ਜ਼ਿਲ੍ਹਾ ਮਾਨਸਾ ਦੇ ਪਿੰਡ ਦੋਦੜਾ ਦੇ ਖਰੀਦ ਕੇਂਦਰ ਵਿੱਚ ਝੋਨੇ ਦੀ ਖਰੀਦ ਨੂੰ ਲੈ ਕੇ ਵੇਅਰਹਾਊਸ ਦੇ ਇੱਕ ਇੰਸਪੈਕਟਰ ਗੁਰਮੀਤ ਸਿੰਘ ਦੀ ਦੋ ਆੜ੍ਹਤੀਆਂ ਵੱਲੋਂ ਕੁੱਟਮਾਰ ਕਰਨ ਦੇ ਰੋਸ ਵਜੋਂ ਅੱਜ ਪੂਰੇ ਜ਼ਿਲ੍ਹੇ ਵਿੱਚ ਰਾਜ ਦੀਆਂ ਸਾਰੀਆਂ ਖਰੀਦ ਏਜੰਸੀਆਂ ਵੱਲੋਂ ਝੋਨੇ ਦੀ ਖਰੀਦ ਬੰਦ ਕਰ ਦਿੱਤੀ ਗਈ। ਭਾਵੇਂ ਕੁੱਟਮਾਰ ਕਰਨ ਵਾਲੇ ਦੋਵਾਂ ਆੜ੍ਹਤੀਆਂ ਉਪਰ ਸਦਰ ਬੁਢਲਾਡਾ ਪੁਲੀਸ ਸਟੇਸ਼ਨ ਵਿੱਚ ਕੇਸ ਦਰਜ ਹੋ ਗਿਆ ਹੈ, ਪਰ ਖਰੀਦ ਏਜੰਸੀਆਂ ਦੀਆਂ ਜਥੇਬੰਦੀਆਂ ਵੱਲੋਂ ਭਲਕੇ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੂੰ ਮਿਲਣ ਤੋਂ ਬਾਅਦ ਹੀ ਕੰਮਕਾਜ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ। ਜਥੇਬੰਦਕ ਤੌਰ ‘ਤੇ ਦੱਸਿਆ ਗਿਆ ਹੈ ਕਿ ਝੋਨੇ ਦੀ ਖਰੀਦ ਨਾਲ ਸਬੰਧਤ ਕੋਈ ਵੀ ਕੰਮ-ਕਾਜ ਅੱਜ ਪੂਰੇ ਜ਼ਿਲ੍ਹੇ ਦੇ 116 ਖਰੀਦ ਕੇਂਦਰਾਂ ਵਿੱਚ ਰੋਸ ਵਜੋਂ ਨਹੀਂ ਕੀਤਾ ਗਿਆ। ਇਸ ਵੇਲੇ ਸਿਵਲ ਹਸਪਤਾਲ ਬੁਢਲਾਡਾ ਵਿੱਚ ਦਾਖਲ ਕੁੱਟਮਾਰ ਦਾ ਸ਼ਿਕਾਰ ਹੋਏ ਵੇਅਰਹਾਊਸ ਦੇ ਇੰਸਪੈਕਟਰ ਗੁਰਮੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਜਦੋਂ ਝੋਨੇ ਦੀ ਖਰੀਦ ਸਬੰਧੀ ਪਿੰਡ ਦੋਦੜਾ ਦੇ ਸੈਂਟਰ ਗਏ ਤਾਂ ਉੱਥੇ ਜਿਣਸ ਵਿਕਣਯੋਗ ਨਾ ਹੋਣ ਕਾਰਨ ਉਸ ਨਾਲ ਆੜ੍ਹਤੀਆਂ ਵੱਲੋਂ ਬਹਿਸ ਕੀਤੀ ਗਈ, ਜਿਸ ਤੋਂ ਬਾਅਦ ਜਬਰੀ ਬੋਲੀ ਲਾਉਣ ਲਈ ਦੋ ਆੜ੍ਹਤੀਆਂ ਰਾਜ ਕੁਮਾਰ ਅਤੇ ਰਮੇਸ਼ ਕੁਮਾਰ ਸਮੇਤ 5-6 ਹੋਰ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦੀ ਸਭ ਦੇ ਸਾਹਮਣੇ ਕੁੱਟਮਾਰ ਕੀਤੀ ਗਈ। ਉਨ੍ਹਾਂ ਕਿਹਾ ਕਿ ਉਸ ਨੂੰ ਉੱਥੇ ਮੌਜੂਦ ਕੁਝ ਲੋਕਾਂ ਵੱਲੋਂ ਛੁਡਵਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਬਾਅਦ ਵਿੱਚ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਸਰਕਾਰੀ ਹਸਪਤਾਲ ਬੁਢਲਾਡਾ ਦਾਖਲ ਕਰਵਾਇਆ ਗਿਆ।ਇਸ ਕੁੱਟਮਾਰ ਦੇ ਰੋਸ ਵਜੋਂ ਵੇਅਰਹਾਊਸ, ਪੰਜਾਬ ਐਗਰੋ, ਮਾਰਕਫੈੱਡ, ਪਨਗਰੇਨ ਅਤੇ ਪਨਸਪ ਦੀਆਂ ਮੁਲਾਜ਼ਮ ਜਥੇਬੰਦੀਆਂ ਵੱਲੋਂ ਅੱਜ ਝੋਨੇ ਦੀ ਖਰੀਦ ਵਾਲੇ ਕਾਰਜ ਰੋਸ ਵਜੋਂ ਬੰਦ ਕਰ ਦਿੱਤੇ ਗਏ। ਸਮੂਹ ਖਰੀਦ ਏਜੰਸੀਆਂ ਅਤੇ ਤਾਲਮੇਲ ਕਮੇਟੀ ਪੰਜਾਬ ਦੇ ਐਗਜੈਕਟਿਵ ਮੈਂਬਰ ਹਰਪਾਲ ਸਿੰਘ ਸਿੱਧੂ, ਦਰਸ਼ਨ ਸਿੰਘ ਵੇਅਰਹਾਊਸ ਪ੍ਰਧਾਨ ਜ਼ਿਲ੍ਹਾ ਮਾਨਸਾ ਅਤੇ ਜਗਦੇਵ ਸਿੰਘ ਪਨਗਰੇਨ ਪ੍ਰਧਾਨ ਜ਼ਿਲ੍ਹਾ ਮਾਨਸਾ ਨੇ ਕਿਹਾ ਕਿ ਖਰੀਦ ਕੇਂਦਰਾਂ ਅੰਦਰ ਸ਼ਰਾਰਤੀ ਅਨਸਰਾਂ ਵੱਲੋਂ ਸਰਕਾਰੀ ਅਧਿਕਾਰੀਆਂ ਦੇ ਕੰੰਮਕਾਜ ਵਿੱਚ ਦਖਲ ਦੇ ਕੇ ਕੁੱਟਮਾਰ ਕਰਨਾ ਬਹੁਤ ਹੀ ਮੰਦਭਾਗੀ ਘਟਨਾ ਹੈ। ਥਾਣਾ ਸਦਰ ਦੇ ਸਹਾਇਕ ਥਾਣੇਦਾਰ ਸੇਵਕ ਸਿੰਘ ਨੇ ਦੱਸਿਆ ਕਿ ਖਰੀਦ ਏਜੰਸੀ ਦੇ ਇੰਸਪੈਕਟਰ ਗੁਰਮੀਤ ਸਿੰਘ ਦੇ ਬਿਆਨਾਂ ‘ਤੇ ਆੜ੍ਹਤੀ ਰਾਜ ਕੁਮਾਰ ਅਤੇ ਰਮੇਸ਼ ਕੁਮਾਰ ਸਮੇਤ ਪੰਜ-ਛੇ ਹੋਰ ਵਿਅਕਤੀਆਂ ਖਿਲਾਫ਼ ਧਾਰਾ 332, 353, 186, 506, 148, 149 ਤੇ 120ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ।
INDIA ਇੰਸਪੈਕਟਰ ਦੀ ਕੁੱਟਮਾਰ ਦੇ ਰੋਸ ਵਜੋਂ ਝੋਨੇ ਦੀ ਖਰੀਦ ਬੰਦ