ਏਮਜ਼ ਤੋਂ ਛੁੱਟੀ ਮਿਲਣ ਬਾਅਦ ਗੋਆ ਪੁੱਜੇ ਪਰੀਕਰ

ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ ਨਵੀਂ ਦਿੱਲੀ ਤੋਂ ਆਪਣੇ ਘਰ ਗੋਆ ਪੁੱਜ ਗਏ ਹਨ। ਨਵੀਂ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਉਹ ਜ਼ੇਰੇ ਇਲਾਜ ਸਨ ਜਿਥੋਂ ਅੱਜ ਛੁੱਟੀ ਮਿਲਣ ਤੋਂ ਬਾਅਦ ਉਹ ਵਿਸ਼ੇਸ਼ ਜਹਾਜ਼ ਰਾਹੀਂ ਗੋਆ ਲਈ ਰਵਾਨਾ ਹੋਏ। ਗੋਆ ਦੇ ਹਵਾਈ ਅੱਡੇ ’ਤੇ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਡੋਨਾ ਪਾਉਲਾ ਸਥਿਤ ਉਨ੍ਹਾਂ ਦੇ ਘਰ ਲਿਜਾਇਆ ਗਿਆ। ਉਨ੍ਹਾਂ ਦਾ ਜਹਾਜ਼ ਅੱਜ ਦੁਪਹਿਰ ਬਾਅਦ 2.25 ਵਜੇ ਦਬੋਲੀਅਮ ਹਵਾਈ ਅੱਡੇ ’ਤੇ ਪੁੱਜਿਆ ਅਤੇ ਜਲ ਸੈਨਾ ਦੇ ਹਵਾਈ ਅੱਡੇ ਤੋਂ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਉਨ੍ਹਾਂ ਦੇ ਘਰ ਲਿਜਾਇਆ ਗਿਆ। ਏਮਜ਼ ਤੋਂ ਮਿਲੀ ਜਾਣਕਾਰੀ ਅਨੁਸਾਰ ਸਵੇਰੇ ਉਨ੍ਹਾਂ ਦੀ ਸਿਹਤ ਵਿਗੜਨ ਕਰਕੇ ਉਨ੍ਹਾਂ ਨੂੰ ਆਈਸੀਯੂ ਵਿੱਚ ਤਬਦੀਲ ਕੀਤਾ ਗਿਆ ਸੀ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਛੁੱਟੀ ਦੇਣ ਦਾ ਫੈਸਲਾ ਕਰ ਲਿਆ। ਸੂਬੇ ਵੱਲੋਂ ਚਲਾਏ ਜਾ ਰਹੇ ਗੋਆ ਮੈਡੀਕਲ ਕਾਲਜ ਅਤੇ ਹਸਪਤਾਲ ਵੱਲੋਂ ਉਨ੍ਹਾਂ ਦੇ ਘਰ ਵਿੱਚ ਡਾਕਟਰਾਂ ਦੀ ਟੀਮ ਦਾ ਪ੍ਰਬੰਧ ਕੀਤਾ ਗਿਆ ਹੈ ਜੋ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖੇਗੀ। ਪਰੀਕਰ ਨੂੰ 15 ਸਤੰਬਰ ਨੂੰ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਸੀ।