ਏਅਰ ਇੰਡੀਆ ਨੇ ਬੀਐੱਸਐੱਫ ਨੂੰ ਟੂਰਨਾਮੈਂਟ ’ਚੋਂ ਬਾਹਰ ਕੀਤਾ

ਏਅਰ ਇੰਡੀਆ ਮੁੰਬਈ ਦੇ ਅਭਾਰਨ ਸੁਧੇ ਦੇ ਤਿੰਨ ਗੋਲਾਂ ਦੀ ਬਦੌਲਤ ਬੀਐੱਸਐੱਫ ਜਲੰਧਰ ਨੂੰ 4-0 ਗੋਲਾਂ ਨਾਲ ਹਰਾ ਕੇ 35ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਵਿੱਚੋਂ ਬਾਹਰ ਕਰ ਦਿੱਤਾ। ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਚੱਲ ਰਹੇ ਟੂਰਨਾਮੈਂਟ ਦੇ ਪੰਜਵੇਂ ਦਿਨ ਦੋ ਮੈਚ ਖੇਡੇ ਗਏ। ਦੂਜੇ ਮੈਚ ਵਿੱਚ ਆਰਮੀ ਇਲੈਵਨ ਨੇ ਇੰਡੀਅਨ ਆਇਲ ਮੁੰਬਈ ਨੂੰ 2-1 ਗੋਲਾਂ ਨਾਲ ਹਰਾ ਕੇ ਆਪਣੀ ਸੈਮੀ ਫਾਈਨਲ ਦੀ ਆਸ ਨੂੰ ਜਗਾਈ ਰੱਖਿਆ।
ਪਹਿਲੇ ਮੈਚ ਵਿੱਚ ਏਅਰ ਇੰਡੀਆ ਮੁੰਬਈ ਨੇ ਬੇਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ। ਏਅਰ ਇੰਡੀਆ ਵੱਲੋਂ ਮੈਚ ਦੇ ਨੌਵੇਂ ਮਿੰਟ ਵਿੱਚ ਅਭਾਰਨ ਸੁਧੇ ਨੇ ਮੈਦਾਨੀ ਗੋਲ ਕਰਕੇ ਖਾਤਾ ਖੋਲ੍ਹਿਆ। 18ਵੇਂ ਮਿੰਟ ਵਿੱਚ ਏਅਰ ਇੰਡੀਆ ਦੇ ਸ਼ਵਿੰਦਰ ਸਿੰਘ ਨੇ ਗੋਲ ਕਰਕੇ ਲੀਡ ਦੁੱਗਣੀ ਕਰ ਦਿੱਤੀ। ਅੱਧੇ ਸਮੇਂ ਤੱਕ ਏਅਰ ਇੰਡੀਆ ਦੋ ਗੋਲਾਂ ਨਾਲ ਅੱਗੇ ਸੀ। ਅੱਧੇ ਸਮੇਂ ਤੋਂ ਬਾਅਦ ਏਅਰ ਇੰਡੀਆ ਦੇ ਅਭਾਰਨ ਸੁਧੇ ਨੇ 42ਵੇਂ ਅਤੇ 62ਵੇਂ ਮਿੰਟ ਵਿੱਚ ਦੋ ਗੋਲ ਕਰਕੇ ਸਕੋਰ 4-0 ਕਰਕੇ ਪਹਿਲੀ ਜਿੱਤ ਦਰਜ ਕਰਦੇ ਹੋਏ ਆਪਣੇ ਖਾਤੇ ਵਿੱਚ ਤਿੰਨ ਅੰਕ ਜਮ੍ਹਾਂ ਕਰ ਲਏ। ਪੂਲ ‘ਸੀ’ ਵਿੱਚ ਲੀਗ ਦੇ ਦੋਵੇਂ ਮੈਚ ਹਾਰ ਕੇ ਬੀਐੱਸਐੱਫ ਟੂਰਨਾਮੈਂਟ ’ਚੋਂ ਬਾਹਰ ਹੋ ਗਈ। ਇਸ ਤੋਂ ਪਹਿਲਾਂ ਬੀਐੱਸਐੱਫ ਨੂੰ ਓਐਨਜੀਸੀ ਨੇ ਹਰਾਇਆ ਸੀ।
ਦੂਜਾ ਮੈਚ ਇੰਡੀਅਨ ਆਇਲ ਮੁੰਬਈ ਅਤੇ ਆਰਮੀ ਇਲੈਵਨ ਵਿਚਾਲੇ ਕਾਫੀ ਸੰਘਰਸ਼ਪੂਰਨ ਰਿਹਾ। ਖੇਡ ਦੇ ਪਹਿਲੇ ਅੱਧ ਵਿੱਚ ਦੋਵੇਂ ਟੀਮਾਂ ਕੋਈ ਵੀ ਗੋਲ ਨਹੀਂ ਸਕੀਆਂ। ਅੱਧੇ ਸਮੇਂ ਮਗਰੋਂ ਇੰਡੀਅਨ ਆਇਲ ਨੇ ਹਮਲਾਵਰ ਖੇਡ ਵਿਖਾਈ ਅਤੇ ਕੌਮਾਂਤਰੀ ਖਿਡਾਰੀ ਤਲਵਿੰਦਰ ਸਿੰਘ ਨੇ 44ਵੇਂ ਮਿੰਟ ਵਿੱਚ ਮੈਦਾਨੀ ਗੋਲ ਦਾਗ਼ ਕੇ ਸਕੋਰ 1-0 ਕੀਤਾ। 55ਵੇਂ ਮਿੰਟ ਵਿੱਚ ਆਰਮੀ ਇਲੈਵਨ ਦੇ ਚੰਦਨ ਇੰਦ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਬਰਾਬਰੀ ਕੀਤੀ। ਖੇਡ ਦੇ 64ਵੇਂ ਮਿੰਟ ਵਿੱਚ ਆਰਮੀ ਦੇ ਚੰਦਨ ਇੰਦ ਨੇ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਬਦਲ ਕੇ ਆਪਣੀ ਟੀਮ ਲਈ ਲੀਡ 2-1 ਕੀਤੀ। ਇਹ ਸਕੋਰ ਤੈਅ ਸਮੇਂ ਦੀ ਸਮਾਪਤੀ ਤੱਕ ਰਿਹਾ।