ਉਸਾਰੀ ਅਧੀਨ ਫਲਾਈਓਵਰ ਦੀ ਸਲੈਬ ਡਿੱਗੀ, ਮਜ਼ਦੂਰ ਜ਼ਖ਼ਮੀ

ਬਸਤੀ ਜ਼ਿਲ੍ਹੇ ਦੇ ਫੁਟੱਈਆ ਚੌਰਾਹੇ ਵਿੱਚ ਉਸਾਰੀ ਅਧੀਨ ਫਲਾਈਓਵਰ ਦੀ ਇਕ ਸਲੈਬ ਡਿੱਗਣ ਕਾਰਨ ਇਕ ਮਜ਼ਦੂਰ ਜ਼ਖ਼ਮੀ ਹੋ ਗਿਆ।
ਬਸਤੀ ਦੇ ਜ਼ਿਲ੍ਹਾ ਮੈਜਿਸਟਰੇਟ ਰਾਜ ਸ਼ੇਖਰ ਨੇ ਦੱਸਿਆ ਕਿ ਜ਼ਖ਼ਮੀ ਮਜ਼ਦੂਰ ਰਾਤ ਦੀ ਡਿਊਟੀ ’ਤੇ ਸੀ ਜਿਸ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਸਥਾਨਕ ਪ੍ਰਸ਼ਾਸਨ ਨੇ ਮਜ਼ਦੂਰਾਂ ਦਾ ਪ੍ਰਬੰਧ ਕਰਨ ਵਾਲੇ ਠੇਕੇਦਾਰ ਨਾਲ ਗੱਲਬਾਤ ਕੀਤੀ ਹੈ,ਜਿਸ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਕੋਈ ਹੋਰ ਜ਼ਖ਼ਮੀ ਨਹੀਂ ਹੋਇਆ ਹੈ। ਜਾਣਕਾਰੀ ਅਨੁਸਾਰ ਇਸ ਹਾਦਸੇ ਕਾਰਨ ਕੁਝ ਦੇਰ ਲਈ ਆਵਾਜਾਈ ਵਿੱਚ ਵਿਘਨ ਪਿਆ, ਜਿਸ ਨੂੰ ਬੈਰੀਕੇਡ ਲਗਾ ਕੇ ਬਹਾਲ ਕਰ ਦਿੱਤਾ ਗਿਆ। ਇਸ ਘਟਨਾ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਖ਼ਮੀ ਦੇ ਇਲਾਜ ਲਈ ਹਰ ਸੰਭਵ ਮਦਦ ਮੁਹੱਈਆ ਕਰਾਉਣ ਦੇ ਨਾਲ ਨਾਲ ਸੁਚਾਰੂ ਟਰੈਫਿਕ ਬਹਾਲੀ ਅਤੇ ਅਜਿਹੀ ਘਟਨਾਵਾਂ ਰੋਕਣ ਲਈ ਕਦਮ ਚੁੱਕਣ ਲਈ ਕਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਕੌਮੀ ਸ਼ਾਹਰਾਹ ਅਥਾਰਟੀ ਆਫ ਇੰਡੀਆ ਦੇ ਪ੍ਰਾਜੈਕਟ ਡਾਇਰੈਕਟਰ ਨੂੰ ਇਹ ਮਾਮਲਾ ਦੇਖਣ ਅਤੇ ਲੋੜੀਂਦੇ ਕਦਮ ਚੁੱਕਣ ਲਈ ਕਿਹਾ ਹੈ।