ਏਟੀਐਮਜ਼ ਨੂੰ ਸੰਨ੍ਹ ਲਾਉਣ ਵਾਲੇ ਦੋ ਕੌਮਾਂਤਰੀ ਠੱਗ ਕਾਬੂ

ਚੰਡੀਗੜ੍ਹ ਪੁਲੀਸ ਦੀ ਅਪਰਾਧ ਸ਼ਾਖਾ ਨੇ ਟਰਾਈਸਿਟੀ ਦੇ ਏਟੀਐਮਜ਼ ਉਪਰ ਸਕਿਮਰ ਡਿਵਾਈਸ ਅਤੇ ਖੁਫ਼ੀਆ ਕੈਮਰੇ ਲਗਾ ਕੇ ਲੋਕਾਂ ਦੇ ਖਾਤਿਆਂ ਵਿਚੋਂ ਰਾਸ਼ੀਆਂ ਕਢਵਾਉਣ ਵਾਲੇ ਦੋ ਕੌਮਾਂਤਰੀ ‘ਠੱਗਾਂ’ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰੋਮਾਨੀਆ ਦੇ 37 ਸਾਲਾਂ ਦੇ ਮਿਸ਼ਲੇ ਲੈਸੀਆਂ ਲੋਨੋਟ ਅਤੇ ਪਰਾਚਿਵ ਜੌਰਜ ਐਲਟੈਂਜੂ ਵਜੋਂ ਹੋਈ ਹੈ।
ਮੁਲਜ਼ਮਾਂ ਕੋਲੋਂ ਵਿਗ ਅਤੇ ਟੋਪੀਆਂ ਮਿਲੀਆਂ ਹਨ, ਜਿਸ ਰਾਹੀਂ ਉਹ ਆਪਣਾ ਹੁਲੀਆ ਬਦਲ ਕੇ ਏਟੀਐਮਜ਼ ਵਿੱਚ ਜਾਂਦੇ ਸਨ। ਦੱਸਣਯੋਗ ਹੈ ਕਿ ਪਿੱਛਲੇ ਦਿਨਾਂ ਤੋਂ ਚੰਡੀਗੜ੍ਹ ਦੇ ਸੈਕਟਰ-17 ਤੇ ਮਨੀਮਾਜਰਾ ਅਤੇ ਮੋਹਾਲੀ ਆਦਿ ਦੇ ਏਟੀਐਮਜ਼ ਉਪਰ ਸਕਿਮਰ ਡਿਵਾਈਸ ਅਤੇ ਖੁਫ਼ੀਆ ਕੈਮਰੇ ਲਾ ਕੇ ਮੁਲਜ਼ਮ ਏਟੀਐਮ ਕਾਰਡਾਂ ਦਾ ਡਾਟਾ ਇਕੱਠਾ ਕਰਨ ਉਪਰੰਤ ਕਾਰਡਾਂ ਦੀ ਕਲੋਨਿੰਗ ਕਰਕੇ ਰਾਸ਼ੀ ਕਢਵਾਉਣ ਦੀ ਧੰਦਾ ਕਰਦੇ ਸਨ। ਇਸ ਗੈਂਗ ਨੂੰ ਅਪਰਾਧ ਸ਼ਾਖਾ ਦੇ ਇੰਚਾਰਜ ਇੰਸਪੈਕਟਰ ਅਮਨਜੋਤ ਸਿੰਘ ਦੀ ਅਗਵਾਈ ਹੇਠ ਕਾਬੂ ਕੀਤਾ ਗਿਆ ਹੈ ਹੈ। ਅਪਰੇਸ਼ਨ ਸੈੱਲ ਦੇ ਐਸਪੀ ਆਰਕੇ ਸਿੰਘ ਅਤੇ ਅਪਰਾਧ ਸ਼ਾਖਾ ਦੇ ਡੀਐਸਪੀ ਪਵਨ ਕੁਮਾਰ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਏਟੀਐਮਜ਼ ਨੂੰ ਸੰਨ੍ਹ ਲਾਉਣ ਵਾਲਿਆਂ ਦੀਆ ਤਸਵੀਰਾਂ ਸੀਸੀਟੀਵੀ ਕੈਮਰੇ ਵਿਚੋਂ ਮਿਲੀਆਂ ਸਨ। ਪੁਲੀਸ ਨੂੰ ਏਟੀਐਮਜ਼ ਤੋਂ ਹਾਸਲ ਹੋਏ ਡਿਵਾਈਸਾਂ ਤੋਂ ਸੰਕੇਤ ਮਿਲੇ ਸਨ ਕਿ ਮੁਲਜ਼ਮ ਰੋਮਾਨੀਆਂ ਨਾਲ ਸਬੰਧਤ ਹੋ ਸਕਦੇ ਹਨ। ਪੁਲੀਸ ਟੀਮ ਨੇ ਇਸ ਅਧਾਰ ’ਤੇ ਪਿਛਲੇ ਦਿਨਾਂ ਦੌਰਾਨ ਭਾਰਤ ਵਿੱਚ ਆਏ ਵਿਦੇਸ਼ੀਆਂ ਦੀ ਜਾਣਕਾਰੀ ਹਾਸਲ ਕੀਤੀ। ਇਸੇ ਦੌਰਾਨ ਜਾਣਕਾਰੀ ਮਿਲੀ ਕਿ ਦੋਵੇਂ ਮੁਲਜ਼ਮ ਇਥੇ ਸੈਕਟਰ-35 ਅਤੇ ਸੈਕਟਰ 43 ਦੇ ਹੋਟਲਾਂ ਵਿੱਚ ਰਹੇ ਹਨ। ਰਿਕਾਰਡ ਅਨੁਸਾਰ ਦੋਵੇਂ ਮੁਲਜ਼ਮ 7 ਅਗਸਤ ਨੂੰ ਹੋਟਲ ਛੱਡ ਕੇ ਚਲੇ ਗਏ ਸਨ। ਇਸ ਦੌਰਾਨ ਪੁਲੀਸ ਨੂੰ ਹੋਰ ਜਾਣਕਾਰੀ ਮਿਲੀ ਕਿ ਉਹ ਵਸੰਤ ਕੁੰਜ ਦਿੱਲੀ ਵਿੱਚ ਠਹਿਰੇ ਹਨ। ਫਿਰ ਅਪਰਾਧ ਸ਼ਾਖਾ ਨੇ ਦਿੱਲੀ ਦਸਤਖਤ ਦਿੱਤੀ ਅਤੇ ਉਥੋਂ ਦੇ ਇਕ ਹੋਟਲ ਤੋਂ ਦੋਵਾਂ ਨੂੰ ਕਾਬੂ ਕਰ ਲਿਆ। ਠੱਗਾਂ ਦੇ ਪਾਸਪੋਰਟਾਂ ਤੋਂ ਜਾਣਕਾਰੀ ਮਿਲੀ ਹੈ ਕਿ ਦੋਵੇਂ ਵਿਜ਼ਟਰ ਵੀਜ਼ਾ ’ਤੇ ਭਾਰਤ ਆਏ ਸਨ।
ਉਹ ਚੰਡੀਗੜ੍ਹ ਵਿੱਚ 2 ਅਗਸਤ ਨੂੰ ਏਟੀਐਮਜ਼ ਨੂੰ ਸੰਨ੍ਹਾਂ ਲਾਉਣ ਦੀ ਮਨਸ਼ਾ ਨਾਲ ਆਏ ਸਨ ਅਤੇ ਉਨ੍ਹਾਂ ਇਥੇ ਆਉਂਦਿਆਂ ਹੀ ਕਈ ਏਟੀਐਮਜ਼ ਉੱਤੇ ਸਕਿਮਰ ਡਿਵਾਈਸ ਤੇ ਖੁਫੀਆ ਕੈਮਰਾ ਫਿਟ ਕੀਤੇ ਸਨ। ਉਹ 2 ਤੋਂ 7 ਅਗਸਤ ਤਕ ਚੰਡੀਗੜ੍ਹ ਦੇ ਦੋ ਹੋਟਲਾਂ ਵਿੱਚ ਰਹੇ ਸਨ। ਉਹ ਡਿਵਾਈਸ ਰਾਹੀਂ ਲੋਕਾਂ ਦੇ ਏਟੀਐਮਜ਼ ਕਾਰਡ ਦਾ ਡਾਟਾ ਇਕੱਠਾ ਕਰਕੇ ਕਲੋਨ ਕੀਤੇ ਕਾਰਡਾਂ ਰਾਹੀਂ ਆਨਲਾਈਨ ਸ਼ਾਪਿੰਗ ਕਰਕੇ ਜਾਂ ਕੌਮਾਂਤਰੀ ਪੱਧਰ ’ਤੇ ਏਟੀਐਮਜ਼ ਵਿੱਚੋਂ ਰਾਸ਼ੀ ਕਢਵਾਉਣ ਦਾ ਕਥਿਤ ਧੰਦਾ ਕਰਦੇ ਸਨ। ਇੰਸਪੈਕਟਰ ਅਮਨਜੋਤ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅੱਜ ਡਿਊਟੀ ਮਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।