ਅਤੇ ਸ੍ਰੀ ਛਾਬੜਾ ਨੇ ਸਵਾਲ ਕੀਤਾ ਕਿ ਜੇ ਸਬੂਤ ਮਿਟਾਉਣ ਦੇ ਦੋਸ਼ ਹੇਠ ਬਾਰ ਦੇ ਮਾਲਕ ਨੂੰ ਪੁਲੀਸ ਫੜ ਕੇ ਕੇਸ ਦਰਜ ਕਰ ਸਕਦੀ ਹੈ ਤਾਂ ਫਿਰ ਬਾਰ ਦੇ ਸਟਾਫ ਨੂੰ ਗੈਸਟਾਂ ਦੀ ਤਲਾਸ਼ੀ ਕਰਨ ਤੋਂ ਰੋਕਣ, ਪੁਲੀਸ ਨੂੰ ਘਟਨਾ ਦੀ ਸੂਚਨਾ ਨਾ ਦੇਣ ਅਤੇ ਗਲਤ ਬਿਆਨਬਾਜ਼ੀ ਕਰਨ ਦੇ ਦੋਸ਼ਾਂ ਹੇਠ ਸ੍ਰੀ ਸਲਾਰੀਆਂ ਨੂੰ ਕਿਉਂ ਬਖਸ਼ਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ 24 ਨਵੰਬਰ ਨੂੰ ਪਾਰਟੀ ਦੇ 25 ਬਲਾਕਾਂ ਵਿਚ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਜੇ ਫਿਰ ਵੀ ਸਲਾਰੀਆ ਵਿਰੁੱਧ ਕੇਸ ਦਰਜ ਨਾ ਕੀਤਾ ਗਿਆ ਤਾਂ ਪੁਲੀਸ ਹੈਡਕੁਆਰਟਰ ਦਾ ਘਿਰਾਓ ਕੀਤਾ ਜਾਵੇਗਾ। ਇਸੇ ਦੌਰਾਨ ਭਾਜਪਾ ਚੰਡੀਗੜ੍ਹ ਦੇ ਪ੍ਰਧਾਨ ਸੰਜੇ ਟੰਡਨ ਨੇ ਇਸ ਘਟਨਾ ਦੀ ਰਿਪੋਰਟ ਹਾਈ ਕਮਾਂਡ ਨੂੰ ਭੇਜ ਕੇ ਸ੍ਰੀ ਸਲਾਰੀਆ ਵਿਰੁੱਧ ਕਾਰਵਾਈ ਕਰਨ ਲਈ ਕਿਹਾ ਹੈ। ਇਸ ਦੇ ਵਿਰੋਧ ਵਿੱਚ ਮੇਅਰ ਦੇਵੇਸ਼ ਮੋਦਗਿਲ ਸਮੇਤ 11 ਕੌਂਸਲਰਾਂ ਨੇ ਹਾਈ ਕਮਾਂਡ ਤੋਂ ਸ੍ਰੀ ਟੰਡਨ ਨੂੰ ਪ੍ਰਧਾਨਗੀ ਤੋਂ ਲਾਹੁਣ ਦੀ ਮੰਗ ਕੀਤੀ ਹੈ।