ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਘਰ ’ਚ ਦਾਖ਼ਲ ਹੋ ਕੇ ਕੀਤੀ ਹੱਤਿਆ

ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਗਿੱਲ ਕਲਾਂ ਤੋਂ ਉਮੀਦਵਾਰ ਹਰਵਿੰਦਰ ਸਿੰਘ ਹਿੰਦਾ (42) ਦਾ ਘਰ ਵਿੱਚ ਦਾਖਲ ਹੋ ਕੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ। ਪਿੰਡ ਜੇਠੂਕੇ ਦੇ ਹਰਵਿੰਦਰ ਸਿੰਘ ਹਿੰਦਾ ਦੇ ਕਤਲ ਦੀ ਸੂਚਨਾ ਮਿਲਦੇ ਹੀ ਇਲਾਕੇ ਦੇ ਵੱਡੀ ਗਿਣਤੀ ਲੋਕ ਉਸ ਦੇ ਘਰ ਵਿੱਚ ਇਕੱਠੇ ਹੋ ਗਏ।
ਮੌਕੇ ’ਤੇ ਪਹੁੰਚੇ ਜ਼ਿਲ੍ਹਾ ਪੁਲੀਸ ਮੁਖੀ ਨਾਨਕ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਅਨੁਸਾਰ ਬੀਤੀ ਰਾਤ ਤਿੰਨ ਵਿਅਕਤੀ ਹਰਵਿੰਦਰ ਨੂੰ ਮਿਲਣ ਉਸ ਦੇ ਘਰ ਆਏ। ਹਿੰਦਾ ਨੇ ਉਕਤ ਵਿਅਕਤੀਆਂ ਨੂੰ ਪੁਰਾਣੇ ਦੋਸਤ ਦੱਸ ਕੇ ਪਰਿਵਾਰ ਨਾਲ ਮਿਲਵਾਇਆ ਤੇ ਕਿਹਾ ਕਿ ਉਹ ਰਾਤ ਨੂੰ ਘਰ ਹੀ ਰਹਿਣਗੇ, ਇਸ ਵਾਸਤੇ ਉਸ ਦੀ ਪਤਨੀ ਉੱਪਰਲੀ ਮੰਜ਼ਿਲ ’ਤੇ ਬਣੇ ਕਮਰੇ ਵਿੱਚ ਸੌਂ ਗਈ। ਜਦੋਂ ਉਹ ਸਵੇਰੇ ਉੱਠ ਕੇ ਹੇਠਾਂ ਆਈ ਤਾਂ ਹਿੰਦਾ ਮ੍ਰਿਤਕ ਪਿਆ ਸੀ ਜਦੋਂਕਿ ਉਸ ਕੋਲ ਆਏ ਵਿਅਕਤੀ ਘਰ ਵਿੱਚੋਂ ਫ਼ਰਾਰ ਸਨ। ਘਟਨਾ ਦੀ ਜਾਣਕਾਰੀ ਪਰਿਵਾਰਕ ਮੈਂਬਰਾਂ ਨੇ ਗੁਆਂਢੀਆਂ ਨੂੰ ਦਿੱਤੀ, ਜਿਨ੍ਹਾਂ ਨੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ। ਜ਼ਿਲ੍ਹਾ ਪੁਲੀਸ ਮੁਖੀ ਨਾਨਕ ਸਿੰਘ ਨੇ ਦੱਸਿਆ ਕਿ ਥਾਣਾ ਰਾਮੁਪਰਾ ਸਦਰ ਵਿੱਚ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਿੰਦਾ ਦੇ ਸਿਰ ਵਿੱਚ ਸੱਟ ਦੇ ਨਿਸ਼ਾਨ ਹਨ ਪਰ ਅਸਲ ਗੱਲ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ। ਪੁਲੀਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਦੀ ਸ਼ਨਾਖ਼ਤ ਕਰ ਕੇ ਕਾਰਵਾਈ ਕੀਤੀ ਜਾਵੇਗੀ।
ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਹਰਵਿੰਦਰ ਹਿੰਦਾ ਮਿਲਣਸਾਰ ਤੇ ਸਮਾਜ ਸੇਵਾ ਦੇ ਕੰਮਾਂ ਵਿੱਚ ਵੱਧ- ਚੜ੍ਹ ਕੇ ਹਿੱਸਾ ਲੈਂਦਾ ਸੀ ਅਤੇ ਕਦੇ ਕਿਸੇ ਨਾਲ ਲੜਾਈ ਝਗੜਾ ਕਰਦਾ ਨਹੀਂ ਸੀ ਦੇਖਿਆ ਗਿਆ। ਉਹ ਆਪਣੇ ਸਮੇਂ ਦਾ ਨਾਮਵਰ ਖਿਡਾਰੀ ਵੀ ਰਿਹਾ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਬਲਜਿੰਦਰ ਕੌਰ, ਹਲਕਾ ਵਿਧਾਇਕ ਜਗਦੇਵ ਸਿੰਘ ਕਮਾਲੂ, ਵਿਧਾਇਕ ਮੀਤ ਹੇਅਰ, ਵਿਧਾਇਕ ਪਿਰਮਲ ਸਿੰਘ, ਲੋਕ ਇਨਸਾਫ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਭੱਲਾ ਤੋਂ ਇਲਾਵਾ ਹਲਕੇ ਦੇ ਵੱਡੀ ਗਿਣਤੀ ਵਾਲੰਟੀਅਰਾਂ ਅਤੇ ਹੋਰ ਲੋਕ ਮੌਜੂਦ ਸਨ। ਉਨ੍ਹਾਂ ਘਟਨਾ ਨੂੰ ਮੰਦਭਾਗੀ ਦੱਸਦਿਆਂ ਪ੍ਰਸ਼ਾਸਨ ਅਤੇ ਸਰਕਾਰ ਤੋ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਛੇਤੀ ਗ੍ਰਿਫ਼ਤਾਰ ਕੀਤਾ ਜਾਵੇ।
ਇਸ ਸਬੰਧ ਵਿੱਚ ਪੁਲੀਸ ਦੀ ਕਾਰਜਗੁਜ਼ਾਰੀ ਨੂੰ ਲੈ ਕੇ ਸ਼ਾਮ ਸਮੇਂ ਪਿੰਡ ਜੇਠੂਕੇ ਵਿੱਚ ਇਲਾਕਾ ਵਾਸੀਆਂ ਦੀ ਇਕ ਮੀਟਿੰਗ ਵੀ ਹੋਈ ਜਿਸ ਵਿੱਚ ਫ਼ੈਸਲਾ ਲਿਆ ਗਿਆ ਕਿ ਕਾਤਲਾਂ ਦਾ ਸੁਰਾਗ ਨਾ ਲੱਗਣ ਤੱਕ ਹਿੰਦਾ ਦਾ ਸਸਕਾਰ ਨਹੀਂ ਕੀਤਾ ਜਾਵੇਗਾ ਅਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੀ ਅਗਵਾਈ ਹੇਠ ਥਾਣਾ ਸਦਰ ਰਾਮਪੁਰਾ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ। ਪਾਰਟੀ ਦੇ ਆਗੂਆਂ ਨੇ ਪੁਲੀਸ ਨੂੰ 36 ਘੰਟਿਆਂ ਦੇ ਅੰਦਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਚਿਤਾਵਨੀ ਦਿੱਤੀ ਹੈ।