‘ਆਪ’ ਆਗੂ ਦੀ ਜਾਨ ਬਚੀ, ਖੂਨ ਦੀ ਮੁੱਖ ਨਾੜੀ ਜੋੜੀ

ਗੋਲੀ ਲੱਗਣ ਨਾਲ ਬੀਤੇ ਦਿਨ ਜ਼ਖ਼ਮੀ ਹੋਏ ‘ਆਪ’ ਦੇ ਖਹਿਰਾ ਧੜੇ ਦੇ ਆਗੂ ਸੁਰੇਸ਼ ਸ਼ਰਮਾ ਦੀ ਮਾਈਕਰੋ ਵਸਕੂਲਰ ਸਰਜਰੀ ਨਾਲ ਜਾਨ ਬਚਾਈ ਗਈ ਹੈ। ਉਹ ਹੁਣ ਠੀਕ ਹਨ ਪਰ ਦੂਜੇ ਪਾਸੇ ਪੁਲੀਸ ਹੁਣ ਤੱਕ ਗੋਲੀ ਚਲਾਉਣ ਵਾਲਿਆਂ ਨੂੰ ਕਾਬੂ ਕਰਨ ਵਿਚ ਸਫਲ ਨਹੀਂ ਹੋਈ ਹੈ।
ਇਥੇ ਪ੍ਰਾਈਵੇਟ ਹਸਪਤਾਲ ਦੇ ਚੀਫ ਪਲਾਸਟਿਕ ਸਰਜਨ ਡਾ. ਰਵੀ ਮਹਾਜਨ ਨੇ ਦੱਸਿਆ ਕਿ ਸੁਰੇਸ਼ ਸ਼ਰਮਾ ਦੀ ਲੱਤ ਵਿਚ ਗੋਲੀ ਲੱਗਣ ਨਾਲ ਖੂਨ ਵਾਲੀ ਮੁੱਖ ਨਾੜੀ ਕੱਟੀ ਗਈ ਸੀ, ਜਿਸ ਕਾਰਨ ਉਨ੍ਹਾਂ ਦਾ ਖੂਨ ਕਾਫ਼ੀ ਵਹਿ ਗਿਆ ਸੀ। ਇਸ ਕਾਰਨ ਉਨ੍ਹਾਂ ਦੀ ਜਾਨ ਨੂੰ ਖਤਰਾ ਪੈਦਾ ਹੋ ਗਿਆ ਸੀ। ਮਾਈਕਰੋ ਵਸਕੂਲਰ ਸਰਜਰੀ ਰਾਹੀਂ ਸੱਜੀ ਲੱਤ ਵਿਚੋਂ ਨਾੜ ਕੱਢ ਕੇ ਖੱਬੀ ਲੱਤ ਦੀ ਖਰਾਬ ਹੋਈ ਨਾੜ ਦੀ ਜਗਾ ਲਾ ਕੇ ਨਾ ਸਿਰਫ ਦੀ ਲੱਤ ਬਚਾਈ ਹੈ ਸਗੋਂ ਜਾਨ ਵੀ ਬਚੀ ਹੈ।
ਖੂਨ ਦੀ ਵਧੇਰੇ ਘਾਟ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਵੀ ਰੱਖਣ ਦੀ ਲੋੜ ਪਈ। ਇਸ ਸਰਜਰੀ ਨਾਲ ਕੱਟੀਆਂ ਬਹੁਤ ਬਾਰੀਕ ਨਾੜੀਆਂ ਨੂੰ ਮਾਈਕਰੋ ਸਕੋਪ ਅਤੇ ਖਾਸ ਯੰਤਰ ਦੀ ਮਦਦ ਨਾਲ ਦੁਬਾਰਾ ਜੋੜਿਆ ਜਾਂਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਤਕਨੀਕ ਵਧੇਰੇ ਹਸਪਤਾਲਾਂ ਵਿਚ ਨਹੀਂ ਹੈ ਅਤੇ ਅਜਿਹਾ ਅਪਰੇਸ਼ਨ ਦੁਰਘਟਨਾ ਤੋਂ ਦੋ ਤਿੰਨ ਘੰਟਿਆਂ ਦੇ ਅੰਦਰ ਅੰਦਰ ਹੀ ਹੋਣਾ ਜ਼ਰੂਰੀ ਹੈ।
ਸੁਰੇਸ਼ ਸ਼ਰਮਾ ਨੂੰ ਛੇਹਰਟਾ ਚੌਕ ਵਿਚ ਉਨ੍ਹਾਂ ਦੀ ਫਰਨੀਚਰ ਦੀ ਦੁਕਾਨ ‘ਤੇ ਸ਼ਾਮ ਵੇਲੇ ਅਣਪਛਾਤੇ ਵਿਅਕਤੀ ਨੇ 3 ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ। ਇਹ ਗੋਲੀਆਂ ਉਨ੍ਹਾਂ ਦੀਆਂ ਦੋਵਾਂ ਲੱਤਾਂ ਵਿਚ ਲੱਗੀਆਂ ਸਨ।