ਆਰਥਿਕ ਅਪਰਾਧੀਆਂ ਨੂੰ ਨਿਆਂ ਦੇ ਕਟਹਿਰੇ ’ਚ ਖੜ੍ਹਾ ਕਰਾਂਗੇ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭ੍ਰਿਸ਼ਟਾਚਾਰ ਤੇ ਕੁਨਬਾਪ੍ਰਸਤੀ ਨੂੰ ਖ਼ਤਮ ਕਰਨ ਦੇ ਆਪਣੀ ਸਰਕਾਰ ਦੇ ਦ੍ਰਿੜ ਇਰਾਦੇ ਨੂੰ ਦੁਹਰਾਉਂਦਿਆਂ ਯਕੀਨ ਦਿਵਾਇਆ ਕਿ ਮੁਲਕ ਦੇ ਆਰਥਿਕ ਅਪਰਾਧੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਲੜਾਈ ਨੇ ਹੀ ਵਿਰੋਧੀ ਪਾਰਟੀਆਂ ਨੂੰ ਮਹਾਂਗੱਠਜੋੜ ਬਣਾਉਣ ਲਈ ਮਜਬੂਰ ਕੀਤਾ ਹੈ। ਤਾਮਿਲ ਨਾਡੂ ਵਿੱਚ ਲੋਕ ਸਭਾ ਚੋਣਾਂ ਲਈ ਬਿਗਲ ਵਜਾਉਂਦਿਆਂ ਕਿਹਾ ਕਿ ਆਰਥਿਕ ਪੱਖੋਂ ਕਮਜ਼ੋਰ ਤਬਕਿਆਂ ਲਈ ਦਸ ਫੀਸਦ ਰਾਖਵਾਂਕਰਨ ਦੇ ਫੈਸਲੇ ਨਾਲ ਰਾਖਵਾਂਕਰਨ ਦਾ ਮੌਜੂਦਾ ਪ੍ਰਬੰਧ ਅਸਰਅੰਦਾਜ਼ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਕੁਝ ਲੋਕ ਆਪਣੇ ਸੁਆਰਥੀ ਹਿਤਾਂ ਕਰਕੇ ‘ਬੇਭਰੋਸਗੀ ਤੇ ਸ਼ੱਕ ਵਾਲਾ ਮਾਹੌਲ’ ਸਿਰਜ ਰਹੇ ਹਨ। ਇਥੇ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਤੇ ਭਾਈ-ਭਤੀਜਾਵਾਦ ਨੂੰ ਖ਼ਤਮ ਕਰਨ ਲਈ ਅਸਰਦਾਰ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ, ‘ਕੋਈ ਵੀ ਵਿਅਕਤੀ ਜਿਸ ਨੇ ਦੇਸ਼ ਨੂੰ ਲੁੱਟਿਆ ਹੈ ਉਸ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ। ਫ਼ਿਰ ਚਾਹੇ ਇਹ ਵਿਅਕਤੀ ਭਾਰਤ ਵਿੱਚ ਹੋਵੇ ਜਾਂ ਵਿਦੇਸ਼ ਵਿੱਚ।’ ਉਨ੍ਹਾਂ ਮਦੁਰਾਇ ਦੇ ਲੋਕਾਂ ਤੇ ਤਾਮਿਲ ਨਾਡੂ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਾਕਾਰਾਤਮਕ ਤਾਕਤਾਂ ਨੂੰ ਭਾਂਜ ਦੇਣ। ਕੇਰਲ ਵਿੱਚ ਯੁਵਾ ਮੋਰਚਾ ਦੇ ਇਕੱਠ ਨੂੰ ਸੰਬੋਧਨ ਦੌਰਾਨ ਸੂਬੇ ਦੀ ਵਿਜਯਨ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਮੁੱਖ ਮੰਤਰੀ ਨੇ ਕਿਹਾ, ‘ਸ਼ਬਰੀਮਾਲਾ ਦੀ ਘਟਨਾ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਦੇਸ਼ ਦੇ ਲੋਕਾਂ ਨੇ ਅੱਖੀਂ ਵੇਖ ਲਿਆ ਹੈ ਕਿ ਕਿਵੇਂ ਕਮਿਊਨਿਸਟ ਸਰਕਾਰ ਨੇ ਕੇਰਲਾ ਦੇ ਸਭਿਆਚਾਰ ਦਾ ਅਨਾਦਰ ਕਰਨ ਦਾ ਯਤਨ ਕੀਤਾ।’ ਉਨ੍ਹਾਂ ਕਾਂਗਰਸ ਤੇ ਖੱਬੀਆਂ ਪਾਰਟੀਆਂ ਵੱਲੋਂ ਜਮੂਹਰੀਅਤ ਸਬੰਧੀ ਗੱਲਬਾਤ ਨੂੰ ‘ਸਭ ਤੋਂ ਵੱਡਾ ਮਜ਼ਾਕ’ ਕਰਾਰ ਦਿੱਤਾ। ਇਸ ਤੋਂ ਪਹਿਲਾਂ ਕੋਚੀ ਦੀ ਆਪਣੀ ਫੇਰੀ ਦੌਰਾਨ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਕੰਪਲੈਕਸ ਵਿੱਚ ਕੋਚੀ ਰਿਫਾਇਨਰੀ ਦੇ ਵਾਧੇ ਸਬੰਧੀ ਪ੍ਰਾਜੈਕਟ ਦੇਸ਼ ਨੂੰ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਨਵੇਂ ਪ੍ਰਾਜੈਕਟ ਨਾਲ ਕੱਚੇ ਤੇਲ ਦੀ ਦਰਾਮਦ 10 ਫੀਸਦ ਤਕ ਘਟੇਗੀ ਤੇ ਜਿਸ ਨਾਲ ਵਿਦੇਸ਼ੀ ਕਰੰਸੀ ਦਾ ਬਚਾਅ ਹੋਵੇਗਾ।