ਆਲੋਕ ਵਰਮਾ ਨੇ ਸੀਵੀਸੀ ਅੱਗੇ ਰੱਖਿਆ ਆਪਣਾ ਪੱਖ

ਸੀਬੀਆਈ ਦੇ ਡਾਇਰੈਕਟਰ ਆਲੋਕ ਵਰਮਾ ਨੇ ਵੀਰਵਾਰ ਨੂੰ ਕੇਂਦਰੀ ਵਿਜੀਲੈਂਸ ਕਮਿਸ਼ਨਰ ਕੇ ਵੀ ਚੌਧਰੀ ਨਾਲ ਮੁਲਾਕਾਤ ਕੀਤੀ ਤੇ ਆਪਣੇ ਡਿਪਟੀ, ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਵਲੋਂ ਉਨ੍ਹਾਂ ਖ਼ਿਲਾਫ਼ ਲਗਾਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਖੰਡਨ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀ ਵਰਮਾ ਅੱਜ ਬਾਅਦ ਦੁਪਹਿਰ ਸੀਵੀਸੀ ਦਫ਼ਤਰ ਪੁੱਜੇ ਤੇ ਕਰੀਬ ਦੋ ਘੰਟੇ ਉੱਥੇ ਰਹੇ। ਉਨ੍ਹਾਂ ਸ੍ਰੀ ਚੌਧਰੀ ਤੇ ਵਿਜੀਲੈਂਸ ਕਮਿਸ਼ਨਰ ਸ਼ਰਦ ਕੁਮਾਰ ਨਾਲ ਮੁਲਾਕਾਤ ਕੀਤੀ ਪਰ ਅਧਿਕਾਰੀਆਂ ਨੇ ਗੱਲਬਾਤ ਦੇ ਜ਼ਿਆਦਾ ਵੇਰਵੇ ਨਹੀਂ ਦਿੱਤੇ। ਸੁਪਰੀਮ ਕੋਰਟ ਨੇ ਲੰਘੀ 26 ਅਕਤੂਬਰ ਨੂੰ ਸੀਵੀਸੀ ਨੂੰ ਵਰਮਾ ਖਿਲਾਫ਼ ਅਸਥਾਨਾ ਵਲੋਂ ਲਾਏ ਦੋਸ਼ਾਂ ਦਾ ਦੋ ਹਫ਼ਤਿਆਂ ਵਿਚ ਨਿਬੇੜਾ ਕਰਨ ਲਈ ਕਿਹਾ ਸੀ। ਇਨ੍ਹਾਂ ਦੋਵਾਂ ਅਫ਼ਸਰਾਂ ਨੂੰ ਸਰਕਾਰ ਨੇ ਛੁੱਟੀ ’ਤੇ ਭੇਜ ਦਿੱਤਾ ਸੀ। ਕਮਿਸ਼ਨ ਨੇ ਕੁਝ ਅਹਿਮ ਕੇਸਾਂ ਦੀ ਪੜਤਾਲ ਕਰਨ ਵਾਲੇ ਸੀਬੀਆਈ ਅਫ਼ਸਰਾਂ ਤੋਂ ਪੁੱਛ ਪੜਤਾਲ ਕੀਤੀ ਸੀ।