ਆਦਿਵਾਸੀ ਸਮਾਜ ਦੇ ਮਹਾਨਾਇਕ  ਬਿਰਸਾ ਮੁੰਡਾ

ਭਾਰਤ ਦੇ ਇਤਿਹਾਸ ਵਿਚ ਬਿਰਸਾ ਮੁੰਡਾ ਇਕ ਐਸਾ ਆਦਿਵਾਸੀ ਨੇਤਾ ਅਤੇ ਲੋਕਨਾਇਕ ਸੀ ਜਿਸ ਨੇ ਭਾਰਤ ਦੇ ਝਾਰਖੰਡ ਵਿੱਚ ਆਪਣੇ ਕ੍ਰਾਂਤੀਕਾਰੀ ਚਿੰਤਨ ਵਿਚੋ ਉਨੀਵੀ ਸਤਾਬਦੀ ਦੇ ਉਤਰਾਧਰੁਵ ਵਿਚ ਆਦਿਵਾਸੀ ਸਮਾਜ ਦੀ ਦਸ਼ਾ ਅਤੇ ਦਿਸ਼ਾ ਬਦਲ ਕੇ ਨਵੇ ਸਮਾਜਿਕ ਅਤੇ ਰਾਜਨੀਤਿਕ ਯੁਗ ਦਾ ਨਿਰਮਾਣ ਕੀਤਾ।ਕਾਲੇ ਕਾਨੂੰਨ ਨੂੰ ਚਨੌਤੀ ਦਿੰਦੇ ਹੋਏ ਬ੍ਰਿਟਿਸ਼ ਸਰਕਾਰ ਨੂੰ ਚਨੌਤੀ ਹੀ ਨਹੀ ਦਿੱਤੀ ਬਲਕਿ ਉਹਨਾਂ ਨੂੰ ਇਕ ਐਸੇ ਸੰਕਟ ਵਿਚ ਪਾ ਦਿੱਤਾ ਕਿ ਉਹਨਾਂ ਲਈ ਉਸ ਸੰਕਟ ਵਿਚੋਂ ਨਿਕਲਣਾ ਔਖਾ ਹੋ ਗਿਆ। ਉਸ ਨੇ ਆਦਿਵਾਸੀ ਲੋਕਾਂ ਨੂੰ ਆਪਣੇ ਮੂਲ ਪਰੰਪਰਾ,ੀ ਵਵਸਥਾ,ਆਪਣੀ ਸੰਸਕ੍ਰਿਤੀ ਨੂੰ ਜਿਉਦਾ ਰੱਖਣ ਵਾਸਤੇ ਪ੍ਰੇਰਣਾ ਦਿੱਤੀ। ਅੱਜ ਆਦਿਵਾਸੀ ਸਮਾਜ ਦੀ ਜੋ ਆਸਥਾ ਬਚੀ ਹੋਈ ਹੈ ਤਾਂ ਉਹਦੇ ਵਿਚ ਬਿਰਸਾ ਮੁੰਡਾ ਦਾ ਹੀ ਯੋਗਦਾਨ ਹੈ। ਬਿਰਸਾ ਮੁੰਡਾ ਸਹੀ ਮਾਇਨੇ ਵਿਚ ਪਰਾਕਰਮ ਅਤੇ ਸਮਾਜਿਕ ਜਾਗਰਣ ਦੇ ਧਰਾਤਲ ਤੇ ਆਉਣ ਵਾਲੇ ਯੁਗ ਦੇ ਸਵਾਮੀ ਵਿਵੇਕਾਨੰਦ ਸੀ।
ਝਾਰਖੰਡ ਦੇ ਆਦਿਵਾਸੀਆਂ ਦੇ ਘਰ 15 ਨਵੰਬਰ 1875 ਨੂੰ ਰਾਂਚੀ ਜਿਲੇ ਦੇ ਓਲਿਹਤੂ ਪਿੰਡ ਵਿਚ ਜਨਮੇ ਬਿਰਸਾ ਮੁੰਡਾ ਨੇ ਹਿੰਮਤ ਕਰਕੇ ਸਿਆਹੀ ਨਾਲ ਇਤਿਹਾਸ  ਦੇ ਪੰਨਿਆ ਉਤੇ ਆਉਣ ਵਾਲਾ ਇਤਿਹਾਸ ਲਿਖਿਆ। ਉਸ ਨੇ ਹਿੰਦੂ ਅਤੇ ਈਸਾਈ ਧਰਮ ਬੜਾ ਬਰੀਕੀ ਨਾਲ ਪੜ੍ਹਿਆ ਅਤੇ ਇਸ ਨਤੀਜੇ ਤੇ ਪਹੁੰਚਿਆ ਕਿ ਆਦਿਵਾਸੀ ਸਮਾਜ ਮਿਸ਼ਨਰੀਆਂ ਤੋਂ ਤਾਂ ਪ੍ਰਭਾਵਿਤ ਹੈ ਹੀ, ਨਾਲ  ਹਿੰਦੂ ਧਰਮ ਨੂੰ ਵੀ ਠੀਕ ਤਰ੍ਹਾਂ ਨਾਲ ਸਮਝ ਨਹੀ ਪਾ ਰਹੇ ਸਨ ਅਤੇ ਨਾ ਅਪਣਾ ਰਹੇ ਸਨ। ਮੁੰਡਾ ਰੀਤੀ ਰਿਵਾਜ਼ ਦੇ ਅਨੁਸਾਰ ਉਸ ਦਾ ਨਾਂ ਬੀਰਵਾਰ ਦੇ ਹਿਸਾਬ ਨਾਲ ਬਿਰਸਾ ਰੱਖਿਆ ਗਿਆ ਸੀ। ਉਸ ਦਾ ਪਰਿਵਾਰ ਰੋਜਗਾਰ ਦੀ ਤਲਾਸ਼ ਵਿਚ ਉਸ ਦੇ ਜਨਮ ਦੇ ਬਾਅਦ  ਓਲਿਹਤੂ ਤੋਂ ਕੁਰੂਮੰਵਦਾ ਆ ਕੇ ਰਹਿਣ ਲੱਗੇ। ਇਥੇ ਉਹ ਖੇਤਾਂ ਵਿਚ ਕੰਮ-ਕਾਰ ਕਰਕੇ ਆਪਣਾ ਜੀਵਨ ਚਲਾਉਦੇ ਸਨ। ਉਸ ਦੇ ਪਿਤਾ, ਚਾਚਾ ਤਾਇਆ ਸਾਰਿਆਂ ਨੇ ਈਸਾਈ ਧਰਮ ਸਵੀਕਾਰ ਕਰ ਲਿਆ ਸੀ। ਬਿਰਸਾ ਦੇ ਪਿਤਾ ਸੁਗਨਾ ਮੁੰਡਾ ਜਰਮਨ ਧਰਮ ਪ੍ਰਚਾਰਕਾਂ ਦੇ ਸਹਿਯੋਗੀ ਸਨ। ਬਿਰਸਾ ਦਾ ਬਚਪਨ ਆਪਣੇ ਘਰ ਵਿਚ ਨਾਨਾ ਅਤੇ ਮਾਸੀ ਦੇ ਸੁਸਰਾਲ ਭੇੜ ਬੱਕਰੀਆਂ ਚਰਾਉਦੇ ਹੋਏ ਬੀਤਿਆ। ਜੰਗਲ ਵਿਚ ਭੇੜਾਂ ਚਰਾਉਦੇ ਸਮ੍ਹੇਂ ਬਤੀਤ ਕਰਨ ਦੇ ਲਈ ਬੰਸਰੀ ਵਜਾਉਦਾ ਹੁੰਦਾ ਸੀ ਅਤੇ ਲਗਾਤਾਰ ਬੰਸਰੀ ਵਜਾਉਣ ਦੇ ਨਾਲ ਨਾਲ ਉਸ ਨੂੰ ਅਭਿਆਸ ਹੋ ਗਿਆ ਸੀ। ਉਸ ਨੇ ਕੱਦੂ ਵਿਚ ਇਕ ਤਾਰ ਲਗਾ ਕੇ ਇਕ ਜੰਤਰ ਵੀ ਬਣਾਇਆ ਸੀ ਜਿਸ ਨੂੰ ਉਹ ਵਜਾਉਦਾ ਹੁੰਦਾ ਸੀ। ਉਸ ਦੇ ਜੀਵਨ ਦੇ ਕੁਝ ਰੌਮਾਚਿਕ ਪਲ ਆਖਾਰਾ ਪਿੰਡ ਵਿਚ ਬੀਤੇ ਸਨ।ਉਸ ਤੋਂ ਬਾਅਦ ਕੁਝ ਦਿਨ ਜਰਮਨ ਮਿਸ਼ਨ ਸਕੂਲ ਵਿਚ ਸਿਖਿਆ ਗ੍ਰਹਿਣ ਕੀਤੀ। ਪਰ ਸਕੂਲਾਂ ਵਿਚ ਉਹਨਾਂ ਦੀ ਸੰਸਕ੍ਰਿਤੀ ਦਾ ਜੋ ਅਪਮਾਨ ਕੀਤਾ ਜਾਂਦਾ ਸੀ, ਉਹ ਮੁੰਡਾ ਕੋਲੋ ਸਹਿਣ ਨਹੀ ਹੋਇਆ।ਇਸ ਤੇ ਉਸ ਨੇ ਵੀ ਪਾਦਰੀਆਂ ਅਤੇ ਉਹਨਾਂ ਦੇ ਧਰਮ ਦਾ ਮਜ਼ਾਕ ਉਡਾਣਾ ਸ਼ੁਰੂ ਕਰ ਦਿੱਤਾ।ਫਿਰ ਕੀ ਸੀ,ਈਸਾਈ ਧਰਮ ਦੇ ਪ੍ਰਚਾਰਕਾਂ ਨੇ ਉਸ ਨੂੰ ਸਕੂਲ ਚੋਂ ਕੱਢ ਦਿਤਾ।
ਬਿਰਸਾ ਦੇ ਜੀਵਨ ਵਿੱਚ ਇਕ ਨਵਾ ਮੋੜ ਆਇਆ।ਉਸ ਦਾ ਸੰਪਰਕ ਸਵਾਮੀ ਆਨੰਦ ਪਾਂਡੇਂ ਨਾਲ ਹੋ ਗਿਆ, ਉਹਦੇ ਕੋਲੋ ਉਸ ਨੂੰ ਹਿੰਦੂ ਧਰਮ ਅਤੇ ਮਹਾਂਭਾਰਤ ਦੇ ਪਾਤਰਾਂ ਦਾ ਗਿਆਨ ਮਿਲਿਆ।ਇਹ ਕਿੱਥੇ ਜਾਂਦਾ ਹੈ,ਕਿਥੋਂ ਆਉਦਾ ਹੈ,ਸੰਨ 1895 ਚ ਕੁਝ ਐਸੇ ਆਲੌਚਿਕ ਤੱਥ ਸਾਹਮਣੇ ਆਏ,ਜਿਸ ਦੇ ਕਾਰਨ ਲੋਕ ਬਿਰਸਾ ਮੁੰਡਾ ਨੂੰ ਅਵਤਾਰ ਮੰਨਣ ਲੱਗੇ।ਲੋਕਾਂ ਨੂੰ ਇਹ ਵਿਸ਼ਵਾਸ਼ ਹੋ ਗਿਆ ਸੀ ਕਿ ਬਿਰਸਾ ਨੂੰ ਮਿਲਣ ਦੇ ਨਾਲ ਹੀ ਰੋਗ ਦੂਰ ਹੋ ਜਾਂਦੇ ਹਨ।ਵਰਤਮਾਨ ਭਾਰਤ ਵਿਚ ਰਾਂਚੀ ਅਤੇ ਸਿੰਘਭੂਮੀ ਦੇ ਆਦਿਵਾਸੀ ਬਿਰਸਾ ਮੁੰਡਾ ਨੂੰ ਹੁਣ ‘ਬਿਰਸਾ ਭਗਵਾਨ’ਕਹਿ ਕੇ ਯਾਦ ਕਰਦੇ ਸਨ।ਮੁੰਡਾ ਨੇ ਆਦਿਵਾਸੀਆਂ ਨੂੰ ਅੰਗਰੇਜਾਂ ਦੇ ਜੁਲਮ ਦੇ ਖਿਲਾਫ ਖੜਾ ਕਰਕੇ ਇਹ ਸਨਮਾਨ ਪ੍ਰਾਪਤ ਕੀਤਾ ਸੀ। ਉਨਵੀ ਸਦੀ ਵਿਚ ਬਿਰਸਾ ਭਾਰਤ ਸਵਤੰਤਰ ਅੰਦੋਲਨ ਦੇ ਇਤਿਹਾਸ ਵਿਚ ਇਕ ਮੁੱਖ ਕੜੀ ਸਾਬਤ ਹੋਏ ਸਨ।
ਲੋਕਾਂ ਦਾ ਬਿਰਸਾ ਮੁੰਡਾ ਦੇ ਪ੍ਰਤੀ ਬਹੁਤ ਵਿਸ਼ਵਾਸ਼ ਹੋ ਚੁੱਕਾ ਸੀ।ਇਸ ਨਾਲ ਬਿਰਸਾ ਮੁੰਡਾ ਨੂੰ ਆਪਣੇ ਪ੍ਰਭਾਵ ਵਿਚ ਬੜੌਤਰੀ ਕਰਨ ਵਿਚ ਮਦਦ ਮਿਲ ਰਹੀ ਸੀ।ਲੋਕ ਉਸ ਦੀਆਂ ਗੱਲਾਂ ਸੁਣਨ ਦੇ ਲਈ ਵੱਡੀ ਗਿਣਤੀ ਵਿਚ ਇਕੱਠੇ ਹੋਣ ਲੱਗੇ।ਬਿਰਸਾ ਜਿਥੇ ਵੀ ਬੋਲਿਆਂ ਉਥੇ ਉਸ ਨੇ ਪੁਰਾਣੇ ਰੂੜੀਵਾਦੀ, ਅਡੰਬਰਾਂ ਅਤੇ ਅੰਧ -ਵਿਸ਼ਵਾਸੀਆਂ ਦਾ ਬਹੁਤ ਖੰਡਨ ਕੀਤਾ।ਲੋਕਾਂ ਨੂੰ ਹਿੰਸਾ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ।ਉਸ ਦੀਆਂ ਗੱਲਾਂ ਦਾ ਪ੍ਰਭਾਵ ਇਹ ਹੋਇਆ ਕਿ ਈਸਾਈ ਧਰਮ ਸਵੀਕਾਰ ਕਰਨ ਵਾਲਿਆਂ ਦੀ ਗਿਣਤੀ ਘੱਟਣੀ ਸ਼ੁਰੂ ਹੋ ਗਈ। ਧਰਮ ਤਬਦੀਲ ਕਰਨ ਵਾਲੇ ਦੁਬਾਰਾ ਫਿਰ ਆਪਣੇ ਪੁਰਾਣੇ ਧਰਮ ਵਿਚ ਵਾਪਸ ਆਉਣ ਲੱਗੇ। ਉਸ ਨੇ ਨਾ ਕੇਵਲ ਆਦਿਵਾਸੀ ਸੰਸਕ੍ਰਿਤੀ ਨੂੰ ਬਲਕਿ ਭਾਰਤੀ ਸੰਸਕ੍ਰਿਤੀ ਨੂੰ ਮਜਬੂਤ ਕਰਨ ਵਿਚ ਇਕ ਮਹੱਤਵ ਪੂਰਨ ਯੋਗਦਾਨ ਪਾਇਆ।
ਬਿਰਸਾ ਮੁੰਡਾ ਨੇ ਕਿਸਾਨਾਂ ਦਾ ਸ਼ੋਸ਼ਣ ਕਰਨ ਵਾਲੇ ਉਮੀਦਵਾਰਾਂ ਦੇ ਵਿਰੁਧ ਸੰਘਰਸ਼ ਦੀ ਪ੍ਰੇਰਣਾ ਵੀ ਲੋਕਾਂ ਨੂੰ ਦਿੱਤੀ।ਉਹਨਾਂ ਐਸਾ ਸੰਘਰਸ਼ ਵਿਡਿਆ ਕਿ ਸੰਘਰਸ਼ ਇਕ ਐਸੀ ਸਥਿਤੀ ਵਿਚ ਪਹੁੰਚ ਗਿਆ ਸੀ ਕਿ ਕਿਸਾਨ ਸਮਾਜ ਮਸਲਿਆਂ ਨੂੰ ਲੈ ਕੇ ਹਾਕਮ ਸੋਚਣ ਤੇ ਮਜਬੂਰ ਹੋ ਗਏ ਸਨ,ਕਿਉਕਿ ਇਹ ਸੰਘਰਸ਼ ਕਿਸਾਨਾ ਦੀਆਂ ਹੱਕੀ ਮੰਗਾਂ ਤੇ ਹੋ ਰਿਹਾ ਸੀ।ਮੌਜੂਦਾ ਹਾਕਮ ਕਿਸਾਨੀ ਸਮਾਜ ਨੂੰ ਲੁੱਟ ਕੇ ਆਪਣੇ ਵਪਾਰ ਅਤੇ ਉਦਯੋਗਿਕ ਪੂੰਜੀ ਦਾ ਵਿਸਥਾਰ ਕਰਨਾ ਚਾਹੁੰਦੇ ਸਨ।ਉਸ ਦੀ ਇਸ ਕ੍ਰਾਤੀਕਾਰੀ ਸੋਚ ਨੂੰ ਦੇਖ ਕੇ ਬ੍ਰਿਟਿਸ਼ ਸਰਕਾਰ ਡਰ ਗਈ ਅਤੇ ਉਸ ਨੇ ਉਹਨਾਂ ਲੋਕਾਂ ਨੂੰ ਭੀੜ ਜਮ੍ਹਾਂ ਕਰਨ ਤੋਂ ਰੋਕਿਆ।ਬਿਰਸਾ ਦਾ ਕਹਿਣਾ ਸੀ ਕਿ ਮੈਂ ਤਾਂ ਆਪਣੀ ਜਾਤੀ ਨੂੰ ਆਪਣਾ ਧਰਮ ਸਿਖਾ ਰਿਹਾ ਹਾਂ।ਇਸ ਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਨ ਦਾ ਯਤਨ ਕੀਤਾ ਪਰ ਪਿੰਡ ਵਾਲਿਆਂ ਨੇ ਉਸ ਨੂੰ ਛੁਡਾ ਲਿਆ।ਉਸ ਤੋਂ ਬਾਅਦ ਜਲਦੀ ਹੀ ਦੁਬਾਰਾ ਫਿਰ ਉਸ ਨੂੰ ਗ੍ਰਿਫਤਾਰ ਕਰਕੇ ਦੋ ਸਾਲ ਲਈ ਹਜਾਰੀਬਾਗ ਜੇਲ ਭੇਜ ਦਿੱਤਾ ਗਿਆ।ਉਸ ਤੋਂ ਬਾਅਦ ਉਸ ਨੂੰ ਇਸ ਸ਼ਰਤ ਤੇ ਛੱਡਿਆ ਗਿਆ ਕਿ ਉਹ ਕੋਈ ਪ੍ਰਚਾਰ ਨਹੀ ਕਰੇਗਾ।ਪਰ ਬਿਰਸਾ ਮੁੰਡਾ ਕਿੱਥੇ ਮੰਨਣ ਵਾਲੇ ਸਨ।ਜੇਲ ਤੋਂ ਬਾਹਰ ਆਉਣ ਤੋਂ ਬਾਅਦ ਉਸ ਨੇ ਆਪਣੇ ਸਾਥੀਆਂ ਦੇ ਦੋ ਦਲ(ਟੀਮਾ) ਬਣਾਏ,ਇਕ ਦਲ ਤਾਂ ਮੁੰਡਾ ਧਰਮ ਦਾ ਪ੍ਰਚਾਰ ਕਰਨ ਲੱਗਾ ਪਿਆ ਅਤੇ ਦੂਸਰਾ ਦਲ ਸਮਾਜਿਕ ਅਤੇ ਰਾਜਨਿਤਕ ਕੰਮਾਂ ਵਿਚ ਰੁਝ ਗਿਆ।ਉਹਨਾਂ ਨੇ ਆਪਣੇ ਦਲ ਵਿਚ ਨਵੇ ਮੁੰਡਿਆਂ ਦੀ ਭਰਤੀ ਵੀ ਕੀਤੀ।ਸਰਕਾਰ ਨੇ ਫਿਰ ਉਸ ਦੇ ਗ੍ਰਿਫਤਾਰੀ ਵਰੰਟ ਕੱਢੇ ਦਿੱਤੇ,ਪਰ ਬਿਰਸਾ ਮੁੰਡਾ ਫੜ ਨਹੀ ਹੋਇਆ।ਇਸ ਬਾਰ ਉਸ ਦਾ ਅੰਦੋਲਨ ਸੰਘਰਸ਼ ਪੂਰੇ ਜੋਸ਼ ਵਿਚ ਅਧਿਕਾਰਾਂ ਦੇ ਉਦੇਸਾਂ ਨੂੰ ਲੈ ਕੇ ਅੱਗੇ ਵੱਧਦਾ ਜਾ ਰਿਹਾ ਸੀ।ਬਿਰਸਾ ਮੁੰਡਾ ਸੰਘਰਸ਼ ਕਮੇਟੀ ਵਲੋਂ ਬ੍ਰਿਟਿਸ਼ ਅਧਿਕਾਰੀਆਂ ਅਤੇ ਪਾਦਰੀਆਂ ਨੂੰ ਹਟਾ ਕੇ ਉਹਨਾਂ ਦੀ ਥਾਂ ਬਿਰਸਾ ਮੁੰਡਾ ਦੀ ਨਿਗਰਾਨੀ ਹੇਠ ਨਵੇ ਰਾਜ ਦੀ ਸਥਾਪਨਾ ਕਰਨ ਦਾ ਐਲਾਨ ਕੀਤਾ ਗਿਆ।
ਬਿਰਸਾ ਮੁੰਡਾ ਨੇ ਮਹਿਸੂਸ ਕੀਤਾ ਕਿ ਆਚਰਣ ਦੇ ਧਰਾਤਲ ਤੇ ਆਦਿਵਾਸੀ ਸਮਾਜ ਵਿਚ ਅੰਧਵਿਸਵਾਸ ਬਹੁਤ ਫੈਲਿਆ ਹੋਇਆ ਹੈ ਅਤੇ ਆਸਥਾ ਦੇ ਨਾਂ ਤੇ ਲੋਕਾਂ ਨੂੰ ਭੜਕਾਇਆ ਜਾ ਰਿਹਾ ਹੈ।ਇਹ ਵੀ ਪਤਾ ਲੱਗਾ ਹੈ ਕਿ ਸਮਾਜਿਕ ਕੁਰੀਤੀਆਂ ਤੇ ਆਡੰਬਰਾਂ ਦੇ ਗਿਆਨ ਤੋਂ ਆਦਿਵਾਸੀ ਸਮਾਜ ਨੂੰ ਕੋਹਾਂ ਦੂਰ ਰੱਖਿਆ ਜਾ ਰਿਹਾ ਹੈ, ਕਿਉਕਿ ਉਹ ਜਾਣਦੇ ਸੀ ਕਿ ਆਦਿਵਾਸੀ ਸਮਾਜ ਪੜ੍ਹਿਆ ਲਿਖਿਆ ਨਹੀ ਹੈ, ਇਹ ਗਰੀਬ ਲੋਕ ਹਨ, ਇਹ ਲੋਕ ਅੰਧਵਿਸ਼ਵਾਸ਼ੀ ਹਨ, ਬਲੀ ਪ੍ਰਥਾ ਵਿਚ ਭਰੋਸਾ ਰੱਖਦੇ ਹਨ,ਇਹਨਾਂ ਦੀਆਂ ਹੱਡੀਆਂ ਕਮਜੋਰ ਹਨ, ਇਹ ਮਾਸ ਮੱਛੀ ਖਾਣਾ ਪਸੰਦ ਕਰਦੇ ਹਨ,ਇਹ ਸਮਾਜ ਵੰਡਿਆ ਹੋਇਆ ਹੈ, ਜਲਦੀ ਹੀ ਦੂਸਰਿਆਂ ਦੇ ਝਾਂਸੇ ਵਿਚ ਆ ਜਾਂਦੇ ਹਨ।ਧਰਮ ਦੇ ਨਾਂ ਤੇ ਆਦਿਵਾਸੀ ਕਦੀ ਕਦੀ ਮਿਸ਼ਨਰੀਆਂ ਦੇ ਲਾਲਚ ਵਿਚ ਵੀ ਆ ਜਾਂਦੇ ਹਨ, ਤਾਂ ਕਦੀ ਅਡੰਬਰਾਂ ਨੂੰ ਵੀ ਭਗਵਾਨ ਮੰਨ ਲੈਦੇ ਹਨ।ਇਹਨਾਂ ਸਮੱਸਿਆਵਾਂ ਦੇ ਸਮਾਧਾਨ ਤੋਂ ਬਿੰਨਾਂ ਅਦਿਵਾਸੀ ਸਮਾਜ ਦਾ ਭਲਾ ਨਹੀ ਹੋ ਸਕਦਾ ਇਸ ਕਰਕੇ ਉਹਨਾਂ ਨੇ ਇਕ ਬਿਹਤਰ ਲੋਕਨਾਇਕ ਅਤੇ ਸਮਾਜ ਸੁਧਾਰਕ ਦਾ ਰੋਲ ਅਦਾ ਕੀਤਾ।ਅੰਗਰੇਜ਼ਾਂ ਅਤੇ ਵਿਰੋਧੀਆਂ ਦੇ ਖਿਲਾਫ ਸੰਘਰਸ਼ ਵੀ ਜਾਰੀ ਰੱਖਿਆ।ਉਹਨੂੰ ਪਤਾ ਸੀ ਕਿ ਬਿੰਨਾਂ ਧਰਮ ਦੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਆਸਾਨ ਨਹੀ ਹੈ, ਇਸ ਕਰਕੇ ਬਿਰਸਾ ਮੁੰਡਾ ਨੇ ਸਾਰੇ ਧਰਮਾ ਦੀਆਂ ਇਛਾਈਆਂ ਵਿਚੋ ਕੁੱਝ ਖਾਸ-ਖਾਸ ਕੱਢ ਲਿਆ ਅਤੇ ਆਪਣੇ ਆਦਿਵਾਸੀ ਸਮਾਜ ਨੂੰ ਉਸ ਦਾ ਪਾਲਣ ਕਰਨ ਲਈ ਪ੍ਰੇਰਿਤ ਕੀਤਾ।
ਸੰਨ 1900 ਜਨਵਰੀ  ਵਿਚ ਡੋਮਬਾੜੀ ਪਹਾੜੀ ਤੇ ਇਕ ਬਿਰਸਾ ਮੁੰਡਾ ਵਲੋਂ ਇਕ ਸੰਘਰਸ਼ ਛੇੜਿਆ ਗਿਆ ਸੰਘਰਸ਼ ਦਿਨੋ ਦਿਨ ਏਨਾ ਤੇਜ਼ ਹੁੰਦਾ ਗਿਆ ਕਿ ਸੰਘਰਸ਼ ਦੀ ਰੂਪਰੇਖਾ ਹੀ ਕੁਝ ਹੋਰ ਬਣ ਗਈ। ਹੋਰ ਬੜਾ ਤੇਜ਼ ਸੰਘਰਸ਼ ਹੋਇਆ ਸੀ ਜਿਸ ਵਿਚ ਬਹੁਤ ਸਾਰੀਆਂ ਔਰਤਾਂ ਅਤੇ ਬੱਚੇ ਮਾਰੇ ਗਏ ਸਨ।ਉਸ ਜਗ੍ਹਾ ਬਿਰਸਾ ਮੁੰਡਾ ਆਪਣੀ ਜਨਸਭਾ ਨੂੰ ਸੰਬੋਧਨ ਕਰ ਰਹੇ ਸਨ, ਬਾਅਦ ਵਿਚ ਉਹਨਾਂ ਦੇ ਕੁਝ ਸਾਥੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ।ਕੁਝ ਦਿਨਾਂ ਬਾਅਦ 3 ਜਨਵਰੀ ਸੰਨ 1900 ਨੂੰ ਬਿਰਸਾ ਨੂੰ ਵੀ ਚੱਕਰਧਰਪੁਰ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ।ਬ੍ਰਿਟਿਸ ਹਾਕੂਮਤ ਨੇ ਇਸ ਨੂੰ ਖਤਰੇ ਦਾ ਸੰਕੇਤ ਸਮਝਿਆ।ਇਸ ਕਰਕੇ ਜੇਲ ਦੇ ਅੰਦਰ ਹੀ ਅੰਗਰੇਜ਼ਾਂ ਨੇ ਬਿਰਸਾ ਮੁੰਡਾ ਨੂੰ ਹਲਕਾ ਜਹਿਰ ਦੇ ਦਿੱਤਾ,ਬਿਰਸਾ ਦੀ ਤਬੀਅਤ ਖਰਾਬ ਹੁੰਦੀ ਚਲੀ ਗਈ, ਬਾਹਰੋਂ ਕਿਸੇ ਨੂੰ ਵੀ ਮਿਲਣ ਦੀ ਆਗਿਆ ਨਹੀ ਦਿੱਤੀ ਜਾਂਦੀ, ਜੇਕਰ ਕੋਈ ਜਿਆਦਾ ਮਿਲਣ ਦੀ ਜਿੱਦ ਕਰਦਾ ਤਾਂ ਉਸ ਨੂੰ ਬਿਰਸਾ ਦੀ ਤਬੀਅਤ ਖਰਾਬ ਹੋਣ ਦਾ ਬਹਾਨਾ ਬਣਾ ਕੇ ਉਸ ਨੂੰ ਵਾਪਸ ਮੋੜ ਦਿੱਤਾ ਜਾਂਦਾ, ਥੋੜ੍ਹੇ ਕੁ ਦਿਨਾਂ ਬਾਅਦ ਹੀ 9 ਜਨਵਰੀ 1900 ਨੂੰ ਬਿਰਸਾ ਦੀ ਮੋਤ ਹੋ ਗਈ।ਪਰ ਲੋਕਾਂ ਦੇ ਦਿਲਾਂ ਅੰਦਰ ਤੇ ਦੇਸ਼ ਦੇ ਇਤਿਹਾਸ ਵਿਚ ਅੱਜ ਵੀ ਬਿਰਸਾ ਮੁੰਡਾ ਜਿਊਦਾ ਜਾਗਦਾ ਹੈ।ਬਿਹਾਰ, ਉੜੀਸਾ, ਝਾਰਖੰਡ, ਛੱਤੀਸਗੜ੍ਹ, ਪੱਛਮੀ ਬੰਗਾਲ ਸਹਿਤ ਸਮੁੱਚੇ ਦੇਸ਼ ਦੇ ਆਦਿਵਾਸੀ ਇਲਾਕਿਆਂ ਵਿਚ ਬਿਰਸਾ ਮੁੰਡਾ ਨੂੰ ਭਗਵਾਨ ਦੀ ਤਰ੍ਹਾਂ ਪੂਜਿਆ ਜਾਂਦਾ ਹੈ।
ਜਿਸ ਸਮਂੇ ਮਹਾਤਮਾ ਗਾਂਧੀ ਦੱਖਣ ਅਫਰੀਕਾ ਦੇ ਨਾਲ ਲੱਗਦੀ ਇਕ ਸਰਹੱਦ ਨੂੰ ਲੈ ਕੇ ਉਸ ਦੇ ਖਿਲਾਫ ਲੜਾਈ ਲੜਣ ਦੇ ਲਈ ਲੋਕਾਂ ਨੂੰ ਇਕਜੁੱਟ ਕਰ ਰਹੇ ਸਨ ਤਾਂ ਲਗਭਗ ਉਸੇ ਸਮ੍ਹੇਂ ਹੀ ਭਾਰਤ ਵਿਚ ਬਿਰਸਾ ਮੁੰਡਾ ਅੰਗਰੇਜਾ ਦੇ ਖਿਲਾਫ ਇਕ ਮਹੱਤਵਪੂਰਣ ਲੜਾਈ ਲੜ ਚੁੱਕੇ ਸਨ। ਗਾਂਧੀ ਤੋਂ ਲਗਭਗ ਛੇ ਸਾਲ ਛੋਟੇ ਬਿਰਸਾ ਮੁੰਡਾ ਦਾ ਜੀਵਨ ਸਿਰਫ 25 ਕੁ ਸਾਲ ਦਾ ਹੀ ਰਿਹਾ ਹੋਵੇਗਾ।ਉਹਨਾਂ ਦਾ ਸੰਘਰਸ਼ ਜੀਵਨਕਾਲ  ਵੀ ਘੱਟੋ-ਘੱਟ ਪੰਜ ਛੇ ਸਾਲ ਦਾ ਹੀ ਰਿਹਾ ਹੋਵੇਗਾ।ਪਰ ਜਿਸ ਤਰੀਕੇ ਨਾਲ ਬਿਰਸਾ ਮੁੰਡਾ ਨੇ ਅੰਗਰੇਜਾਂ ਦੇ ਨਾਲ ਲੜਾਈ ਲੜੀ, ਸੰਘਰਸ਼ ਕੀਤਾ, ਜਿਸ ਬਿਰਸਾਬਾਦ ਨੂੰ ਜਨਮ ਦਿੱਤਾ, ਉਸ ਨੇ ਬਿਰਸਾ ਨੂੰ ਅਮਰ ਕਰ ਦਿੱਤਾ, ਅੱਜ ਝਾਰਖੰਡ ਦੀ ਜੋ ਸਥਿਤੀ ਹੈ,ਆਦਿਵਾਸੀ ਸਮਾਜ ਦੀਆਂ ਜੋ ਸਮੱਸਿਆਵਾਂ ਹਨ, ਉਹਨਾਂ ਬਾਰੇ ਬਿਰਸਾ ਨੂੰ ਸੌ ਸਵਾ ਸੌ ਸਾਲ ਪਹਿਲਾਂ ਹੀ ਪਤਾ ਲੱਗ ਗਿਆ ਸੀ,ਇਸ ਤੋਂ ਪਤਾ ਲੱਗਦਾ ਹੈ ਕਿ ਬਿਰਸਾ ਮੁੰਡਾ ਕਿੰਨੇ ਦੂਰ-ਅੰਦੇਸੀ ਸਨ।ਆਜਾਦੀ ਤੋਂ ਬਾਅਦ ਅਸੀ ਬਿਰਸਾ ਮੁੰਡਾ ਦੀ ਸ਼ਹਾਦਤ ਨੂੰ ਯਾਦ ਤਾਂ ਰੱਖਿਆ ਪਰ ਅਸੀ ਉਹਨਾਂ ਵਲੋਂ ਪਾਏ ਪੂਰਣਿਆਂ ਤੇ ਚੱਲਣ ਦੀ ਬਜਾਇ ਦੂਰ ਹੁੰਦੇ ਗਏ।
ਅੱਜ ਵੀ ਦੇਸ ਦੀ ਕੁਲ ਆਬਾਦੀ ਦਾ ਲਗਭਗ ਗਿਆਰਾਂ ਪ੍ਰਤੀਸ਼ਤ ਹਿੱਸਾ ਆਦਿਵਾਸੀਆਂ ਦਾ ਹੀ ਹੈ। ਆਜਾਦੀ ਦੇ ਕਈ ਦਹਾਕੇ ਬੀਤ ਜਾਣ ਦੇ ਬਾਅਦ ਵੀ ਭਾਰਤ ਦੀ ਰਜਨੀਤੀ ਵਿਚ ਮਹੱਤਵਪੂਰਣ ਰੋਲ ਅਦਾ ਕਰਨ ਵਾਲੇ ਆਦਿਵਾਸੀ ਨੇਤਾ ਲੋਕ ਵੀ ਦੁਚਿੱਤੀ ਵਿਚ ਹਨ ਅਤੇ ਅੱਜ ਵੀ ਸਮਾਜ ਪ੍ਰਤੀ ਬਹੁਤ ਗੰਭੀਰ ਹਨ ਪਰ ਕਰ ਕੁਝ ਨਹੀ ਸਕੇ।ਆਰਥਿਕ ਸਮੱਸਿਆਵਾਂ ਕਰਕੇ ਆਦਿਵਾਸੀ ਜਨਜਾਤੀਆਂ ਦੇ ਕੁਝ ਕੁ ਵਰਗਾ ਨੂੰ ਸ਼ਹਿਰ ਦਾ ਰੁੱਖ ਕਰਨਾ ਪੈ ਰਿਹਾ ਹੈ। ਸ਼ਹਿਰ ਦੇ ਮੁਕਾਬਲੇ,ਰਹਿਣ ਸਹਿਣ,ਖਾਣ ਪੀਣ,ਰੀਤੀ ਰਿਵਾਜ ਅਤੇ ਸੰਸਕਾਰਾਂ ਵਿਚ ਆਦਿਵਾਸੀ ਬਹੁਤ ਪਿੱਛੇ ਰਹਿ ਗਏ ਹਨ,ਅੱਜ ਦੇ ਨੇਤਾ ਲੋਕ ਰਾਜਨੀਤੀ ਹੀ ਦਲਿਤ ਜਾਂ ਆਦਿਵਾਸੀ ਸ਼ਬਦ ਤੋਂ ਹੀ ਸ਼ੁਰੂ ਕਰਦੇ ਹਨ,(ਜਿਵੇਂ ਹਮ ਨੇ ਦਲਿਤਾਂ ਦੇ ਲਈ ਇਹ ਕੁਝ ਕਰ ਦੀਆ ਅਸੀ ਆਦਿਵਾਸੀਆਂ ਦੇ ਲਈ ਇਹ ਕੁਝ ਕਰ ਰਹੇ ਹਾਂ,ਸਿਰਫ ਵੋਟ ਬੈਂਕ ਬਣਾਉਣ ਵਾਸਤੇ) ਇਸ ਕਰਕੇ ਆਉਣ ਵਾਲਾ ਸਮ੍ਹਾਂ ਉਹਨਾਂ ਦੇ ਲਈ ਖਤਰਾ ਬਣਿਆ ਹੋਇਆ ਹੈ।ਗਰੀਬੀ,ਸਿਖਿਆ, ਬੇਰੁਜਗਾਰੀ ਦੇ ਹੁੰਦੇ ਹੋਏ ਆਦਿਵਾਸੀ ਖਾਸ ਕਰਕੇ ਉਹਨਾਂ ਦੀ ਨਵੀ ਪੀੜ੍ਹੀ ਆਪਣੀ ਸੰਸਕ੍ਰਿਤੀ ਤੋਂ ਬਹੁਤ ਦੂਰ ਹੁੰਦੀ ਜਾ ਰਹੀ ਹੈ। ਸ਼ਹਿਰ ਦੀ ਸੰਸਕ੍ਰਿਤੀ ਨੂੰ ਦੇਖਦੇ ਹੋਏ ਆਦਿਵਾਸੀ ਨੌਜਵਾਨਾਂ ਨੂੰ ਇਕ ਐਸੇ ਚੌਰਾਹੇ ਤੇ ਖੜਾ ਕਰ ਦਿੱਤਾ ਹੈ ਕਿ ਨਾ ਤਾਂ ਉਹ ਆਪਣੀ ਸੰਸਕ੍ਰਿਤੀ ਬਚਾ ਰਹੇ ਹਨ ਅਤੇ ਨਾ ਹੀ ਉਹ ਆਦਿਵਾਸੀ ਸਮਾਜ ਪੂਰੀ ਤਰ੍ਹਾਂ ਮੁੱਖਧਾਰਾ ਵਿਚ ਸਾਮਲ ਹੋ ਰਿਹਾ ਹੈ।ਅੱਜ ਦੇ ਦੌਰ ਵਿਚ ਪੂੰਜੀਪਤੀ ਸਮਾਜ ਆਪਣੇ ਸਾਰੇ ਪਾਸੇ ਇਥੌ ਤੱਕ ਕਿ ਕਿਸਾਨਾ ਦੀ ਕਿਸਾਨੀ ਤੇ, ਖੇਤਾਂ ਤੇ ਵੀ ਕਬਜ਼ਾ ਕਰ ਲੈਣਾ ਚਾਹੁੰਦੇ ਹਨ। ਜੇਕਰ ਇਹ ਸੱਭ ਹੋ ਗਿਆ ਤਾਂ ਆਦਿਵਾਸੀ ਸਮਾਜ ਸੱਭ ਪਾਸਿਓ ਖਾਲੀ ਹੋ ਜਾਵੇਗਾ, ਇਸ ਕਰਕੇ ਸੱਭ ਤੋਂ ਜਿਆਦਾ ਖਤਰਾ ਆਦਿਵਾਸੀ ਸਮਾਜ ਤੇ ਹੀ ਮੰਡਰਾ ਰਿਹਾ ਹੈ। ਇਸ ਸਮ੍ਹੇਂ ਬਿਰਸਾ ਮੁੰਡਾ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਉਹਨਾਂ ਦੀਆਂ ਸ਼ਿਖਾਵਾਂ ਅਤੇ ਉਹਨਾਂ ਦੇ ਅਦਰਸ਼ਾਂ ਨੂੰ ਜੀਵਤ ਕਰਨ ਦੀ ਮੁੱਖ ਲੋੜ ਹੈ, ਤਾਂ ਹੀ ਇਕ ਸੰਪੂਰਣ ਆਦਿਵਾਸੀ ਸਮਾਜ ਨੂੰ ਭਾਰਤ ਦੇ ਨਿਰਮਾਣ ਵਿਚ ਮਹੱਤਵ ਪੂਰਣ ਰੋਲ ਅਦਾ ਕਰਨ ਦੇ ਲਈ ਤਿਆਰ ਕੀਤਾ ਜਾ ਸਕੇਗਾ।

ਪੇਸ਼ਕਸ਼: – ਅਮਰਜੀਤ ਚੰਦਰ   ਲੁਧਿਆਣਾ – 9417600014