ਈਸਾਈ ਸਾਧਵੀ ਬਲਾਤਕਾਰ: ਪੁਲੀਸ ਜਾਂਚ ’ਤੇ ਹਾਈ ਕੋਰਟ ਵੱਲੋਂ ਤਸੱਲੀ ਦਾ ਪ੍ਰਗਟਾਵਾ

ਕੇਰਲਾ ਹਾਈ ਕੋਰਟ ਨੇ ਇੱਕ ਰੋਮਨ ਕੈਥੋਲਿਕ ਬਿਸ਼ਪ ਵੱਲੋਂ ਈਸਾਈ ਸਾਧਵੀ ਨਾਲ ਕੀਤੇ ਬਲਾਤਕਾਰ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਕੀਤੀ ਜਾ ਰਹੀ ਜਾਂਚ ਉੱਤੇ ਵੀਰਵਾਰ ਨੂੰ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ।
ਇਹ ਪ੍ਰਗਟਾਵਾ ਕੇਰਲਾ ਹਾਈ ਕੋਰਟ ਦੇ ਚੀਫ ਜਸਟਿਸ ਰਿਸ਼ੀਕੇਸ਼ ਰੇਅ ਅਤੇ ਜਸਟਿਸ ਏਕੇ ਜਯਾਸ਼ੰਕਰਨ ਨਾਂਬੀਆਰ ਦੀ ਅਦਾਲਤ ਨੇ ਜਲੰਧਰ ਡਾਇਓਸਿਸ ਬਿਸ਼ਪ ਫਰੈਂਕੋ ਮੁਲੱਕਲ ਵਿਰੁੱਧ ਕੇਸ ਵਿੱਚ ਕੀਤੀ ਜਾਰ ਰਹੀ ਜਾਂਚ ਸਬੰਧੀ ਤਿੰਨ ਵੱਖ ਵੱਖ ਪਟੀਸ਼ਨਾਂ ਦੀ ਚੱਲ ਰਹੀ ਸੁਣਵਾਈ ਦੌਰਾਨ ਕੀਤਾ। ਪਟੀਸ਼ਨਾਂ ਵਿੱਚ ਦੋਸ਼ ਲਾਇਆ ਗਿਆ ਸੀ ਕਿ ਬਿਸ਼ਪ ਮੁਲੱਕਲ ਵਿਰੁੱਧ ਜਾਂਚ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਹੋ ਰਹੀ। ਇੱਕ ਪਟੀਸ਼ਨਰ ਨੇ ਇਸ ਮਾਮਲੇ ਵਿੱਚ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਅਦਾਲਤ ਨੇ ਪਟੀਸ਼ਨਰਾਂ ਨੂੰ ਸਾਧਵੀ ਦੀ ਤਰ੍ਹਾਂ ਥੋੜ੍ਹਾ ਸਬਰ ਰੱਖਣ ਲਈ ਕਹਿੰਦਿਆਂ ਕਿਹਾ ਕਿ ਪੁਲੀਸ ਜਾਂਚ ਟੀਮ ਵੱਲੋਂ 19 ਸਤੰਬਰ ਨੂੰ ਬਿਸ਼ਪ ਕੋਲੋਂ ਪੁੱਛਗਿੱਛ ਬਾਅਦ ਪਟੀਸ਼ਨਾਂ ਉੱਤੇ ਸੁਣਵਾਈ ਕੀਤੀ ਜਾਵੇਗੀ। 10 ਸਤੰਬਰ ਨੂੰ ਅਦਾਲਤ ਨੇ ਪੁਲੀਸ ਵੱਲੋਂ ਸਾਧਵੀ ਦੀ ਸੁਰੱਖਿਆ ਸਬੰਧੀ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਮੰਗੀ ਸੀ।
ਅੱਜ ਪਟੀਸ਼ਨਾਂ ਉੱਤੇ ਚਰਚਾ ਕਰਦਿਆਂ ਅਦਾਲਤ ਨੇ ਕਿਹਾ ਕਿ ਜੇ ਕਾਹਲੀ ਵਿੱਚ ਜਾਂਚ ਕੀਤੀ ਜਾਂਦੀ ਹੈ ਤਾਂ ਮੁਲਜ਼ਮ ਸਾਫ ਬਚ ਨਿਕਲੇਗਾ। ਇਸ ਤੋਂ ਪਹਿਲਾਂ ਡਾਇਰੈਕਟਰ ਜਨਰਲ ਪ੍ਰੌਸੀਕਿਉੂਸ਼ਨ ਅਦਾਲਤ ਨੂੰ ਜਾਂਚ ਰਿਪੋਰਟ ਸੌਂਪ ਚੁੱਕੇ ਹਨ।