ਆਰ.ਐਸ.ਐਸ. ਦਾ ਫਾਸ਼ੀਵਾਦ ਵੱਲ ਲੰਬਾ ਮਾਰਚ

– ਜਗਦੀਸ਼ ਸਿੰਘ ਚੋਹਕਾ
      ਇਤਿਹਾਸ ਗਵਾਹ ਹੈ, ‘ਕਿ ਭਾਰਤ ਅੰਦਰ 20-ਵੀਂ ਸਦੀ ਦੇ ਤੀਸਰੇ ਦਹਾਕੇ ਦੌਰਾਨ, ‘ਬਸਤੀਵਾਦੀ ਬਰਤਾਨਵੀਂ ਸਾਮਰਾਜ ਦੇ ਕਾਲ ਤੋਂ ਚੱਲ ਕੇ, 16-ਵੀਂ ਲੋਕ ਸਭਾ ਦੇ ਆਖਰੀ ਪਲਾ ਤੱਕ ਆਰ.ਐਸ.ਐਸ ਨੇ ਆਪਣੇ ਭਗਵਾਕਰਨ ਦੇ ਏਜੰਡੇ ਨੂੰ ਲਾਗੂ ਕਰਨ ਲਈ ਇੱਕ ਲੰਬਾ ਸਫਰ ਤੈਅ ਕੀਤਾ ਹੈ ! ਦੇਸ਼ ਅੰਦਰ ਆਜ਼ਾਦੀ ਦੇ ਮੁਕਤੀ ਅੰਦਲੋਨ ਦੌਰਾਨ, ‘ਆਰ.ਐਸ.ਐਸ ਦੇ ਸੰਸਥਾਪਕ ਡਾ.ਕੇ.ਬੀ. ਹੈਡਗੇਵਾਰ ਅਤੇ ਉਨ੍ਹਾਂ ਦੇ ਉੱਤਰ ਅਧਿਕਾਰੀ ਗੋਲਵਰਕਰ ਨੇ ਬਰਤਾਨਵੀ ਬਸਤੀਵਾਦੀ ਹਾਕਮਾਂ ਵਿਰੁੱਧ ਕਿਸੇ ਵੀ ਅੰਦੋਲਨ ਵਿੱਚ ਨਾ ਸਰਗਰਮੀ ਦਿਖਾਈ ਅਤੇ ਨਾ ਹੀ ਹਿੱਸਾ ਲਿਆ ! 1929-ਦੌਰਾਨ ਕਾਂਗਰਸ ਨੇ ਜਦੋਂ ਲਾਹੌਰ ਇਜਲਾਸ ਦੌਰਾਨ ਪੂਰਨ ਸਵਰਾਜ ਦਾ ਸੱਦਾ ਦੇ ਕੇ 26 ਜਨਵਰੀ 1930 ਨੂੰ ਤਿਰੰਗਾ ਝੰਡਾ ਲਹਿਰਾਉਣ ਲਈ ਲੋਕਾਂ ਨੂੰ ਸੱਦਾ ਦਿੱਤਾ ਤਾਂ ਸ਼੍ਰੀ ਕੇਸ਼ਵ ਵਲੀਰਾਮ ਹੈਡਗੇਵਾਰ ਨੇ ਇੱਕ ਹੁਕਮਨਾਮੇਂ ਰਾਹੀਂ ਸਾਰੀਆਂ ਸ਼ਾਖਾਵਾਂ ‘ਚ ਭਗਵੇਂ ਝੰਡੇ ਲਹਿਰਾ ਕੇ ਪੂਜਣ ਦੇ ਨਿਰਦੇਸ਼ ਦਿੱਤੇ ਸਨ ? 14-ਜੁਲਾਈ 1946 ਨੂੰ ਆਰ.ਐਸ.ਐਸ. ਦੇ ਮੁਖੀ ਗੋਲਵਲਕਰ ਨੇ ਗੁਰ ਪੂਰਨਮਾਸ਼ੀ ‘ਤੇ ਨਾਗਪੁਰ ਵਿਖੇ ਸੰਬੋਧਨ ਕਰਦਿਆਂ ਮੁੜ ਦਾਅਵਾ ਕੀਤਾ, ‘ਕਿ ਸਿਰਫ਼ ਭਗਵਾ ਝੰਡਾ ਹੀ ਸੰਪੂਰਨ ਰੂਪ ਵਿੱਚ ਮਹਾਨ ਭਾਰਤੀ ਸੰਸਕ੍ਰਿਤੀ ਨੂੰ ਦਰਸਾਉਂਦਾ ਹੈ ! ਭਾਰਤ ਦੇ ਲੋਕਤੰਤਰ ਅਤੇ ਧਰਮ ਨਿਰਪੱਖ ਸੰਵਿਧਾਨ ਨੂੰ ਇਨ੍ਹਾਂ ਨੇ ਨਕਾਰ ਕੇ ਇਸ ਨੂੰ ਹਿੰਦੂ ਭੂਮੀ ਵੱਜੋਂ ਮਾਨਤਾ ਦਿੱਤੀ ਹੈ। ਕੀ ! ਅੱਜ ਰਾਸ਼ਟਰਵਾਦ ਨਾਲ ਜੋੜੇ ਜਾਂਦੇ ਲੋਕਾਂ ਦੇ ਜਜ਼ਬਾਤ ਇੱਕ ਦਿਖਾਵਾ ਅਤੇ ਸੋਸ਼ੇਬਾਜ਼ੀ ਨਹੀਂ ਹੈ ?

ਜਗਦੀਸ਼ ਸਿੰਘ ਚੋਹਕਾ

ਆਰ.ਐਸ.ਐਸ. ਦਾ ਭਾਰਤ ਦੇ ਸੰਘੀ ਢਾਂਚੇ ਨੂੰ ਨਿਕਾਰਨ ਦੀ ਮਾਨਤਾ ਅਤੇ ਸਨਮਾਨ ਦਾ ਅੰਦਾਜ਼ਾ, ‘ਗੋਲਵਰਕਰ ਦੀ ਪੁਸਤਕ ਵਿਚਾਰ ਨਵਨੀਤ ਦੇ ਇੱਕ ਪਾਠ, ‘ਇਕਾਂਤਮਿਕ ਸਾਸ਼ਨ ਦੀ ਅਨਿਵਾਰਤਾ, ਜਿਸ ਰਾਹੀਂ ਉਹ ਕਹਿੰਦਾ ਹੈ, ‘ਕਿ ਮੈਂ ਇੱਕ ਦੇਸ਼, ਇੱਕ ਰਾਜ ਦੀ ਹਮਾਇਤ ਕਰਦਾ ਹਾਂ, ਤੋਂ ਲੱਗਦਾ ਹੈ। ਪ੍ਰਬੰਧਕੀ ਲਿਹਾਜ਼ ਨਾਲ ਰਾਜ ਸਮੂਹ ਨਹੀਂ, ਪਰ ਖੇਤਰ ਰਹਿਣੇ ਚਾਹੀਦੇ ਹਨ ! ਲੋਕਤੰਤਰੀ ਸਿਧਾਂਤਾਂ ਦੇ ਉਲਟ ਗੋਲਵਲਕਰ 1940 ਨੂੰ ਮਦਰਾਸ ‘ਚ ਆਰ.ਐਸ.ਐਸ. ਇੱਕ ਝੰਡੇ ਹੇਠ ਇੱਕ ਨੇਤਾ ਦੀ ਅਗਵਾਈ ‘ਚ ਇੱਕ ਹੀ ਵਿਚਾਰਾਂ ਨਾਲ ਲੈਸ ਹੋ ਕੇ ਆਰ.ਐਸ.ਐਸ. ਹਿੰਦੂਤਵ ਦੀ ਪ੍ਰਚੰਡ ਜੋਤੀ ਨੂੰ ਇਸ ਵਿਸ਼ਾਲ ਭੂਮੀ (ਭਾਰਤ) ਦੇ ਕੋਨੇ-ਕੋਨੇ ‘ਚ ਰੁਸ਼ਨਾ ਰਿਹਾ ਹੈ ! ਯਾਦ ਰਹੇ ਇੱਕ ਝੰਡਾ, ਇੱਕ ਨੇਤਾ ਅਤੇ ਇੱਕ ਵਿਚਾਰਧਾਰਾ ਦਾ ਇਹ ਨਾਅਰਾ ਯੂਰਪ ਅੰਦਰ ਬੀਤੇ ਨਾਜ਼ੀ ਅਤੇ ਫਾਸ਼ੀਵਾਦੀ ਪਾਰਟੀਆਂ ਵੱਲੋਂ ਲਾਇਆ ਗਿਆ ਅਤੇ ਅਮਲ ਵਿੱਚ ਲਿਆਉਣ ਲਈ 5 ਕਰੋੜ ਤੋਂ ਵੱਧ ਲੋਕਾਂ ਨੂੰ ਅਨਿਆਈ ਮੌਤ ਦੇ ਮੂੰਹ ਧੱਕ ਦਿੱਤਾ ਗਿਆ ਸੀ ! ਇਹ ਨਾਹਰਾ ਲਾਉਣ ਵਾਲੇ ਸਨ ਹਿਟਲਰ ਅਤੇ ਮੁਸੋਲਿਨੀ ਅਤੇ ਜਾਪਾਨ ਦਾ ਰਾਜਾ ਟੋਗੋ ਜਿਹੇ ਤਾਨਾਸ਼ਾਹ ! ਉਪਰੋਕਤ ਹਵਾਲਿਆਂ ਤੋਂ ਅਸੀਂ ਸਹਿਜੇ ਹੀ ਅਨੁਭਵ ਕਰ ਸਕਦੇ ਹਾਂ, ‘ਕਿ ਦੇਸ਼ ਦੇ ਕੌਮੀ ਝੰਡੇ ਨਾਲ ਨਫ਼ਰਤ, ਸੰਵਿਧਾਨ ਦਾ ਨਿਰਾਦਰ, ਸੰਘੀ ਢਾਂਚੇ ਨੂੰ ਨਕਾਰਨਾ ਅਤੇ ਲੋਕਤੰਤਰ ਦਾ ਦੁਸ਼ਮਣ ਕੌਣ ਹੈ, ਆਰ.ਐਸ.ਐਸ. ?
ਸੰਵਿਧਾਨਿਕ ਗ੍ਰੰਟੀ ਵਾਲੇ ਧਰਮ ਨਿਰਪੱਖ, ਨਿੱਜੀ ਆਜ਼ਾਦੀ ਵਾਲੇ ਤੇ ਬਹੁਲਤਾਵਾਦੀ ਭਾਰਤ ਨੂੰ, ਅੱਜ ਜਿੰਨਾਂ ਖਤਰਾਂ ਦੇਸ਼ ਅੰਦਰੋਂ ਹੈ, ‘ਪਹਿਲਾ ਕਦੀ ਵੀ ਅਜਿਹਾ ਪ੍ਰਤੱਖ ਰੂਪ ਵਿੱਚ ਨਹੀਂ ਮਹਿਸੂਸ ਹੋਇਆ ? ਸਦੀਆਂ ਤੋਂ ਬਹੁਲਤਾਵਾਦੀ ਭਾਰਤ ਅੰਦਰ ਬਹੁ-ਕੌਮਾਂ, ਬਹੁ-ਧਰਮਾਂ, ਬਹੁ-ਬੋਲੀਆਂ ਅਤੇ ਖਿੱਤਿਆਂ ‘ਚ ਰਹਿਣ ਵਾਲੇ ਭਾਰਤੀਆਂ ਅੰਦਰ ਅਮਾਨਵੀ ਅਤੇ ਵਹਿਸ਼ੀ ਢੰਗ ਵਾਲਾ ਦੁਰਵਿਵਹਾਰ, ‘ਭਾਰਤੀ ਸੱਭਿਆਚਾਰ ਅੰਦਰ ਲੋਕਾਂ ਵੱਲੋਂ ਇੱਕ ਦੂਸਰੇ ਪ੍ਰਤੀ ਵੇਖਣ ਨੂੰ ਨਹੀਂ ਮਿਲਦਾ ? ਹਾਂ ! ਗੁਲਾਮਦਾਰੀ ਯੁੱਗ ਤੋਂ ਲੈ ਕੇ ਮਾਜੂਦਾ ਵਿਕਸਤ ਪੂੰਜੀਵਾਦੀ ਰਾਜ ਅੰਦਰ, ਰਾਜਸੱਤਾ ਤੇ ਕਾਬਜ ਹਾਕਮਾਂ ਨੇ ਸ਼ੁਰੂ ਤੋਂ ਹੀ ਲੋਕਾਂ ਦੇ ਹੱਕਾਂ ਨੂੰ ਕੁਚਲਣ, ਆਜ਼ਾਦੀ ਅਤੇ ਜਮਹੂਰੀਅਤ ਦਾ ਗਲਾ ਘੁੱਟਣ ਅਤੇ ਜਮਾਤੀ ਹਿੱਤਾਂ ਲਈ ਇੱਕ ਫਿਰਕੇ ਨੂੰ ਦੂਸਰੇ ਫਿਰਕੇ ਨਾਲ ਲੜਾਅ ਕੇ ਸਦਾ ਹੀ ਆਪਣੀ ਸਰਦਾਰੀ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਅਜਿਹਾ ਅੱਜ ਵੀ ਭਾਰਤ ਅੰਦਰ ਮਈ 2014 ਨੂੰ ਪਾਰਲੀਮਨੀ ਜਮਹੂਰੀਅਤ ਰਾਹੀਂ ਕਾਬਜ਼ ਹੋਈ ਬਹੁ-ਗਿਣਤੀ ਭਾਰੂ ਫਿਰਕੇ ਦੀ ਸਵੈ-ਨੁਮਾਇੰਦਗੀ ਕਰਨ ਵਾਲੀ ਬੀ.ਜੇ.ਪੀ. ਦੀ ਕੇਂਦਰ ਵਿੱਚ ਸਰਕਾਰ, ਹਿੰਦੂਤਵ ਦਾ ਏਜੰਡਾ ਲਾਗੂ ਕਰਨ ਲਈ ਹਿੰਸਾ ਰਾਹੀਂ ਸਵੈ-ਪ੍ਰਭੂੱਤਾ ਦੀ ਸਥਾਪਤੀ ਵੱਲ ਵੱਧ ਰਹੀ ਤੇ ਹਮਲਾਵਰੀ ਹੈ।
ਪਿਛਲੇ ਬੀਤੇ ਦਿਨੀਂ ਫਰਵਰੀ 2017-ਦੇ ਆਖਰੀ ਹਫ਼ਤੇ ਭਾਰਤ ਅੰਦਰ ਸਵੈ-ਪ੍ਰਭੂ ਹਾਕਮਾਂ ਵਲੋਂ ਹਿੰਦੂਤਵ ਦੇ ਏਜੰਡੇ ਨੂੰ ਲਾਗੂ ਕਰਨ ਲਈ ਨਿਰੰਕੁਸ਼ ਵਿਚਾਰਾਂ ਰਾਹੀਂ, ਇੱਕ ਵਾਰ ਫਿਰ ਬਹੁਲਤਾਵਾਦੀ ਭਾਰਤ ਵਿਰੁੱਧ ‘ਭਗਵੇਂ ਕਲੀਨਿਕ ਟਰਾਇਲ’ ਦਾ ਤਜ਼ਰਬਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਲੋਕ ਸਭਾ ਵਿੱਚ ਬਹੁ ਸੰਮਤੀ ਹੋਣ ਕਰਕੇ, ਆਰ.ਐਸ.ਐਸ. ਵੱਲੋਂ ਆਪਣੇ ਟੋਹਣੀ ਅੰਗਾਂ ਰਾਹੀਂ ਬੀ.ਜੇ.ਪੀ. ਸਰਕਾਰ ਦੀ ਸਰਪ੍ਰਸਤੀ ਹੇਠ, ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨੇ ਹੁਣ ਹੱਲਾ ਬੋਲਿਆ, ‘ਭਾਰਤ ਦੇ ਸਤੰਤਰ ਵਿਦਿਅਕ ਅਦਾਰਿਆਂ ਵਿਰੁੱਧ ! ਆਰ.ਐਸ.ਐਸ ਸਮਝਦਾ ਹੈ, ‘ਕਿ ਜੇਕਰ ਭਾਰਤ ਅੰਦਰ ਸਿੱਖਿਆ ਅਤੇ ਵਿੱਦਿਅਕ ਅਦਾਰਿਆਂ ਦਾ ਭਗਵਾਕਰਨ ਹੋ ਜਾਵੇ ਤਾਂ ਦੇਸ਼ ਅੰਦਰ ਨਰੋਈ ਸੋਚ ਲਈ ਜਾਗਰੂਕਤਾ ਰਾਹੀਂ ਉਠਦੇ ਜਮਹੂਰੀ ਸਵਾਲ, ਉਤਸੁਕਤਾ ਅਤੇ ਉਸਾਰੂ ਜੁਗਿਆਸਾ ਜਿਹੇ ਵਿਚਾਰ ਪਨਪ ਹੀ ਨਹੀਂ ਸਕਣਗੇ ? ਫਿਰ ਅਸੀਂ ਭਾਰਤ ਅੰਦਰ ਬੌਧਿਕ ਅਤੇ ਮਾਨਸਿਕ ਯਥਾਰਥ ਚਰਿੱਤਰ ਵਾਲੀ ਸੋਚ ਨੂੰ ਸਦਾ ਲਈ ਦਫ਼ਨਾ ਦੇਵਾਂਗੇ ? ਇਹ ਤਰਕਸ਼ੀਲ ਸਿੱਖਿਆ ਹੀ ਹੈ, ਜੋ ਕਿਰਤੀ ਮੁਕਤੀ ਅਤੇ ਸਮਾਜਿਕ ਤਬਦੀਲੀ ਲਈ ਲੋਕਾਂ ਨੂੰ ਜਾਗਰੂਕ ਕਰਦੀ ਹੈ ! ਉਨ੍ਹਾਂ ਨੇ ਹੁਣ ਯਥਾਰਥ ਬੋਧ ਅਤੇ ਯਥਾਰਥ ਚਰਿੱਤਰ ਨੂੰ ਦਬਾਉਣ ਲਈ ਮਜ਼ਬੂਤੀ ਨਾਲ ਹਿੰਸਾ ਦਾ ਰਾਹ ਅਪਣਾਇਆ ਹੈ ਤੇ ਕੋਸ਼ਿਸ਼ਾਂ ਜਾਰੀ ਹਨ।
ਸਮੁੱਚਾ ਸੰਘ ਪਰਿਵਾਰ, ਸਮਾਜਿਕ ਆਰਥਿਕ ਅਤੇ ਸੱਭਿਆਚਾਰ ਪਿੜ ਅੰਦਰ ਬਹੁਲਤਾਵਾਦੀ ਭਾਰਤ ਦੇ ਵੱਖੋ-ਵੱਖ ਧਰਮਾਂ, ਰਸਮਾਂ, ਰਿਵਾਜ, ਭਾਸ਼ਾਂ ਅਤੇ ਸੱਭਿਆਚਾਰ ਵਾਲੀ ਵੱਖਰੀ ਭਾਰਤੀ ਪਛਾਣ ਨੂੰ ਆਪਣੀ ਬੁਨਿਆਦਵਾਦੀ-ਮੂਲਵਾਦੀ ਵਿਚਾਰਧਾਰਾ ਰਾਹੀਂ ਹਿੰਦੂ, ਹਿੰਦੀ ਅਤੇ ਹਿੰਦੂਤਵ ਦਿਖ ਵਾਲੀ ਬਣਾਉਂਣਾ ਚਾਹੁੰਦਾ ਹੈ। ਅੱਜ ! ਜੋ ਹਿੰਦੂਤਵ ਵਿਚਾਰਧਾਰਾ ਦੀ ਮੌਜੂਦਾ ਚੜ੍ਹਾਈ ਵੱਲ ਯਾਤਰਾ ਸ਼ੁਰੂ ਹੋ ਰਹੀ ਸੀ। ਇਸਦੀ ਸ਼ੁਰੂਆਤ ਵੀਰ ਦਮੋਦਰ ਸਾਵਰਕਰ ਤੇ ਐਮ.ਐਸ.ਗੋਲਵਲਕਰ ਰਾਹੀਂ ਹੋ ਕੇ ਅੱਗੇ ਕੇ.ਐਸ. ਸੁਦਰਸ਼ਨ ਅਤੇ ਅੱਜ ਮੋਹਣ ਭਾਗਵਤ ਦੀ ਅਗਵਾਈ ਵਿੱਚ ਅੱਗੇ ਵੱਧ ਰਹੀ ਹੈ। ਇਸ ਵਿਚਾਰਧਾਰਾ ਦਾ ਢਾਂਚਾ ਇੱਕਲਤਾਪਣ ਰਾਹੀਂ ਸੱਚੇ ਰੂਪ ਵਿੱਚ ਪੂਰੀ ਤਰ੍ਹਾਂ ਹਿੰਸਾ ਦੀ ਸੇਵਾ ਵਿੱਚ ਪ੍ਰਤੀ ਰੂਪ ਹੋ ਗਿਆ ਹੈ ! ਸ਼ਾਇਦ ਅੱਜ ਹਿੰਦੂਇਜ਼ਮ ਸਭ ਤੋਂ ਦੂਰ ਜਿੰਨਾ ਜਾ ਸਕਦਾ ਸੀ, ਗਿਆ ਹੈ। ਜਾਂ ਫਿਰ ਇਸਦਾ ਹੁਣ ਅੱਗੋਂ ਬਹੁਲਤਾਵਾਦੀ ਵਿਕਾਸ ਨਹੀਂ ਹੋ ਸਕਦਾ ਹੈ ? ਇਸ ਦਿਸ਼ਾਂ ਵੱਲ ਪ੍ਰੇਰਨਾ ਰਾਹੀਂ ਵਾਧਾ ਜਾਂ ਤਾਂ ਮੁਸ਼ਕਿਲ ਹੈ ਜਾਂ ਫਿਰ ਬਹੁਤ ਕਮਜ਼ੋਰ ਚਾਲੇ ਹੈ। ਇਸ ਲਈ ਹਿੰਦੂਤਵ ਦੇ ਏਜੰਡੇ ਦੀ ਤਾਮੀਲ ਨਾ ਕਰਨ ਵਾਲਿਆਂ ਵਿਰੁੱਧ ਰਾਜ ਅਤੇ ਪ੍ਰਾਸ਼ਸਨ ਦੀ ਦੁਰ ਵਰਤੋਂ, ਇਸ ਤੋਂ ਇਲਾਵਾ ਲਾਲਚ, ਨਾਂਹ-ਨੁੱਕਰ ਕਰਨ ਵਾਲਿਆ ਨੂੰ ਸਜ਼ਾ ਦੇਣੀ, ਅੱਜ ਪ੍ਰਤੱਖ ਰੂਪ ਵਿੱਚ ਇਸ ਤਬਦੀਲੀ ਵਾਲੀ ਨੀਤੀ ਲਈ ਸੱਚਾਈ ਦੇ ਰੂਪ ਵਿੱਚ ਵੇਖਿਆ ਜਾ ਸਕਦਾ ਹੈ ?
ਮੌਜੂਦਾ ਭਾਰਤ ਅੰਦਰ ਕੀ ਖਾਣਾ ਹੈ, ਕੀ ਪਹਿਨਣਾ ਹੈ, ਦੇਸ਼ ਭਗਤੀ, ਦੇਸ਼ ਧਰੋਹ, ਬੋਲਣ ਦੀ ਆਜ਼ਾਦੀ ਤੇ ਰੋਕ, ਸਾਡਾ ਧਰਮ ਉੱਚਾ ਹੈ, ਬਹੁ ਗਿਣਤੀ ਵਾਲੇ ਰਸਮੋਂ-ਰਿਵਾਜ ਅਪਣਾਏ ਜਾਣ, ਸਿੱਖਿਆ ਲਈ ਖਾਸ ਭਾਸ਼ਾ ਅਪਣਾਉ, ਰਸਮਾਂ ਰਿਵਾਜਾਂ ‘ਤੇ ਪਾਬੰਦੀਆਂ ! ਪਤਾ ਨਹੀਂ ਆਏ ਦਿਨ ਕੀ-ਕੀ ਫੁਰਮਾਨ ਜਾਰੀ ਕੀਤੇ ਜਾ ਰਹੇ ਹਨ ? ਅਜਿਹੇ ਸਵੈ-ਪ੍ਰਭੂਤਾ ਵਿਚਾਰ ਜਾਰੀ ਕਰਕੇ, ਭਾਰਤ ਅੰਦਰ ਇੱਕ ਫਿਰਕੂ ਮਾਹੌਲ ਰਾਹੀਂ ਤਣਾਅ ਦਾ ਹੜ੍ਹ ਲਿਆਂਦਾ ਹੈ! ਇਸ ਹੜ੍ਹ ਰਾਹੀਂ ਬਹੁ ਗਿਣਤੀ, ਸੱਚਾਈ ਵਿਰੁੱਧ ਭਾਰੂ ਵਿਚਾਰਾਂ ਰਾਹੀਂ ਇੱਕ ਅਜਿਹਾ ਨਜ਼ਰੀਆਂ ਪੈਦਾ ਕਰਨਾ ਚਾਹੁੰਦੀ ਹੈ, ਜਿਵੇਂ ਹਿਟਲਰ ਨੇ ਕੌਮੀਵਾਦ ਦੇ ਨਾਹਰੇ ਰਾਹੀਂ ਇੱਕਤਰਫਾ ਤਾਨਾਸ਼ਾਹੀ ਲਈ ਸ਼ਹਿਰੀ ਆਜ਼ਾਦੀਆਂ, ਜਮਹੂਰੀਅਤ, ਹੱਕਾਂ ਲਈ ਆਵਾਜ਼ ਉਠਾਉਣ ਵਾਲਿਆਂ ਦੇ ਸਿਰ ਕਲਮ ਕਰ ਦਿੱਤੇ ਸਨ ! ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਕੇਂਦਰੀ ਯੂਨੀਵਰਸਿਟੀ ਹੈਦਰਾਬਾਦ, ਰਾਮਜਸ ਕਾਲਜ ਦਿੱਲੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਵਿਚਾਰਾਂ ਦੀ ਆਜ਼ਾਦੀ ਜੋ ਸੰਵਿਧਾਨ ‘ਚ ਅੰਕਿਤ ਹੈ, ਵਿਰੁੱਧ ਏ.ਬੀ.ਵੀ.ਪੀ. ਵੱਲੋਂ ਸਰਕਾਰੀ ਸ਼ਹਿ ਅਧੀਨ ਕੀਤੀ ਗੁੰਡਾਗਰਦੀ, ਜਾਨੋਂ-ਮਾਰਨ ਦੀਆਂ ਧਮਕੀਆਂ ਅਤੇ ਭਾਰਤ ਅੰਦਰ ਹਰ ਪੱਖੋਂ ਸਨਮਾਨਤ ‘ਇਸਤਰੀ ਦੀ ਸ਼ਾਨ ਵਿਰੁੱਧ ਸ਼ੋਸ਼ਲ ਮੀਡੀਆ ‘ਤੇ ਘਟੀਆਂ ਤੇ ਅਸਹਿਣਸ਼ੀਲਤਾ ਵਾਲੀਆਂ ਟਿੱਪਣੀਆਂ ਰਾਹੀਂ ਫਾਸ਼ੀਵਾਦੀ ਸੋਚ ਦੀ ਅਮਲ ਵਾਲੀ ਮਾਨਸਿਕਤਾ ਵੱਲ ਵੱਧਣ ਦਾ ਸਪੱਸ਼ਟ ਪ੍ਰਗਟਾਵਾਂ ਪੇਸ਼ ਕੀਤਾ ਹੈ !
ਆਜ਼ਾਦੀ ਬਾਅਦ ਭਾਰਤੀ ਨਾਗਰਿਕਤਾਂ ਨੂੰ ਜੋ ਸੰਵਿਧਾਨਿਕ ਆਜ਼ਾਦੀਆਂ, ਬੁਨਿਆਦੀ ਮਹੱਤਵ ਵਾਲੇ ਸੰਵਿਧਾਨਿਕ ਹੱਕ ਅਤੇ ਅਧਿਕਾਰ ਮਿਲੇ, ਇਹ ਲੱਖਾਂ ਕੁਰਬਾਨੀਆਂ ਦਾ ਹੀ ਸਿੱਟਾ ਸੀ ! ਪਰ ਇਨ੍ਹਾਂ ਆਜ਼ਾਦੀ ਦੇ ਆਦਰਸ਼ਾਂ ‘ਤੇ ਅੱਜ ਫਿਰਕੂ ਦੈਂਤ ਨੇ ਹਮਲੇ ਸੇਧੇ ਹੋਏ ਹਨ। ਭਗਵਾਂਕਰਨ ਦਾ ਫਾਸ਼ੀਵਾਦੀ ਦੈਂਤ ਰਾਜਨੀਤਕ ਤੌਰ ‘ਤੇ ਦੇਸ਼ ਦੇ ਧਰਮ ਨਿਰਪੱਖ ਖਾਸੇ, ਧਾਰਮਿਕ ਅਤੇ ਸੱਭਿਆਚਾਰ ਵਿਭਿੰਨਤਾ ਨੂੰ ਮੰਨਣ ਤੋਂ ਇਨਕਾਰੀ ਹੈ। ਭਾਰਤ ਇੱਕ ਵਿਕਾਸਸ਼ੀਲ ਅਤੇ ਸ਼ਕਤੀਸ਼ਾਲੀ ਦੇਸ਼ ਹੈ। ਦੇਸ਼ ਦੀ ਰਾਖੀ ਲਈ ਇੱਕ ਸ਼ਕਤੀਸ਼ਾਲੀ ਫੌਜ ਅਤੇ ਸੈਂਕੜੇ ਸੁਰੱਖਿਆ ਸੰਸਥਾਵਾਂ ਅਤੇ ਬਲ ਹਨ ! ਦੇਸ਼ ਦੀ ਏਕਤਾ ਅਖੰਡਤਾ ਕੋਈ ਸਰਹੱਦ ਤੇ ਲੱਗਾ ਫਲ ਨਹੀਂ ਜੋ ਤੋੜ ਕੇ ਕੋਈ ਭੱਜ ਜਾਵੇਗਾ ? ਪਿਛਲੇ ਦਿਨੀਂ 20 ਸਾਲ ਦੀ ਇੱਕ ਸ਼ਹੀਦ ਫੌਜੀ ਕਪਤਾਨ ਦੀ ਲੜਕੀ ਵੱਲੋਂ ਸੋਸ਼ਲ ਮੀਡੀਆ ਰਾਹੀਂ ਇਹ ਕਹਿਣਾ, ‘ਕਿ ਮੇਰੇ ਪਿਤਾ ਨੂੰ ਜੰਗ ਨੇ ਖੋਹਿਆ ਹੈ ! ਇਸ ਵਿੱਚ ਗਲਤ ਕੀ ਸੀ, ਭਾਵੇਂ ਇਹ ਜੰਗ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਵੇ ! ਇਸ ਨਾਲ ਦੇਸ਼ ਦੀ ਏਕਤਾ ਅਖੰਡਤਾ ਨੂੰ ਕਿਵੇਂ ਖ਼ਤਰਾ ਪੈਦਾ ਹੋ ਗਿਆ? ਦੇਸ਼ ਦੇ ਰਾਜ ਗ੍ਰਹਿ ਮੰਤਰੀ ਰਿਜਿਜੂ, ਇੱਕ ਛੋਟੀ ਬੁੱਧੀ ਵਾਲੇ ਕ੍ਰਿਕਟ ਖਿਡਾਰੀ, ‘ਅਜਿਹੇ ਹੀ ਇੱਕ ਕਲਾਕਾਰ ਅਤੇ ਖਿਡਾਰਨਾਂ ਵੱਲੋਂ ਭਲ ਖੱਟਣ ਲਈ ਮੌਕਾਪ੍ਰਸਤੀ ਦਾ ਸ਼ਿਕਾਰ ਹੋ ਕੇ ਦੇਸ਼ ਧ੍ਰੋਹੀ ਜਿਹੇ ਦੇਸ਼ ਧੋਪਣ ਲਈ ਘਟੀਆਪਣ ਦਾ ਸੋਸ਼ਲ ਮੀਡੀਆ ‘ਤੇ ਪ੍ਰਗਟਾਵਾ ਕੀਤਾ। ਸਾਰੇ ਜਾਣਦੇ ਹਨ, ‘ਕਿ ਰਾਮਜਸ ਕਾਲਜ ਵਿੱਚ ਗੁੰਡਾਗਰਦੀ ਏ.ਬੀ.ਵੀ.ਪੀ. ਨੇ ਹੀ ਕੀਤੀ ! ਵਿਚਾਰਾਂ ਦੀ ਆਜ਼ਾਦੀ ਵਿਰੁੱਧ ਭੜਕਾਊ ਕਾਰਵਾਈ, ਧਮਕੀਆਂ ਅਤੇ ਗੁੰਡਾਗਰਦੀ ਦਿੱਲੀ ਪੁਲਿਸ ਦੇ ਨੱਕ ਹੇਠਾਂ ਏ.ਬੀ.ਵੀ.ਪੀ. ਹੀ ਕਰ ਰਿਹਾ ਸੀ। ਅੱਜ ਦੁਨੀਆਂ ਵਿੱਚ ਅਮਨ ਲਈ ਹਰ ਪਾਸੇ ਚਰਚਾ ਹੀ ਨਹੀਂ, ਲੋਕ ਸੜਕਾਂ ‘ਤੇ ਉਤਰੇ ਹੋਏ ਹਨ। ਜੰਗ ਕੇਵਲ, ਸਾਮਰਾਜ, ਸਾਮਰਾਜ ਦੇ ਭਾਈਵਾਲ ਅਤੇ ਕੱਟੜਵਾਦੀ ਸ਼ਕਤੀਆਂ ਹੀ ਚਾਹੁੰਦੀਆਂ ਹਨ, ਲੋਕ ਨਹੀਂ? ਇਹ ਇਕ ਸੱਚਾਈ ਹੈ !
ਰਾਸ਼ਟਰਵਾਦ ਦੇ ਬਾਣੇ ‘ਚ ਫਾਸ਼ੀਵਾਦੀ ਸੋਚ ਨੂੰ ਬਹੁਲਤਾਵਾਦ ਵਿਰੁੱਧ ਨਫ਼ਰਤ ਫੈਲਾਉਣ ਦੀ ਸਥਾਪਤੀ ਲਈ, ਧਰਮ ਨਿਰਪੱਖ ਸੰਵਿਧਾਨ ਦੀ ਸੌਂਹ ਚੁੱਕ ਕੇ ਆਰ.ਐਸ.ਐਸ. ਦੇ ਇਸ਼ਾਰੇ ‘ਤੇ ਬੀ.ਜੇ.ਪੀ. ਸਰਕਾਰ ਮੋਦੀ  ਦੀ ਅਗਵਾਈ ਵਿੱਚ ਹਰ ਹਰਬਾ ਵਰਤ ਰਹੀ ਹੈ। ਵਿੱਦਿਅਕ ਅਦਾਰਿਆਂ ‘ਚ ਆਪਣੀ ਪ੍ਰਭੂਸੱਤਾ ਥੋਪਣ ਲਈ, ਸੂਝਵਾਨ ਵਿਦਿਆਰਥੀਆਂ ਨੂੰ ਜੋ ਯੂਨੀਵਰਸਿਟੀਆਂ ਅੰਦਰ ਖੁੱਲ੍ਹ ਕੇ ਦੇਸ਼ ਦੇ ਹਰ ਖੇਤਰ, ਹਰ ਵਰਗ ਅਤੇ ਹਰ ਮਸਲੇ ਤੇ ਵਿਚਾਰਾਂ ਦਾ ਪ੍ਰਗਟਾਵਾ ਕਰਨਾ ਚਾਹੁੰਦੇ ਹਨ, ‘ਨੂੰ (ਇਹ ਏ.ਬੀ.ਵੀ.ਪੀ. ਸੋਚ ਵਾਲੇ) ਸਰਕਾਰ ਪੱਖੀ ਗੁੰਡਾਗਰਦ ਲਾਣਾ ਤਿਰੰਗਾ ਚੁੱਕ ਕੇ ਮਾਂ-ਭੈਣ ਦੀ ਕਰਨ ਵਾਲੇ) ਦੇਸ਼ ਧਰੋਹੀ ਗਰਦਾਨ ਕੇ ਆਵਾਜ਼ ਉਠਾਉਣ ਵਾਲਿਆਂ ਨੂੰ ਤੰਗ ਪ੍ਰੇਸ਼ਾਨ ਕਰਨਾ, ਧਮਕੀਆਂ ਦੇਣੀਆਂ ਅਤੇ ਜਿਸਮਾਨੀ ਹਮਲੇ ਕਰਨੇ ਇਨ੍ਹਾਂ ਅਨਸਰਾਂ ਦਾ ਨਿੱਤ ਦਾ ਕੰਮ ਹੋ ਗਿਆ ਹੈ ? ਕੇਂਦਰ ਅਤੇ ਰਾਜਾਂ ਅੰਦਰ ਬੀ.ਜੇ.ਪੀ. ਦੇ ਮੰਤਰੀ, ਜਥੇਬੰਦੀਆਂ ਦੇ ਆਗੂ ਅਤੇ ਬੂਟ ਚੱਟਾਂ ਵੱਲੋਂ ਇੱਕ-ਦੂਸਰੇ ਤੋਂ ਅੱਗੇ ਹੋ ਕੇ ਬਿਨਾਂ ਵਿਚਾਰਨ ਤੋਂ ਖੁਸ਼ਨੂਦੀ ਲਈ ਤੱਟ ਫੱਟ ਗਲਤ, ਝੂਠੇ ਅਤੇ ਭੜਕਾਊ ਬਿਆਨ ਦੇ ਕੇ ਦੇਸ਼ ਧਰੋਹੀ ਦਾ ਫਤਵਾ ਦੇ ਦਿੱਤਾ ਜਾਂਦਾ ਹੈ ! ਯੂ.ਪੀ. ਚੋਣਾਂ ਦੌਰਾਨ, ਦਸੰਬਰ 2018 ਦੌਰਾਨ ਤਿੰਨ ਰਾਜਾਂ ਦੀਆਂ ਅਸੈਂਬਲੀ ਚੋਣਾਂ, ਜਲਸਿਆਂ, ਰੈਲੀਆਂ ਅਤੇ ਕੁੰਭ ਮੇਲੇ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਮੰਦਿਰਾਂ ‘ਚ ਜਾ ਕੇ ਆਰਤੀਆਂ ਉਤਾਰ ਰਹੇ ਹਨ, ਕਬਰਸਤਾਨ, ਸਮਸ਼ਾਨ, ਈਦ-ਦਿਵਾਲੀ ਅਤੇ ਭਾਵਨਾ ਭੜਕਾਊ ਮੁੱਦਿਆਂ ਰਾਹੀਂ ਲੋਕਾਂ ‘ਚ ਵੰਡੀਆਂ ਪਾਉਣ ਤੱਕ ਬਿਆਨ ਬਾਜ਼ੀਆਂ ਕਰ ਰਹੇ ਹਨ ? ਕੀ ਇੱਕ ਜਮਹੂਰੀ ਧਰਮ ਨਿਰਪੱਖ ਸੰਵਿਧਾਨ ਦੀ ਇਹੀ ਪਾਲਣਾ ਹੈ, ਜਦੋਂ ਪ੍ਰਧਾਨ ਮੰਤਰੀ ਹਰ ਹਰ ਮਹਾਂ ਦੇਵ ਅਤੇ ਭੋਲੇ ਨਾਥ ਦੀ ਜੈ ਦੇ ਨਾਹਰੇ ਇੱਕ ਚੋਣ ਰੋਡ ਮਾਰਚ ਦੌਰਾਨ ਲਾ ਰਿਹਾ ਹੋਵੇ ?
ਅੱਜ ਭਾਰਤ ਅਤੇ ਅਮਰੀਕਾ ਨੂੰ ਨੇੜਿਓਂ ਹੋ ਕੇ ਵੇਖੀਏ ਤਾਂ ਦੋਨੋਂ ਦੇਸ਼ਾਂ ਅੰਦਰ ਫਿਰਕੂ ਨਫ਼ਰਤ ਅਤੇ ਨਸਲੀ ਤਣਾਅ ਮੋਦੀ ਅਤੇ ਟਰੰਪ ਦੇ ਰਾਜਸੀ ਏਜੰਡੇ ਵਿੱਚੋਂ ਹੀ ਪੈਦਾ ਹੋਇਆ ਹੈ ? ਦੋਨੋਂ ਆਗੂ ਖ਼ੁਦ ਮੀਡੀਆ ਨਾਲ ਖੁੱਲ੍ਹੀ ਅਤੇ ਬੇਬਾਕ ਗੱਲਬਾਤ ਕਰਨ ਦੀ ਥਾਂ ਸਿਰਫ਼ ਆਪਣੇ ਪਸੰਦ ਦੇ ਮੀਡੀਆ ਨਾਲ ਇੱਕ-ਪਾਸੜ ਗੱਲ ਕਰਨੀ ਹੀ ਪਸੰਦ ਕਰਦੇ ਹਨ, ਕਿਉਂਕਿ ਦੋਨੋਂ ਹੀ ਰਾਸ਼ਟਰ ਬਾਰੇ ਬੇਬਾਕ ਬਹਿਸ ਕਰਨ ਤੋਂ ਝਿਜਕਦੇ ਹੀ ਨਹੀਂ ਸਗੋਂ ਡਰਦੇ ਹਨ ? ਅਸੀਂ ਸਾਰੇ ਹੀ ਸਹਿਮਤ ਹਾਂ, ‘ਕਿ ਭਾਰਤ ਦਾ ਭੂ-ਸਿਆਸੀ ਮਾਹੌਲ, ਸਰਕਾਰ ਨੂੰ ਸਦਾ ਹੀ ਅਜਿਹੇ ਅਨਸਰਾਂ ਤੋਂ ਚੌਕਸ ਰਹਿਣ ਅਤੇ ਸੁਚੇਤ ਕਰਦਾ ਹੈ, ‘ਜੋ ਦੇਸ਼ ਦੀ ਏਕਤਾ ਅਖੰਡਤਾ ਲਈ ਖ਼ਤਰਾ ਹਨ ! ਪਰ ਅੱਤਵਾਦ, ਵੱਖਵਾਦ ਅਤੇ ਕੱਟੜਵਾਦ ਕਾਲਜਾਂ ਵਿੱਚ ਨਾ ਜੰਮਦਾ ਹੈ ਅਤੇ ਨਾ ਹੀ ਪਲਦਾ ਹੈ। ਸਗੋਂ ! ਜਾਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਆਜ਼ਾਦਰਾਨਾ ਅਤੇ ਜਮਹੂਰੀ ਮਾਹੌਲ ਨੂੰ ਤਹਿਸ਼-ਨਹਿਸ਼ ਕਰਨ ਅਤੇ ਵਿਦਿਆਰਥੀ ਚੋਣਾਂ ਦੌਰਾਨ ਚੁਣੇ ਵਿਦਿਆਰਥੀ ਆਗੂਆਂ ਵਿਰੁੱਧ ਝੂਠੇ ਤੇ ਫਰੇਬੀ ਢੰਗਾਂ ਨਾਲ ਕੇਸ ਦਰਜ ਕਰਨੇ, ਏਕਾ ਅਧਿਕਾਰਵਾਦੀ-ਨੀਤੀਆਂ ਦਾ ਨੰਗੇ ਚਿੱਟੇ ਦਿਨ ਬੀ.ਜੇ.ਪੀ. ਦੇ ਹਮਲੇ ਕੀ ਜਮਹੂਰੀਅਤ ਲਈ ਖਤਰਾ ਨਹੀਂ ਹੈ ? ਭਾਰਤ ਜਿੱਥੇ ਸਭ ਤੋਂ ਵੱਧ ਨੰਗ ਭੁੱਖ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਆਰਥਿਕ ਅਸਮਾਨਤਾ ਹੋਵੇ, ‘ਇਹ ਹਲਾਤ ਹੀ ਵੱਖਵਾਦੀਆਂ ਅਤੇ ਅੱਤਵਾਦੀਆਂ ਲਈ ਜਰਖੇਜ਼ ਜ਼ਮੀਨ, ਖੁੱਡਾ ਅਤੇ ਢਾਲਾਂ ਪ੍ਰਦਾਨ ਕਰਦੇ ਹਨ ! ਭਾਰਤ ਦੇ ਹਾਕਮਾਂ ਨੇ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਭਾਰਤੀ ਆਵਾਮ ਦੀ ਬਿਹਤਰੀ ਲਈ ਕੀਤਾ ਕੀ ਹੈ ? ਹਾਂ ! ਆਪਣੇ ਜਮਾਤੀ ਹਿੱਤਾਂ ਅਤੇ ਰਾਜਸੀ ਲਾਲਸਾਵਾਂ ਲਈ ਦੇਸ਼ ਨੂੰ ਗਹਿਣੇ ਧਰਿਆ ਹੈ, ਖੂਬ ਲੁੱਟ-ਖਸੁੱਟ ਕੀਤੀ ਹੈ ਅਤੇ ਲੋਕਾਂ ਨੂੰ ਫਿਰਕਿਆਂ, ਜਾਤਾਂ ਧਰਮਾਂ ਅਤੇ ਲੁਭਾਉਣੇ ਨਾਹਰਿਆਂ ਰਾਹੀਂ ਲੜਾਇਆ ਹੈ। ਜੇਕਰ ਆਵਾਮ ਹੱਕ ਮੰਗੇ, ਇਨਸਾਫ਼ ਦੀ ਮੰਗ ਕਰੇ ਅਤੇ ਕੋਈ ਖੁੱਲ੍ਹ ਕੇ ਵਿਚਾਰ ਪੇਸ਼ ਕਰੇ ਤਾਂ ਉਸ ਨੂੰ ਰਾਸ਼ਟਰ ਵਿਰੋਧੀ ਅਤੇ ਦੇਸ਼ ਧਰੋਹੀ ਤੱਕ ਫਤਵਾ ਦੇ ਦਿੱਤਾ ਜਾਂਦਾ ਹੈ ! ਜਦਕਿ ਇਹ ਕੰਮ ਕਾਨੂੰਨ ਅਤੇ ਰਾਜਤੰਤਰ ਦੀ ਜਿੰਮੇਵਾਰੀ ਹੈ। ਦੇਸ਼ ਦੀ ਅਰਬਾਂ ਰੁਪਿਆਂ ਦੀ ਪੂੰਜੀ ਵਿਦੇਸ਼ਾਂ ‘ਚ ਲੈ ਜਾਣੀ, ਦੇਸ਼ ਦੇ ਕੁਦਰਤੀ ਸੋਮੇ ਗਾਂਧੀਆਂ, ਮੋਦੀਆਂ, ਬਾਦਲਾਂ ਆਦਿ ਨਾਲ ਮਿਲ ਕੇ ਲੁੱਟਣੇ, ਅਨਾਜ ਸੜ ਰਿਹਾ ਹੈ, ਲੋਕ ਭੁੱਖੇ ਮਰ ਰਹੇ ਹਨ, ਇਲਾਜ ਖੁਣੋ ਮਰੀਜ਼ ਮਰ ਰਹੇ ਹਨ ‘ਨੀਰੋ ਬੰਸਰੀ ਵਜਾ ਰਿਹਾ ਹੈ, ‘ਕਿ ਇਹੋ ਦੇਸ਼ ਭਗਤੀ ਹੈ ?
ਪਿਛਲੇ ਸਮੇਂ ਗੁਰਮੇਹਰ ਵਿਰੁੱਧ ਉੱਠੀਆਂ ਹੁਲੜਬਾਜ਼ੀ ਦੀਆਂ ਡਾਰਾਂ ਦਾ ਅਮਲ, ਮੌਜੂਦਾ ਦੇਸ਼ ਦੀ ਰਾਜਸੱਤਾ ‘ਤੇ ਕਾਬਜ਼ ਹਾਕਮ ਧਿਰਾਂ ਅਤੇ ਬੀ.ਜੇ.ਪੀ. ਦੀ ਰਾਜਨੀਤੀ ਦਾ ਮੁੱਖ ਕਾਰਜ, ਭਾਰਤੀ ਲੋਕਾਂ ਦੀ ਸੱਭਿਆਚਾਰ ਅਤੇ ਭਾਈਚਾਰਕ ਏਕਤਾ ਨੂੰ ਤਾਰ-ਤਾਰ ਕਰਨਾ ਹੈ। ਆਰ.ਐਸ.ਐਸ., ਹੁਕਮਰਾਨ ਬੀ.ਜੇ.ਪੀ. ਰਾਹੀਂ ਹਿੰਦੂਤਵ ਦੀ ਸਥਾਪਤੀ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ? ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ, ਫਿਰਕੂ ਵਰਤਾਰਿਆਂ ਦੀ ਅਲੋਚਨਾ, ਨਿਆਂ ਲਈ ਸੰਘਰਸ਼, ਦੱਬੇ-ਕੁਚਲੇ ਲੋਕਾਂ ਵਲੋਂ ਆਵਾਜ਼ ਬੁਲੰਦ ਕਰਨੀ ਆਦਿ ਆਵਾਜ਼ਾਂ ਉੱਠਣ ਕਾਰਨ ਜਦੋਂ ਸੱਚ-ਹੱਕ ਲਈ ਵਿਵਾਦ, ਸਾਹਮਣੇ ਆਉਂਦੇ ਹਨ ਤਾਂ ਪੂੰਜੀਵਾਦ ਅਤੇ ਸਾਮਰਾਜੀਆਂ ਦੇ ਦੁੰਮ ਛੱਲੇ ਇਹ ਫਿਰਕੂ ਲਾਣਾ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਦੇਸ਼ ਧ੍ਰੋਹੀ ਗਰਦਾਨਦਾ ਹੈ ! ਦੇਸ਼ ਦੇ ਸੰਵਿਧਾਨ, ਵਿਚਾਰਾਂ ਦੀ ਆਜ਼ਾਦੀ ਅਤੇ ਬਰਾਬਰਤਾ ਦੇ ਸੰਕਲਪ ਨੂੰ ਇਹ ਅਨਸਰ ਪੈਰਾਂ ਹੇਠ ਰੋਲ ਕੇ ਏਕਾ ਅਧਿਕਾਰਵਾਦੀ ਮਾਹੌਲ ਪੈਦਾ ਕਰਕੇ ਹਿੰਦੂਤਵ ਫਾਸ਼ੀਵਾਦ ਸਥਾਪਿਤ ਕਰਨਾ ਚਾਹੁੰਦੇ ਹਨ ! ਕੇਰਲਾ ਦੇ ਮੁੱਖ ਮੰਤਰੀ ਦਾ ਸੰਘ ਪਰਿਵਾਰ ਦੇ ਇੱਕ ਉਘੇ ਆਗੂ ਵਲੋਂ ਸਿਰ ਕਲਮ ਕਰਨ ਵਾਲੇ ਨੂੰ ਇੱਕ ਕਰੋੜ ਦਾ ਇਨਾਮ ਦੇਣ ਦਾ ਐਲਾਨ ਉੱਜੈਨ ਵਿਖੇ ਕਰਨਾ, ਬਾਬਰੀ ਮਸਜਿਦ ਗਿਰਾਉਣੀ, 2002 ਦੌਰਾਨ ਮੋਦੀ ਦੇ ਗੁਜਰਾਤ ਅੰਦਰ ਮੁਸਲਮਾਨਾਂ ਦਾ ਨਸਲਘਾਤ, ਸ਼ਬਰੀਮਾਲਾ ਕੇਸ ਦੇ ਫੈਸਲੇ ਵਿਰੁੱਧ ਸੰਘ ਪ੍ਰਵਾਰ ਦਾ ਵਾਵੇਲਾ ਆਦਿ ਇੱਕ ਨਹੀਂ ਅਨੇਕਾਂ ਮਿਸਾਲਾਂ ਹਨ, ਜੋ ਭਗਵਾਕਰਨ ਅਧੀਨ ਸਾਰੀਆਂ ਜਮਹੂਰੀ ਕਦਰਾਂ-ਕੀਮਤਾਂ ਦਾ ਘਾਣ ਕਰਕੇ ਅਜੇ ਵੀ ਇਹ ਸ਼ਕਤੀਆਂ ਦੁੱਧ ਧੋਤੀਆਂ ਬਣ ਰਹੀਆਂ ਹਨ ? ਜਦਕਿ ਮਾਸੂਮ ਅਤੇ ਘੱਟ ਗਿਣਤੀ ਲੋਕਾਂ ਦੀਆਂ ਜਾਨਾਂ ਨਾਲ ਖੇਡ ਕੇ ਇਨ੍ਹਾਂ ਦੇ ਹੱਥਾਂ ‘ਤੇ ਲੱਗੇ ਖੂਨੀ ਦਾਗ ਗੁਜਰਾਤ ਅੰਦਰ ਅੱਜ ਵੀ ਨਜ਼ਰ ਆ ਰਹੇ ਹਨ। ਭਾਰਤ ਅੰਦਰ ਧਰਮ ਨਿਰਪੱਖਤਾ, ਬਹੁਲਤਾਵਾਦੀ ਸੱਭਿਆਚਾਰ ਅਤੇ ਸਹਿਣਸ਼ੀਲਤਾ ਲਈ ਖਤਰਾ ਬਾਹਰੋਂ ਨਹੀਂ ਸਗੋਂ ਆਜ਼ਾਦੀ ਦੇ ਆਦਰਸ਼ਾਂ ਨੂੰ ਮਲੀਆਮੇਟ ਕਰਨ ਵਾਲੇ ਮਹਾਂਫਿਰਕੂ ਦੈਂਤ ਭਗਵਾਕਰਨ ਤੋਂ ਹੈ ?
ਪਿਛਲੇ ਸਮੇਂ ਲੰਬਾ ਅਰਸਾ ਕੇਂਦਰ ‘ਚ ਕਾਇਮ ਰਹੀ ਕਾਂਗਰਸ ਪਾਰਟੀ ਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ, ਉਦਾਰਵਾਦ ਰਾਹੀਂ ਦੇਸ਼ ਅੰਦਰ ਪੂੰਜੀਵਾਦ ਵਿਕਾਸ ਨੂੰ ਤੋਰਨਾ ਅਤੇ ਭ੍ਰਿਸ਼ਟਾਚਾਰ ਵਰਗੀਆਂ ਨਾ-ਮੁਰਾਦ ਬਿਮਾਰੀਆਂ ਕਾਰਨ ਹੀ ਦੇਸ਼ ਅੰਦਰ ਭਗਵਾਕਰਨ ਰਾਜਸੱਤਾ ਦੀ ਕੁਰਸੀ ਤੱਕ ਪੁੱਜਿਆ ? ਅੱਜ ! ਇਹ ਭਗਵਾਕਰਨ ਦੇਸ਼ ਲਈ ਇੱਕ ਵੱਡੀ ਚੁਣੌਤੀ ਬਣ ਕਰਕੇ ਅਸਹਿਣਸ਼ੀਲਤਾ ਰਾਹੀਂ ਸਥਾਪਤੀ ਵੱਲ ਵੱਧ ਰਿਹਾ ਹੈ ! ਇਹ ਆਪਣੇ ਢੰਗ ਨਾਲ ਰਾਸ਼ਟਰਵਾਦ ਦੇ ਦੰਭੀ ਸੁਪਨਿਆਂ ਰਾਹੀਂ ਅੱਗੇ ਵਧਣਾ ਚਾਹੁੰਦਾ ਹੈ ਅਤੇ ਵਿਰੋਧੀ ਵਿਚਾਰਾਂ ਨੂੰ ਦੇਸ਼ ਧਰੋਹੀ ਕਹਿ ਕੇ ਉਨ੍ਹਾਂ ਵਿਰੁੱਧ ਭਾਰਤੀ ਬਹੁ ਗਿਣਤੀ ਫ਼ਿਰਕਿਆਂ ਦੀ ਮਾਨਸਿਕਤਾ ‘ਚ ਗਿਰਾਉਣਾ ਚਾਹੁੰਦਾ ਹੈ ! ਇਹ ਖੁੱਲ੍ਹ ਕੇ ਰਾਸ਼ਟਰਵਾਦ ਸਬੰਧੀ ਵਿਵੇਕ ਬਹਿਸ ਤੋਂ ਭੱਜ ਰਿਹਾ ਹੈ ? ਦੇਸ਼ ਦੀ ਆਜ਼ਾਦੀ ਦੇ ਆਦਰਸ਼ਾਂ ਨੂੰ ਖ਼ਤਰਾ ਇਸ ਦੈਂਤ ਤੋਂ ਹੈ ! ਦੇਸ਼ ਭਗਤੀ ਦਾ ਸਾਨੂੰ ਸਬਕ ਪੜ੍ਹਾਉਣ ਤੋਂ ਪਹਿਲਾਂ 1971-ਦੀ ਪਾਕਿ-ਹਿੰਦ-ਜੰਗ ਬਾਅਦ ਸ਼ਿਮਲਾ ਸਮਝੌਤਾ ਕਰਨ ਵਾਲੀ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਉਸ ਵੇਲੇ ਦੇ ਸੰਘੀ ਆਗੂ ਵਾਜਪਾਈ ਨੇ ਸਮਝੌਤੇ ਦੀਆਂ ਕੋਸ਼ਿਸ਼ਾਂ ਨੂੰ ਦੇਸ਼ ਧਰੋਹੀ ਨਹੀਂ ਕਿਹਾ ! ਮੋਦੀ ਮਾਸਕੋ ਤੋਂ ਕਾਬਲ ਅਤੇ ਫਿਰ ਲਾਹੌਰ ਗਿਆ ਜਿੱਥੇ ਨਵਾਜ਼ ਸ਼ਰੀਫ ਦੇ ਪਰਿਵਾਰ ਦੇ ਇੱਕ ਵਿਆਹ ‘ਚ ਸ਼ਾਮਲ ਹੋਇਆ ! ਪਰ ਤਿੰਨ ਦਿਨਾਂ ਬਾਅਦ ਹੀ ਪਠਾਨਕੋਟ ਹਵਾਈ ਫੌਜ ਦੇ ਅੱਡੇ ‘ਤੇ ਦਹਿਸ਼ਤਗਰਦਾਂ ਨੇ ਹਮਲਾ ਕਰ ਦਿੱਤਾ ! ਦੋਨਾਂ ਦੇਸ਼ਾਂ ਦੇ ਅਮਨ ਲਈ ਯਤਨ ਅਤੇ ਨੇੜੇ ਆਉਣ ਲਈ ਮੋਦੀ ਦੀ ਨੀਤੀ ਨੂੰ ਕਿਹੜੇ ਸ਼ਬਦਾਂ ਨਾਲ ਸੰਘ ਪਰਿਵਾਰ ਬਿਆਨੇਗਾ, ਜਦਕਿ ਪਾਕਿ ਪਿੱਛੇ ਖਿਸਕ ਗਿਅ ? ਅਮਨ ਲਈ ਇੱਛਾ ਪ੍ਰਗਟ ਕਰਨੀ ਅਤੇ ਜੰਗ ਦੀ  ਵਿਰੋਧਤਾ ਕਰਨੀ ਗੁਰਮੇਹਰ ਦਾ ਗੁਨਾਹ ਨਹੀਂ, ‘ਸਗੋਂ ਦੁਨੀਆਂ ਅੰਦਰ ਅਮਨ ਚਾਹੁਣ ਵਾਲੇ ਲੋਕਾਂ ਨਾਲ ਸਰੀਕ ਹੋਣਾ ਅਮਨ ਲਈ ਪਹਿਰਾ ਦੇਣ ਦੀ ਦੇਸ਼ ਭਗਤੀ ਹੈ। ਕਿਉਂਕਿ ਸੰਘ ਪਰਿਵਾਰ ਅੱਜ ਵੀ ਮਨੂੰਵਾਦੀ ਪੰਰਪਰਾ ਦਾ ਪੈਰੋਕਾਰ ਹੈ, ਇਸ ਲਈ ਔਰਤ ਉਨ੍ਹਾਂ ਲਈ ਇਨਸਾਨ ਨਹੀਂ, ਦੂਸਰੇ ਦਰਜੇ ਦੀ ਗੁਲਾਮ ਨਾਗਰਿਕ ਹੈ, ਜਿਸ ਮਾਨਸਿਕਤਾ ਦਾ ਪਾਠ ਉਹ ਭਾਰਤੀਆਂ ਨੂੰ ਪੜ੍ਹਾਉਣ ਚਾਹੁੰਦੇ ਹਨ ?
ਅੱਜ ਆਰ.ਐਸ.ਐਸ. ਦੇ ਸਾਰੇ ਵਿੰਗ ਦੇਸ਼ ਦੇ ਸੱਭਿਆਚਾਰ, ਸਿੱਖਿਆ, ਇਤਿਹਾਸ, ਵਿਗਿਆਨ, ਦੇਸ਼ ਦੀ ਸੁਰੱਖਿਆ, ਵਪਾਰ, ਸੰਵਿਧਾਨਿਕ ਸੰਸਥਾਵਾਂ ਅੰਦਰ ਪੂਰੀ ਤਰ੍ਹਾਂ ਘੁਸਪੈਠ ਕਰਨ ਲਈ ਯਤਨਸ਼ੀਲ ਹਨ ! ਉਹ ਦੇਸ਼ ਦੇ ਰਾਜਤੰਤਰ ਰਾਹੀਂ ਆਪਣੇ ਰਾਜਸੀ ਮਨੋਰਥ ਲਈ ਅਨੇਕਤਾ ‘ਚ ਏਕਤਾ ਵਾਲੇ ਭਾਰਤੀ ਸਮਾਜ ਅੰਦਰ ਖਲਲ ਪੈਦਾ ਕਰਨ ਤੋਂ ਬਾਜ ਨਹੀਂ ਆ ਰਹੇ ਹਨ ! ਉਹ ਆਧੁਨਿਕ ਭਾਰਤ ਦੀਆਂ ਧਰਮ ਨਿਰਪੱਖ ਅਤੇ ਜਮਹੂਰੀ ਨੀਹਾਂ ਨੂੰ ਤੋੜਨ ਅਤੇ ਕਮਜ਼ੋਰ ਕਰਕੇ, ਘੋਰ ਅਸਹਿਣਸ਼ੀਲਤਾ ਰਾਹੀਂ ਫਾਸ਼ੀਵਾਦੀ ਹਿੰਦੂਰਾਸ਼ਟਰ ਦੀ ਸਥਾਪਤੀ ਚਾਹੁੰਦੇ ਹਨ ? ਫਿਰਕਾਪ੍ਰਸਤ ਭਾਵਨਾਵਾਂ ਅਤੇ ਸਾਮਰਾਜ ਨਾਲ ਭਿਆਲੀ ਪਾ ਕੇ ਸਿੱਧੇ ਤੌਰ ‘ਤੇ ਕਿਰਤੀ ਲੋਕਾਂ, ਸੋਸ਼ਿਤ ਵਰਗ, ਔਰਤਾਂ ਅਤੇ ਘੱਟ ਗਿਣਤੀ ਲੋਕਾਂ ਦੀ ਏਕਤਾ ਨੂੰ ਸੱਟ ਮਾਰ ਕੇ ਜਮਹੂਰੀ ਲਹਿਰਾਂ ਨੂੰ ਕਮਜ਼ੋਰ ਕਰਕੇ ਆਪਣੇ ਮਨਸੂਬੇ ਧਰਨੇ ਚਾਹੁੰਦੇ ਹਨ ! ਇਨ੍ਹਾਂ ਪਨਪ ਰਹੇ ਫਾਸ਼ੀਵਾਦੀ ਰੁਝਾਨਾਂ ਵਿਰੁੱਧ ਦੇਸ਼ ਦੀਆਂ ਸਾਰੀਆਂ ਦੇਸ਼ ਭਗਤ ਸ਼ਕਤੀਆਂ, ਜਮਹੂਰੀ ਲੋਕ, ਕਿਰਤੀ ਵਰਗ ਅਤੇ ਹੱਕਾਂ ਲਈ ਸੰਘਰਸ਼ੀਲ ਲੋਕਾਂ ਨੂੰ ਇੱਕ ਮਨੁੱਖੀ ਕੜੀ ਬਣਾ ਕੇ ਇਸ ਦੈਂਤ ਨੂੰ ਕਾਬੂ ਕਰਨ ਲਈ ਜੁਟ ਜਾਣਾ ਚਾਹੀਦਾ ਹੈ ! ਲੋਕ ਏਕਤਾ, ਵਿਵਹਾਰਕ ਸਾਂਝ ਅਤੇ ਦ੍ਰਿੜ ਸੰਘਰਸ਼ ਹੀ ਇਸ ਦੈਂਤ ਦੀ ਕਬਰ ਪੁੱਟ ਸਕਦਾ ਹੈ, ਜੇਕਰ ਹੁਣ ਨਹੀਂ ਤਾਂ ਕਦੀ ਵੀ ਨਹੀਂ ? ਰਾਮ ਦੇ ਨਾਂ ਹੇਠਾਂ, ਕੁੰਭ ਦੇ ਭਰਮਾਂ ਅਧੀਨ, ਧਰਮ ਨੂੰ ਖਤਰਾਂ ਅਤੇ ਸ਼ੈਤਾਨ ਵੱਲੋਂ ਪੜੀਆਂ ਜਾਂਦੀਆਂ, ਤਫਸ਼ੀਹਾਂ ਦੀ ਸ਼ਰਾਂ ਨੂੰ ਪਛਾਣੀਏਂ, ‘ਕਿਓਂਕਿ ਇਹ ਰਾਜੇ ਹੀ ਪਾਪ ਕਮਾਂਉਦੇ ਹਨ। ਉਨ੍ਹਾਂ ਦਾ ਕੰਮ ਜਨਤਾ ਦਾ ਸ਼ੋਸ਼ਣ ਕਰਨਾ ਜੋ ਅੱਜ ਉਤਰਾਈ ‘ਚ ਹਨ ?
ਹੁਣ ! ਦੇਖਣਾ ਇਹ ਹੈ, ‘ਕਿ ਆਰ.ਐਸ.ਐਸ. ਦੇ ਲੰਬੇ ਮਾਰਚ ‘ਚ ਆਏ ਵਿਸ਼ਰਾਮ ਨੂੰ ਤੋੜਨ ਲਈ, ‘ਰਾਮ ਮੰਦਿਰ, ਸਾਧੂਆਂ ਦੇ ਚਿਮਟੇ ਅਤੇ ਬੀ.ਜੇ.ਪੀ. ਦੇ ਦੰਗਿਆਂ ਵਾਲੇ ਮਨਸੂਬੇ ਕਿੰੰਨੇ ਕੁ ਸਹਾਈ ਹੋ ਸਕਦੇ ਹਨ ?
ਜਗਦੀਸ਼ ਸਿੰਘ ਚੋਹਕਾ
ਮੋਬਾ: ਨੰ. +9192179-97445
001-403-285-4208
ਹੁਸ਼ਿਆਰਪੁਰ।