ਇਮਰਾਨ ਦੇ ਹਲਫ਼ਦਾਰੀ ਸਮਾਗਮ ਲਈ ਸਿੱਧੂ ਪਾਕਿ ਪੁੱਜੇ

ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਹਲਫ਼ਦਾਰੀ ਸਮਾਗਮ ’ਚ ਹਿੱਸਾ ਲੈਣ ਲਈ ਇਸਲਾਮਾਬਾਦ ਪਹੁੰਚ ਗਏ ਹਨ। ਉਹ ਭਲਕੇ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ’ਚ ਹਿੱਸਾ ਲੈਣਗੇ। ਪਾਕਿਸਤਾਨ ਮੀਡੀਆ ਅਨੁਸਾਰ ਨਵਜੋਤ ਸਿੱਧੂ ਦਾ ਲਾਹੌਰ ਵਿੱਚ ਨਿੱਘਾ ਸਵਾਗਤ ਕੀਤਾ ਗਿਆ।
ਅੰਮਿ੍ਰਤਸਰ ਤੋਂ ਅੱਜ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰ ਸੰਮੇਲਨ ਵਿੱਚ ਉਨ੍ਹਾਂ ਖੁਲਾਸਾ ਕੀਤਾ ਕਿ ਇਮਰਾਨ ਖਾਨ ਉਨ੍ਹਾਂ ਦੇ ਪੁਰਾਣੇ ਮਿੱਤਰ ਹਨ। ਉਨ੍ਹਾਂ ਨਾਲ ਕ੍ਰਿਕਟ ਦੇ ਦੌਰ ਦੀ ਪੁਰਾਣੀ ਸਾਂਝ ਹੈ ਅਤੇ ਇਸੇ ਸਾਂਝ ਦੇ ਹਵਾਲੇ ਨਾਲ ਇਮਰਾਨ ਖਾਨ ਨੇ ਉਨ੍ਹਾਂ ਨੂੰ ਆਪਣੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਿਆ ਹੈ। ਉਹ ਇਮਰਾਨ ਵਾਸਤੇ ਪਸ਼ਮੀਨੇ ਦੀ ਸ਼ਾਲ ਦੋਸਤੀ ਦੀ ਨਿਸ਼ਾਨੀ ਵਜੋਂ ਲਿਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਰਵਾਨਗੀ ਤੋਂ ਪਹਿਲਾਂ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਇਸ ਯਾਤਰਾ ਸਬੰਧੀ ਲੋੜੀਂਦੀ ਪ੍ਰਵਾਨਗੀ ਮਿਲ ਚੁੱਕੀ ਹੈ ਅਤੇ ਪਾਕਿਸਤਾਨ ਵੱਲੋਂ ਵੀਜ਼ਾ ਵੀ ਮਿਲ ਗਿਆ ਹੈ। ਇਹ ਵੀਜ਼ਾ 15 ਦਿਨਾਂ ਵਾਸਤੇ ਲਾਹੌਰ ਤੇ ਇਸਲਾਮਾਬਾਦ ਲਈ ਹੈ। ਉਹ ਇੱਥੋਂ ਅਟਾਰੀ ਵਾਹਗਾ ਸਰਹੱਦ ਰਸਤਿਓਂ ਲਾਹੌਰ ਗਏ ਹਨ ਅਤੇ ਲਾਹੌਰ ਹਵਾਈ ਅੱਡੇ ਤੋਂ ਇਸਲਾਮਾਬਾਦ ਲਈ ਰਵਾਨਾ ਹੋਣਗੇ। ਉਨ੍ਹਾਂ ਆਖਿਆ ਕਿ ਉਹ ਦੋਵਾਂ ਮੁਲਕਾਂ ਵਿਚਾਲੇ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਕਰਨ, ਵਪਾਰਕ ਰਿਸ਼ਤਿਆਂ ਵਿੱਚ ਮਜ਼ਬੂਤੀ ਲਿਆਉਣ ਅਤੇ ਅਮਨ ਸ਼ਾਂਤੀ ਤੇ ਪਿਆਰ ਦਾ ਸੁਨੇਹਾ ਲੈ ਕੇ ਉਹ ਪਾਕਿਸਤਾਨ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਬਣਨ ਨਾਲ ਪਾਕਿਸਤਾਨ ਦੇ ਲੋਕਾਂ ਵਿੱਚ ਤਬਦੀਲੀ ਦੀ ਵੱਡੀ ਉਮੀਦ ਹੈ ਅਤੇ ਉਹ ਖੁਸ਼ਕਿਸਮਤ ਹਨ ਕਿ ਉਹ ਇਸ ਇਤਿਹਾਸ ਦਾ ਹਿੱਸਾ ਬਣਨ ਲਈ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਮਰਾਨ ਖਾਨ ਵੱਲੋਂ ਬਤੌਰ ਪ੍ਰਧਾਨ ਮੰਤਰੀ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਸੀ।