ਉਪੇਂਦਰ ਕੁਸ਼ਵਾਹਾ ਕਾਂਗਰਸ ਦੀ ਅਗਵਾਈ ਹੇਠਲੇ ਯੂਪੀਏ ਵਿੱਚ ਸ਼ਾਮਲ

ਐਨਡੀਏ ਛੱਡਣ ਦੇ 10 ਕੁ ਦਿਨਾਂ ਮਗਰੋਂ ਹੀ ਰਾਸ਼ਟਰੀ ਲੋਕ ਸਮਤਾ ਪਾਰਟੀ (ਆਰਐਲਐਸਪੀ) ਮੁਖੀ ਉਪੇਂਦਰ ਕੁਸ਼ਵਾਹਾ ਵੀਰਵਾਰ ਨੂੰ ਕਾਂਗਰਸ ਦੀ ਅਗਵਾਈ ਹੇਠਲੇ ਗੱਠਜੋੜ ਯੂਪੀਏ ’ਚ ਸ਼ਾਮਲ ਹੋ ਗਏ। ਕੁਸ਼ਵਾਹਾ ਬਿਹਾਰ ’ਚ ਵਿਰੋਧੀ ਪਾਰਟੀਆਂ ਦੇ ਮਹਾਂਗਠਜੋੜ ’ਚ ਸ਼ਾਮਲ ਹੋ ਗਏ ਹਨ। ਇਸ ਦਾ ਐਲਾਨ ਅੱਜ ਆਲ ਇੰਡੀਆ ਕਾਂਗਰਸ ਕਮੇਟੀ ਸਦਰਮੁਕਾਮ ’ਤੇ ਪ੍ਰੈੱਸ ਕਾਨਫਰੰਸ ਕਰਕੇ ਕੀਤਾ ਗਿਆ। ਇਸ ਮੌਕੇ ਸੀਨੀਅਰ ਕਾਂਗਰਸ ਆਗੂ ਅਹਿਮਦ ਪਟੇਲ, ਕਾਂਗਰਸ ਦੇ ਪ੍ਰਦੇਸ਼ ਮਾਮਲਿਆਂ ਬਾਰੇ ਇੰਚਾਰਜ ਸ਼ਕਤੀਸਿੰਘ ਗੋਹਿਲ, ਰਾਸ਼ਟਰੀ ਜਨਤਾ ਦਲ ਆਗੂ ਤੇਜਸਵੀ ਯਾਦਵ ਅਤੇ ਸ਼ਰਦ ਯਾਦਵ ਵੀ ਹਾਜ਼ਰ ਸਨ। ਸਾਬਕਾ ਕੇਂਦਰੀ ਮੰਤਰੀ ਕੁਸ਼ਵਾਹਾ ਨੇ ਕਾਂਗਰਸ ਆਗੂਆਂ ਨਾਲ ਗੱਲਬਾਤ ਮਗਰੋਂ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ (ਯੂਪੀਏ) ’ਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ। ਕੁਸ਼ਵਾਹਾ ਦੇ ਯੂਪੀਏ ’ਚ ਸ਼ਾਮਲ ਹੋਣ ਨਾਲ ਬਿਹਾਰ ’ਚ ਮਹਾਂ ਗੱਠਜੋੜ ਨੂੰ ਹੁਲਾਰਾ ਮਿਲਿਆ ਹੈ ਅਤੇ ਉਹ ਭਾਰਤੀ ਜਨਤਾ ਪਾਰਟੀ-ਜਨਤਾ ਦਲ (ਯੂ)-ਲੋਕ ਜਨਸ਼ਕਤੀ ਪਾਰਟੀ ਨੂੰ ਟੱਕਰ ਦੇਵੇਗਾ। ਮੀਡੀਆ ਨੂੰ ਸੰਬੋਧਨ ਕਰਦਿਆਂ ਸ੍ਰੀ ਕੁਸ਼ਵਾਹਾ ਨੇ ਕਿਹਾ ਕਿ ਉਹ ਸਮਾਜਿਕ ਨਿਆਂ ਦਾ ਮੁੱਦਾ ਲਗਾਤਾਰ ਉਠਾ ਰਹੇ ਸਨ ਪਰ ਉਨ੍ਹਾਂ ਦੀ ਪਾਰਟੀ ਨੂੰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਮਜ਼ੋਰ ਬਣਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਤੋਂ ਨਿਤੀਸ਼ ਕੁਮਾਰ ਨੂੰ ਇਸ ਕੰਮ ਲਈ ਸਹਾਇਤਾ ਮਿਲ ਰਹੀ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ’ਚ ਚੋਣ ਪ੍ਰਚਾਰ ਦੌਰਾਨ ਬਿਹਾਰ ਦੇ ਲੋਕਾਂ ਨਾਲ ਸਿੱਖਿਆ, ਰੁਜ਼ਗਾਰ ਅਤੇ ਸਿਹਤ ਸੰਭਾਲ ਸਮੇਤ ਹੋਰ ਵਾਅਦੇ ਕੀਤੇ ਸਨ ਪਰ ਉਹ ਵਾਅਦੇ ਪੂਰੇ ਕਰਨ ’ਚ ਹਰ ਮੁਹਾਜ਼ ’ਤੇ ਨਾਕਾਮ ਰਹੇ। ‘ਉਨ੍ਹਾਂ ਦੀ ‘ਕਥਨੀ ਅਤੇ ਕਰਨੀ’ ’ਚ ਬਹੁਤ ਫਰਕ ਹੈ।’ ਸ੍ਰੀ ਕੁਸ਼ਵਾਹਾ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਸੋਹਲੇ ਗਾਏ ਅਤੇ ਕਿਹਾ ਕਿ ਉਨ੍ਹਾਂ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ’ਚ ਸਰਕਾਰਾਂ ਬਣਦੇ ਸਾਰ ਹੀ ਕਿਸਾਨਾਂ ਦੇ ਕਰਜ਼ਿਆਂ ’ਤੇ ਲਕੀਰ ਮਾਰ ਦਿੱਤੀ। ਤੇਜਸਵੀ ਯਾਦਵ ਨੇ ਕਿਹਾ ਕਿ ਭਾਜਪਾ ਨੂੰ ਭਾਈਵਾਲ ਛੱਡਦੇ ਜਾ ਰਹੇ ਹਨ ਅਤੇ ਮੁਲਕ ’ਚ ‘ਮਹਾਂ ਗਠਜੋੜ’ ਬਣ ਕੇ ਰਹੇਗਾ ਜੋ ਐਨਡੀਏ ਨੂੰ ਸੱਤਾ ਤੋਂ ਲਾਂਭੇ ਕਰੇਗਾ।